ਸੀਵਰੇਜ ਦੇ ਪਾਣੀ ਵਿਚ ਡਿੱਗਣ ਕਾਰਨ ਔਰਤ ਦੀ ਮੌਤ
ਪੱਤਰ ਪ੍ਰੇਰਕ
ਜਲੰਧਰ, 25 ਅਗਸਤ
ਇਥੋਂ ਦੇ ਮਨਜੀਤ ਨਗਰ ਦੀ ਸੜਕ ’ਤੇ ਜਮ੍ਹਾਂ ਹੋਏ ਸੀਵਰੇਜ ਦੇ ਪਾਣੀ ਵਿਚ ਪੈਰ ਸਲਿਪ ਹੋਣ ਕਾਰਨ ਇੱਕ ਔਰਤ ਡਿੱਗ ਗਈ, ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਪ੍ਰਾਈਵੇਟ ਫੈਕਟਰੀ ਤੋਂ ਕੰਮ ਕਰਕੇ ਘਰ ਵਾਪਸ ਆ ਰਹੀ ਨੀਰੂ ਜਦ ਵਿਧਾਇਕ ਸ਼ੀਤਲ ਅੰਗੁਰਾਲ ਅਤੇ ਐਮਪੀ ਸੁਸ਼ੀਲ ਰਿੰਕੂ ਦੇ ਘਰ ਦੇ ਨੇੜੇ ਪਹੁੰਚੀ ਤਾਂ ਤਿੰਨ ਮਹੀਨੇ ਤੋਂ ਗਲੀ ਵਿਚ ਜਮ੍ਹਾਂ ਹੋਏ ਸੀਵਰੇਜ ਦੇ ਪਾਣੀ ਵਿਚ ਉਸ ਦਾ ਪੈਰ ਸਲਿੱਪ ਹੋ ਗਿਆ ਤੇ ਉਹ ਉਥੇ ਹੀ ਡਿੱਗ ਗਈ ਜਿਸ ਕਾਰਨ ਉਸ ਦੇ ਸਿਰ ’ਤੇ ਸੱਟ ਲੱਗੀ ਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਿਸ ਤੋਂ ਬਾਅਦ ਮੁਹੱਲੇ ਵਾਲਿਆਂ ਨੇ ਨਗਰ ਨਿਗਮ ਤੇ ਵਿਧਾਇਕ ਵਿਰੁੱਧ ਰੋਸ ਪ੍ਰਗਟ ਕੀਤਾ। ਮੁਹੱਲੇ ਵਾਲਿਆਂ ਨੇ ਦੱਸਿਆ ਕਿ ਉਨ੍ਹਾਂ ਦੇ ਮੁਹੱਲੇ ਵਿਚ ਸੀਵਰੇਜ 3 ਮਹੀਨੇ ਪਹਿਲਾਂ ਜਾਮ ਹੋਇਆ ਸੀ ਪਰ ਉਥੇ ਜਮ੍ਹਾਂ ਪਾਣੀ ਨਿਗਮ ਵਲੋਂ ਸਾਫ ਨਹੀਂ ਕੀਤਾ ਗਿਆ ਜਿਸ ਬਾਰੇ ਨਗਮ ਨਿਗਮ ਦੇ ਅਧਿਕਾਰੀਆਂ, ਸ਼ੀਤਲ ਅੰਗੁਰਾਲ ਅਤੇ ਐਮਪੀ ਸੁਸ਼ੀਲ ਰਿੰਕੂ ਨੂੰ ਸ਼ਿਕਾਇਤ ਵੀ ਕੀਤੀ ਸੀ ਪਰ ਉਨ੍ਹਾਂ ਦੀ ਸ਼ਿਕਾਇਤ ਬਾਰੇ ਕਿਸੇ ਨੇ ਵੀ ਸੁਣਵਾਈ ਨਹੀਂ ਕੀਤੀ ਜਿਸ ਦਾ ਨਤੀਜਾ ਮ੍ਰਿਤਕ ਦਾ ਪਰਿਵਾਰ ਭੁਗਤ ਰਿਹਾ ਹੈ।