ਦਿੱਲੀ ਸਰਕਾਰ ਤੇ ਐੱਲਜੀ ਫਿਰ ਆਹਮੋ-ਸਾਹਮਣੇ
ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 8 ਜੂਨ
ਪੂਰਬੀ ਦਿੱਲੀ ਵਿੱਚ ਗੁਰੂ ਗੋਬਿੰਦ ਸਿੰਘ ਇੰਦਰਪ੍ਰਸਥ ਯੂਨੀਵਰਸਿਟੀ (ਜੀਜੀਐੱਸਆਈਪੀਯੂ) ਦੇ ਕੈਂਪਸ ਦਾ ਉਦਘਾਟਨ ਕਰਨ ਨੂੰ ਲੈ ਕੇ ਦਿੱਲੀ ਸਰਕਾਰ ਤੇ ਉਪ ਰਾਜਪਾਲ ਫਿਰ ਆਹਮੋ-ਸਾਹਮਣੇ ਆ ਗਏ ਹਨ। ਦਿਨ ਵੇਲੇ ਜੀਜੀਐੱਸਆਈਪੀਯੂ ਦੇ ਪੂਰਬੀ ਕੈਂਪਸ ਦਾ ਉਦਘਾਟਨ ਉਪ ਰਾਜਪਾਲ ਵੀਕੇ ਸਕਸੈਨਾ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੋਵਾਂ ਨੇ ਕੀਤਾ ਪਰ ਇਸ ਤੋਂ ਪਹਿਲਾਂ ਦੋਵਾਂ ਧਿਰਾਂ ਵਿਚਾਲੇ ਇਸ ਕੈਂਪਸ ਦਾ ਸਿਹਰਾ ਆਪਣੇ ਸਿਰ ਲੈਣ ਦੀ ਹੋੜ ਲੱਗੀ ਰਹੀ। ਦਿੱਲੀ ਦੀ ਸਿੱਖਿਆ ਮੰਤਰੀ ਆਤਿਸ਼ੀ ਨੇ ਲੰਘੇ ਮੰਗਲਵਾਰ ਨੂੰ ਇੱਕ ਪ੍ਰੈੱਸ ਕਾਨਫਰੰਸ ਵਿੱਚ ਐਲਾਨ ਕੀਤਾ ਸੀ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਵੇਂ ਕੈਂਪਸ ਦਾ ਉਦਘਾਟਨ ਕਰਨਗੇ। ਇਸ ਬਿਆਨ ਦਾ ਉਪ ਰਾਜਪਾਲ ਦੇ ਦਫਤਰ ਦੁਆਰਾ ਖੰਡਨ ਕੀਤਾ ਗਿਆ। ਦਫਤਰ ਨੇ ਇਸ ‘ਤੇ ਹੈਰਾਨੀ ਜ਼ਾਹਿਰ ਕਰਦਿਆਂ ਕਿਹਾ ਸੀ ਕਿ ਇਹ ਪਹਿਲਾਂ ਹੀ ਤੈਅ ਕੀਤਾ ਗਿਆ ਸੀ ਕਿ ਸ੍ਰੀ ਸਕਸੈਨਾ ਨਵੇਂ ਕੈਂਪਸ ਦਾ ਉਦਘਾਟਨ ਕਰਨਗੇ। ਐੱਲਜੀ ਦਫਤਰ ਅਨੁਸਾਰ ਇਹ ਜਾਣਕਾਰੀ ਨਾ ਸਿਰਫ ਮਾਰਚ 2023 ਵਿੱਚ ਫਾਈਲ ਵਿੱਚ ਰੱਖੀ ਗਈ ਸੀ ਬਲਕਿ ਮੁੱਖ ਮੰਤਰੀ ਦਫਤਰ ਨੂੰ ਵੀ ਦੱਸੀ ਗਈ ਸੀ। ਸ੍ਰੀ ਕੇਜਰੀਵਾਲ ਨੇ 23 ਮਈ ਤੋਂ 8 ਜੂਨ ਤੱਕ ਸਮਾਗਮ ਨੂੰ ਮੁੜ ਤੈਅ ਕਰਨ ਦੀ ਬੇਨਤੀ ਵੀ ਕੀਤੀ ਸੀ ਜਿਸ ਦੀ ਬੇਨਤੀ ਉਪ ਰਾਜਪਾਲ ਦਫਤਰ ਨੇ ਮੰਨ ਲਈ ਸੀ। ਉਪ ਰਾਜਪਾਲ ਦਫਤਰ ਨੇ ਕਿਹਾ ਕਿ ਕੈਂਪਸ ਦੀ ਇਮਾਰਤ ਨੂੰ ਜੀਜੀਐੱਸਆਈਪੀਯੂ ਵੱਲੋਂ ਫੰਡ ਦਿੱਤੇ ਗਏ ਸਨ। ਕੁੱਲ 387 ਕਰੋੜ ਦੀ ਲਾਗਤ ਵਿੱਚੋਂ, ਦਿੱਲੀ ਸਰਕਾਰ ਦਾ ਹਿੱਸਾ 41 ਕਰੋੜ ਸੀ ਜੋ ਤਿੰਨ ਕਿਸ਼ਤਾਂ ਵਿੱਚ ਅਦਾ ਕੀਤਾ ਗਿਆ ਸੀ। ਉਪ ਰਾਜਪਾਲ ਦਫ਼ਤਰ ਦੇ ਬਿਆਨ ਦੇ ਜਵਾਬ ਵਿੱਚ ਆਤਿਸ਼ੀ ਨੇ ਦਲੀਲ ਦਿੱਤੀ ਕਿ ਕੇਜਰੀਵਾਲ ਸਰਕਾਰ ਪਿਛਲੇ ਅੱਠ ਸਾਲਾਂ ਵਿੱਚ ਸਿੱਖਿਆ, ਉੱਚ ਸਿੱਖਿਆ ਤੇ ਤਕਨੀਕੀ ਸਿੱਖਿਆ ਦੇ ਖੇਤਰ ‘ਚ ਲਗਨ ਨਾਲ ਕੰਮ ਕਰ ਰਹੀ ਹੈ। ਆਤਿਸ਼ੀ ਨੇ ਦਾਅਵਾ ਕੀਤਾ ਕਿ ਜੀਜੀਐੱਸਆਈਪੀਯੂ ਕੈਂਪਸ ਤਿੰਨ ਰਾਜ ਯੂਨੀਵਰਸਿਟੀ ਕੈਂਪਸਾਂ ਦਾ ਹਿੱਸਾ ਹੈ ਜੋ ਕੇਜਰੀਵਾਲ ਸਰਕਾਰ ਟਰਾਂਸ-ਯਮੁਨਾ ਖੇਤਰ ਵਿੱਚ ਵਿਕਸਤ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਜਾਣਕਾਰੀ ਜਨਤਕ ਹੈ ਕਿ ਜੀਜੀਐੱਸਆਈਪੀਯੂ ਕੈਂਪਸ ਮਨੀਸ਼ ਸਿਸੋਦੀਆ ਦੀ ਸੋਚ ਤੇ ਸੁਪਨਮਈ ਪ੍ਰਾਜੈਕਟ ਸੀ।
ਕੇਜਰੀਵਾਲ ਤੇ ਮੋਦੀ ਦੇ ਹੱਕ ‘ਚ ਨਾਅਰੇ ਲੱਗੇ
ਸਮਾਗਮ ਦੌਰਾਨ ਅਰਵਿੰਦ ਕੇਜਰੀਵਾਲ ਜਦੋਂ ਭਾਸ਼ਣ ਦੇਣ ਲੱਗੇ ਤਾਂ ‘ਮੋਦੀ-ਮੋਦੀ’ ਦੇ ਨਾਅਰੇ ਲੱਗਣ ਲੱਗ ਪਏ। ਕੇਜਰੀਵਾਲ ਨੇ ਨਾਅਰੇ ਮਾਰਨ ਵਾਲਿਆਂ ਨੂੰ ਜਵਾਬ ਦਿੱਤਾ ਕਿ ਜੇਕਰ ਇਨ੍ਹਾਂ ਨਾਅਰਿਆਂ ਨਾਲ ਸਿੱਖਿਆ ਪ੍ਰਬੰਧ ਸੁਧਰ ਸਕਦਾ ਤਾਂ 70 ਸਾਲਾਂ ਦੌਰਾਨ ਸੁਧਰ ਜਾਂਦਾ। ਉਨ੍ਹਾਂ ਕਿਹਾ, ‘ਮੇਰਾ ਪੰਜ ਮਿੰਟ ਭਾਸ਼ਣ ਸੁਣ ਲੈਣਾ। ਪਸੰਦ ਨਾ ਆਏ ਤਾਂ ਨਾਅਰੇ ਲਾ ਲੈਣਾ। ਪਸੰਦ ਨਾ ਆਏ ਤਾਂ ਮੇਰੀ ਗੱਲ ਛੱਡ ਦੇਣਾ।’ ਇਸ ਮਗਰੋਂ ਉਪ ਰਾਜਪਾਲ ਭਾਸ਼ਣ ਦੇਣ ਲੱਗੇ ਤਾਂ ‘ਕੇਜਰੀਵਾਲ-ਕੇਜਰੀਵਾਲ’ ਦੇ ਨਾਅਰੇ ਲੱਗਣ ਲੱਗ ਪਏ। ਇਸ ‘ਤੇ ਉੱਪ ਰਾਜਪਾਲ ਵੀਕੇ ਸਕਸੈਨਾ ਨੇ ਤਨਜ਼ ਕੀਤਾ ਕਿ ਇੱਥੇ ਸਿੱਖਿਆ ਦੀ ਕਮੀ ਹੈ। ਇਹ ਸਿੱਖਿਆ ਦਾ ਮੰਦਰ ਹੈ ਤੇ ਇਸ ਦੀ ਮਰਿਆਦਾ ਕਾਇਮ ਰੱਖਣੀ ਚਾਹੀਦੀ ਹੈ।