🔴Live Delhi Election Results: ਦਿੱਲੀ ’ਚੋਂ ‘ਆਪ’ ਹੋਈ ਸਾਫ਼, ਭਾਜਪਾ ਦੀ 27 ਸਾਲਾਂ ਬਾਅਦ ਸੱਤਾ ਵਿਚ ਵਾਪਸੀ
ਨਵੀਂ ਦਿੱਲੀ, 8 ਫਰਵਰੀ
Delhi Election Results:
ਦਿੱਲੀ ਦੀ ਸੱਤਾ ਵਿਚੋਂ ਆਮ ਆਦਮੀ ਪਾਰਟੀ (ਆਪ) ਸਾਫ਼ ਹੋ ਗਈ ਹੈ ਅਤੇ ਭਾਰਤੀ ਜਨਤਾ ਪਾਰਟੀ ਨੇ ਚੋਣਾਂ ਜਿੱਤ ਕੇ ਬਹੁਮਤ ਹਾਸਲ ਕਰ ਲਿਆ ਹੈ। ਪਾਰਟੀ ਨੇ 27 ਸਾਲਾਂ ਬਾਅਦ ਦਿੱਲੀ ਦੀ ਸੱਤਾ ਵਿਚ ਵਾਪਸੀ ਕੀਤੀ ਹੈ। ਚੋਣ ਕਮਿਸ਼ਨ ਤੋਂ ਪ੍ਰਾਪਤ ਵੇਰਵਿਆਂ ਮੁਤਾਬਕ ਭਾਜਪਾ ਨੇ ਦਿੱਲੀ ਵਿਧਾਨ ਸਭਾ ਦੀਆਂ 70 ਵਿੱਚੋਂ 38 ਸੀਟਾਂ ਜਿੱਤੀ ਲਈਆਂ ਹਨ।
ਇਸ ਤੋਂ ਇਲਾਵਾ ਭਗਵਾ ਪਾਰਟੀ 10 ਹੋਰ ਸੀਟਾਂ 'ਤੇ ਗਿਣਤੀ ਵਿਚ ਅੱਗੇ ਵੀ ਚੱਲ ਰਹੀ ਹੈ। ਦੂਜੇ ਪਾਸੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ 'ਆਪ' ਨੇ 17 ਸੀਟਾਂ ਜਿੱਤ ਲਈਆਂ ਹਨ ਅਤੇ ਪਾਰਟੀ ਪੰਜ ਹੋਰ 'ਤੇ ਅੱਗੇ ਹੈ। ਕਾਂਗਰਸ ਦਾ ਵੀ ਦਿੱਲੀ ਚੋਣਾਂ ਵਿਚ ਬੁਰੀ ਤਰ੍ਹਾਂ ਸਫ਼ਾਇਆ ਹੋ ਗਿਆ ਹੈ।
ਪਾਰਟੀ ਦੀ ਜਿੱਤ ਕਾਰਨ ਪਾਰਟੀ ਹਮਾਇਤੀਆਂ ਵੱਲੋਂ ਇਥੇ ਦਿੱਲੀ ਭਾਜਪਾ ਦੇ ਮੁੱਖ ਦਫ਼ਤਰ ਅੱਗੇ ਜ਼ੋਰਦਾਰ ਜਸ਼ਨ ਮਨਾਏ ਜਾ ਰਹੇ ਹਨ। ਇਸ ਮੌਕੇ ਭਾਜਪਾ ਹਮਾਇਤੀ ਢੋਲ ਦੇ ਡੱਗੇ ਉਤੇ ਨੱਚ ਰਹੇ ਸਨ ਤੇ ਪਾਰਟੀ ਦੇ ਝੰਡੇ ਲਹਿਰਾ ਰਹੇ ਸਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੋਣ ਨਤੀਜਿਆਂ ਉਤੇ ਟਿੱਪਣੀ ਕਰਦਿਆਂ ਇਸ ਨੂੰ ‘ਵਿਕਾਸ ਤੇ ਸੁਸ਼ਾਸਨ ਦੀ ਜਿੱਤ’ ਕਰਾਰ ਦਿੱਤਾ ਹੈ। ਸੋਸ਼ਲ ਮੀਡੀਆ ਪਲੈਟਫਾਰਮ ਐਕਸ ਉਤੇ ਪਾਈ ਇਕ ਪੋਸਟ ਵਿਚ ਉਨ੍ਹਾਂ ਕਿਹਾ, ‘‘ਅਸੀਂ ਦਿੱਲੀ ਦੇ ਸਰਵਪੱਖੀ ਵਿਕਾਸ ਲਈ ਕੋਈ ਕਸਰ ਨਹੀਂ ਛੱਡਾਂਗੇ।’’
2:30 ਵਜੇ ਦਿੱਲੀ ਵਿਧਾਨ ਸਭਾ ਚੋਣਾਂ ਲਈ ਸ਼ਨਿੱਚਰਵਾਰ ਨੂੰ ਜਾਰੀ ਵੋਟਾਂ ਦੀ ਗਿਣਤੀ ਦੇ ਆਏ ਰੁਝਾਨਾਂ ਤੋਂ ਹੁਣ ਲਗਪਗ ਸਪੱਸ਼ਟ ਹੋ ਗਿਆ ਹੈ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) 27 ਸਾਲ ਬਾਅਦ ਦਿੱਲੀ ਦੀ ਸੱਤਾ ਵਿੱਚ ਵਾਪਸੀ ਕਰਨ ਜਾ ਰਹੀ ਹੈ। ਆਮ ਆਦਮੀ ਪਾਰਟੀ (ਆਪ) ਦੇ ਆਗੂ ਅਰਵਿੰਦ ਕੇਜਰੀਵਾਲ ਅਤੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਸਮੇਤ ਕਈ ਹੋਰ ਪ੍ਰਮੁੱਖ ਆਗੂ ਵੀ ਚੋਣ ਹਾਰ ਗਏ ਹਨ। ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਨੇ ਭਾਜਪਾ ਉਮੀਦਵਾਰ ਰਮੇਸ਼ ਬਿਧੂੜੀ ਨੂੰ ਹਰਾਇਆ ਹੈ।
ਕੇਜਰੀਵਾਲ ਨੇ ਭਾਜਪਾ ਨੂੰ ਵਧਾਈ ਦਿੱਤੀ ਅਤੇ ਆਮ ਆਦਮੀ ਪਾਰਟੀ ਲਈ ਮਿਹਨਤ ਕਰਨ ਵਾਲੇ ਵਰਕਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ, ਮੈਨੂੰ ਆਸ ਹੈ ਕਿ ਭਾਜਪਾ ਲੋਕਾਂ ਦੀਆਂ ਆਸਾਂ ’ਤੇ ਖਰੀ ਉਤਰੇਗੀ। ਦਿੱਲੀ ਮੁੱਖ ਮੰਤਰੀ ਆਤਿਸ਼ੀ ਨੇ ਕਿਹਾ, ‘‘ਇਹ ਹਾਰ ‘ਆਪ’ ਲਈ ਇਕ ਝਟਕੇ ਵਾਗ ਹੈ, ਪਰ ਸਾਨੂੰ ਲੋਕ ਫਤਵਾ ਪ੍ਰਵਾਨ ਹੈ। ਭਾਜਪਾ ਦੀ ਗੁੰਡਾਗਰਦੀ ਅਤੇ ਤਾਨਾਸ਼ਾਹੀ ਵਿਰੁੱਧ ਸਾਡੀ ਲੜਾਈ ਜਾਰੀ ਹਰੇਗੀ।’’
ਚੋਣ ਕਮਿਸ਼ਨ ਦੇ ਅੰਕੜਿਆਂ ਅਨੁਸਾਰ ਦੁਪਹਿਰ 1 ਵਜੇ ਤੱਕ ਆਏ ਰੁਝਾਨਾਂ ਵਿੱਚ ਭਾਜਪਾ ਦਿੱਲੀ ਦੀਆਂ 70 ਵਿੱਚੋਂ 47 ਸੀਟਾਂ ’ਤੇ ਫੈਸਲਾਕ ਰੂਪ ਵਿੱਚ ਬਹੁਮਤ ਵੱਲ ਵਧਦੀ ਹੋਈ ਦਿਖਾਈ ਦੇ ਰਹੀ ਹੈ ਜਦ ਕਿ ਆਪ 23 ਸੀਟਾਂ 'ਤੇ ਸਿਮਟਣ ਦੀ ਕਗਾਰ 'ਤੇ ਹੈ। ਪੀਟੀਆਈ
11:50 ਵਜੇ: ਸ਼ੁਰੂਆਤੀ ਰੁਝਾਨਾਂ ਦੇ ਨਤੀਜੇ ਦੇਖਦਿਆਂ ਸਮਾਜਿਕ ਕਾਰਕੁਨ ਅੰਨਾ ਹਜ਼ਾਰੇ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ‘ਆਪ’ ਨੂੰ ਸ਼ਰਾਬ ਦੀ ਦੁਕਾਨ ਦੇ ਮੁੱਦੇ ਕਾਰਨ ਆਈ ਦਿੱਕਤ। ਉਨ੍ਹਾਂ ਕਿਹਾ ਕਿ ਕੇਜਰੀਵਾਲ ਪੈਸੇ ਅਤੇ ਸ਼ਰਾਬ ਚੱਕਰਾਂ ਵਿਚ ਫਸ ਗਏ ਹਨ। ਉਧਰ ਦਿਲੀ ਮਹਿਲਾ ਕਮਿਸ਼ਨ ਦੀ ਸਾਬਕਾ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਕਿਹਾ ਟਵੀਟ ਕਰਦਿਆਂ ਦਰੋਪਦੀ ਦੇ ਚੀਰਹਰਨ ਦੀ ਤਸਵੀਰ ਸਾਂਝੀ ਕੀਤੀ ਹੈ।
11:15 ਵਜੇ: ਭਾਜਪਾ ਦੇ ਹੈੱਡਕੁਆਰਟਰ ਵਿੱਚ ਜਸ਼ਨਾਂ ਦੀਆਂ ਤਸਵੀਰਾ ਆਉਣੀਆਂ ਸ਼ੁਰੂ ਹੋ ਗਈਆਂ ਹਨ ਕਿਉਂਕਿ ਤਾਜ਼ਾ ਗਿਣਤੀ ਦੇ ਰੁਝਾਨਾਂ ਵਿੱਚ ਭਾਜਪਾ 26 ਸਾਲਾਂ ਤੋਂ ਵੱਧ ਸਮੇਂ ਬਾਅਦ ਇੱਕ ਫੈਸਲਾਕੁੰਨ ਫਰਕ ਨਾਲ ਕੌਮੀ ਰਾਜਧਾਨੀ ਵਿੱਚ ਸੱਤਾ ਵਿੱਚ ਵਾਪਸੀ ਕਰਦੀ ਦਿਖਾਈ ਦੇ ਰਹੀ ਹੈ। ਭਾਜਪਾ ਸਮਰਥਕਾਂ ਨੇ ਢੋਲ ’ਤੇ ਭੰਗੜਾ ਪਾਉਂਦਿਆਂ ਦੇ ਚੋਣ ਨਿਸ਼ਾਨ ਕਮਲ ਦੀਆਂ ਤਖ਼ਤੀਆਂ ਨੂੰ ਫੜ ਕੇ ਹੋਲੀ ਖੇਡਣੀ ਸ਼ੁਰੂ ਕਰ ਦਿੱਤੀ।
ਦਿੱਲੀ ਦੇ ਭਾਜਪਾ ਪ੍ਰਧਾਨ ਵਰਿੰਦਰ ਸਚਦੇਵਾ ਨੇ ਕੌਮੀ ਰਾਜਧਾਨੀ ਵਿਚ ਸਰਕਾਰ ਬਣਾਉਣ ਲਈ ਪਾਰਟੀ ਦੇ ਭਰੋਸੇ ਦੀ ਪੁਸ਼ਟੀ ਕੀਤੀ। ਉਨ੍ਹਾਂ ਕਿਹਾ ਕਿ ਦਿੱਲੀ ਦਾ ਅਗਲਾ ਮੁੱਖ ਮੰਤਰੀ ਭਾਜਪਾ ਦਾ ਹੋਵੇਗਾ ਅਤੇ ਕਿਹਾ ਕਿ ਕੇਂਦਰੀ ਲੀਡਰਸ਼ਿਪ ਤੈਅ ਕਰੇਗੀ ਕਿ ਇਹ ਕੌਣ ਹੋਵੇਗਾ। ਪੀਟੀਆਈ
ਸਵੇਰ 11:00 ਵਜੇ: ਦਿੱਲੀ ਦੇ 70 ਵਿਧਾਨ ਸਭਾ ਹਲਕਿਆਂ ਲਈ ਵੋਟਾਂ ਦੀ ਗਿਣਤੀ ਦਾ ਅਮਲ ਜਾਰੀ ਹੈ। ਸ਼ੁਰੂਆਤੀ ਰੁਝਾਨਾਂ ਵਿਚ ਭਾਜਪਾ ਉਮੀਦਵਾਰ 42 ਸੀਟਾਂ ’ਤੇੇ ਅੱਗੇ ਹਨ। ‘ਆਪ’ ਨੇ 28 ਸੀਟਾਂ ਤੇ ਕਾਂਗਰਸ ਨੇ ਇਕ ਸੀਟ ’ਤੇ ਲੀਡ ਬਣਾਈ ਹੋਈ ਹੈ। ਮੁੱਖ ਮੰਤਰੀ ਆਤਿਸ਼ੀ ਕਾਲਕਾਜੀ ਸੀਟ, ਤੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਜੰਗਪੁਰਾ ਸੀਟਾਂ ਤੋਂ ਲਗਾਤਾਰ ਪਿੱਛੇ ਚੱਲ ਰਹੇ ਹਨ। ਭਾਜਪਾ ਉਮੀਦਵਾਰਾਂ ਵਿਚੋਂ ਪਰਵੇਸ਼ ਵਰਮਾ (ਨਵੀਂ ਦਿੱਲੀ ਹਲਕੇ), ਅਰਵਿੰਦਰ ਲਵਲੀ (ਗਾਂਧੀ ਨਗਰ), ਮਨਜਿੰਦਰ ਸਿੰਘ ਸਿਰਸਾ (ਰਾਜੌਰੀ ਗਾਰਡਨ), ਤਰਵਿੰਦਰ ਸਿੰਘ ਮਰਵਾਹਾ (ਜੰਗਪੁਰਾ) ਤੋਂ ਅੱਗੇ ਹਨ। ਆਪ ਆਗੂ ਅਵਧ ਔਝਾ ਹੁਣ ਤੱਕ ਦੀ ਗਿਣਤੀ ਦੌਰਾਨ ਪਿੱਛੇ ਚੱਲ ਰਹੇ ਹਨ।
ਸਵੇਰ 10:00 ਵਜੇ: ਸ਼ਨਿੱਚਰਵਾਰ ਨੂੰ ਕੌਮੀ ਰਾਜਧਾਨੀ ਦੀਆਂ 19 ਥਾਵਾਂ 'ਤੇ ਸਖਤ ਸੁਰੱਖਿਆ ਵਿਚਕਾਰ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਦਿੱਲੀ ਦੇ ਮੁੱਖ ਚੋਣ ਅਧਿਕਾਰੀ ਐਲਿਸ ਵਾਜ਼ ਨੇ ਕਿਹਾ ਕਿ 5,000 ਕਰਮਚਾਰੀ ਜਿਨ੍ਹਾਂ ਵਿੱਚ ਗਿਣਤੀ ਸੁਪਰਵਾਈਜ਼ਰ ਅਤੇ ਸਹਾਇਕ, ਮਾਈਕ੍ਰੋ-ਆਬਜ਼ਰਵਰ ਅਤੇ ਪ੍ਰਕਿਰਿਆ ਲਈ ਸਿਖਲਾਈ ਪ੍ਰਾਪਤ ਸਹਾਇਕ ਸਟਾਫ ਸ਼ਾਮਲ ਹਨ, ਨੂੰ ਅਭਿਆਸ ਲਈ ਤਾਇਨਾਤ ਕੀਤਾ ਗਿਆ।
ਕੰਡਕਟ ਆਫ ਇਲੈਕਸ਼ਨ ਰੂਲਜ਼ ਅਨੁਸਾਰ ਪਹਿਲਾਂ ਪੋਸਟਲ ਬੈਲਟ ਦੀ ਗਿਣਤੀ ਕੀਤੀ ਜਾਵੇਗੀ ਅਤੇ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈਵੀਐਮ) ਵਿੱਚ ਦਰਜ ਵੋਟਾਂ ਦੀ ਗਿਣਤੀ ਦੀ ਪ੍ਰਕਿਰਿਆ 30 ਮਿੰਟ ਬਾਅਦ ਸ਼ੁਰੂ ਹੋਈ। ਇਸ ਤੋਂ ਬਾਅਦ ਪੋਸਟਲ ਬੈਲਟ ਅਤੇ ਈਵੀਐਮ ਰਾਹੀਂ ਪਈਆਂ ਵੋਟਾਂ ਦੀ ਗਿਣਤੀ ਨਾਲੋ-ਨਾਲ ਜਾਰੀ ਰਹੇਗੀ।
ਦਿੱਲੀ ਵਿੱਚ 1.55 ਕਰੋੜ ਯੋਗ ਵੋਟਰਾਂ ਦੇ ਨਾਲ 5 ਫਰਵਰੀ ਨੂੰ ਹੋਈਆਂ ਚੋਣਾਂ ਵਿੱਚ 60.54 ਪ੍ਰਤੀਸ਼ਤ ਵੋਟਿੰਗ ਦਰਜ ਕੀਤੀ ਗਈ ਸੀ। ਅਧਿਕਾਰੀ ਨੇ ਦੱਸਿਆ ਕਿ ਹਰੇਕ ਕੇਂਦਰ ’ਤੇ ਅਰਧ ਸੈਨਿਕ ਬਲਾਂ ਦੀਆਂ ਦੋ ਕੰਪਨੀਆਂ ਸਮੇਤ 10,000 ਪੁਲੀਸ ਕਰਮਚਾਰੀਆਂ ਦੇ ਨਾਲ ਤਿੰਨ-ਪੱਧਰੀ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ।
'ਆਪ' ਦੀ ਜਿੱਤ ਦਿੱਲੀ 'ਚ ਕੇਜਰੀਵਾਲ ਦਾ ਦਬਦਬਾ ਮੁੜ ਸਥਾਪਿਤ ਕਰੇਗੀ ਅਤੇ ਕੌਮੀ ਪੱਧਰ ’ਤੇ ਉਸ ਦੇ ਸਿਆਸੀ ਕੱਦ ਨੂੰ ਵਧਾਏਗੀ। ਹਾਲਾਂਕਿ ਭਾਜਪਾ ਦੀ ਜਿੱਤ ਨਾ ਸਿਰਫ ਭਗਵਾ ਪਾਰਟੀ ਨੂੰ 26 ਸਾਲਾਂ ਤੋਂ ਵੱਧ ਸਮੇਂ ਬਾਅਦ ਰਾਸ਼ਟਰੀ ਰਾਜਧਾਨੀ ਵਿੱਚ ਸੱਤਾ ਵਿੱਚ ਵਾਪਸ ਕਰੇਗੀ ਬਲਕਿ 'ਆਪ' ਅਤੇ ਦਿੱਲੀ 'ਤੇ ਕੇਜਰੀਵਾਲ ਦੀ ਪਕੜ ਨੂੰ ਵੀ ਤੋੜ ਦੇਵੇਗੀ। 1998 ਤੋਂ 2013 ਤੱਕ ਦਿੱਲੀ ’ਤੇ ਸ਼ਾਸਨ ਕਰਨ ਵਾਲੀ ਕਾਂਗਰਸ ਪਿਛਲੀਆਂ ਦੋ ਚੋਣਾਂ 'ਚ ਇਕ ਵੀ ਸੀਟ ਜਿੱਤਣ 'ਚ ਅਸਫਲ ਰਹਿਣ ਤੋਂ ਬਾਅਦ ਵਾਪਸੀ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਪੀਟੀਆਈ