ਪੱਤਝੜ ਰੁੱਤ ਦੇ ਕਮਾਦ ਦੀ ਕਾਸ਼ਤ
ਪਰਮਿੰਦਰ ਸਿੰਘ ਸੰਧੂ ਅਤੇ ਨਵਜੋਤ ਸਿੰਘ ਬਰਾੜ*
ਪੰਜਾਬ ਵਿੱਚ ਝੋਨੇ ਹੇਠਲਾ ਰਕਬਾ ਇਸ ਸਾਲ 31 ਲੱਖ ਹੈਕਟੇਅਰ ਨੂੰ ਵੀ ਪਾਰ ਕਰ ਗਿਆ ਹੈ। ਕਣਕ ਝੋਨੇ ਦੇ ਫ਼ਸਲੀ ਚੱਕਰ ਨੇ ਸਾਡੇ ਸਾਹਮਣੇ ਕਈ ਗੰਭੀਰ ਸਮੱਸਿਆਵਾਂ ਖੜ੍ਹੀਆਂ ਕਰ ਦਿੱਤੀਆਂ ਹਨ। ਸਾਡੇ ਵਾਤਾਵਰਨ ਦਾ ਸੰਤੁਲਨ ਲਗਾਤਾਰ ਵਿਗੜ ਰਿਹਾ ਹੈ। ਧਰਤੀ ਹੇਠਲੇ ਪਾਣੀ ਦਾ ਪੱਧਰ ਥੱਲੇ ਜਾ ਰਿਹਾ ਹੈ। ਇਸ ਲਈ ਹੁਣ ਸਾਨੂੰ ਝੋਨੇ ਹੇਠੋ ਰਕਬਾ ਘਟਾ ਕੇ ਦੂਜੀਆਂ ਫ਼ਸਲਾਂ ਥੱਲੇ ਵਧਾਉਣ ਦੀ ਲੋੜ ਹੈ ਤਾਂ ਜੋ ਆਪਣੇ ਕੁਦਰਤੀ ਸੋਮਿਆਂ ਦੀ ਸੰਭਾਲ ਕੀਤੀ ਜਾ ਸਕੇ। ਪੰਜਾਬ ਵਿੱਚ ਜ਼ਿਆਦਾਤਰ ਬਹਾਰ ਰੁੱਤ ਦੇ ਕਮਾਦ ਦੀ ਕਾਸ਼ਤ ਕੀਤੀ ਜਾਂਦੀ ਹੈ ਪਰ ਸਾਉਣੀ ਦੀਆਂ ਫ਼ਸਲਾਂ ਤੋਂ ਬਾਅਦ ਪੱਤਝੜ ਰੁੱਤ ਦੇ ਕਮਾਦ ਦੀ ਕਾਸ਼ਤ ਕਰ ਕੇ ਅਤੇ ਇਸ ਵਿੱਚ ਨਾਲੋ-ਨਾਲ ਹੋਰ ਫ਼ਸਲਾਂ ਬੀਜ ਕੇ ਵੱਧ ਮੁਨਾਫ਼ਾ ਲਿਆ ਜਾ ਸਕਦਾ ਹੈ। ਅਸੀਂ ਇਸ ਲੇਖ ਵਿਚ ਪੱਤਝੜ ਰੁੱਤ ਦੇ ਕਮਾਦ ਦੀ ਕਾਸ਼ਤ ਸਬੰਧੀ ਜ਼ਰੂਰੀ ਨੁਕਤੇ ਆਪਣੇ ਪਾਠਕਾਂ ਨਾਲ ਸਾਂਝੇ ਕਰ ਰਹੇ ਹਾਂ:
ਪੱਤਝੜ ਰੁੱਤ ਦੇ ਕਮਾਦ ਲਈ ਪੰਜਾਬ ਵਿੱਚ ਸਿਫ਼ਾਰਸ਼ ਕੀਤੀਆ ਜਾਂਦੀਆਂ ਕਿਸਮਾਂ: ਸੀੳਪੀਬੀ-92, ਸੀ ੳ-118, ਸੀ ੳ ਜੇ-85 ਅਤੇ ਸੀ ੳ ਜੇ-64
ਬਿਜਾਈ ਦਾ ਸਮਾਂ: 20 ਸਤੰਬਰ ਤੋਂ 20 ਅਕਤੂਬਰ ਤੱਕ
ਬੀਜ ਦੀ ਮਾਤਰਾ: 30-35 ਕੁਇੰਟਲ ਪ੍ਰਤੀ ਏਕੜ
ਬੀਜ ਦੀ ਚੋਣ: ਬਿਜਾਈ ਲਈ ਗੰਨੇ ਦਾ ਉੱਪਰਲਾ ਦੋ ਤਿਹਾਈ ਹਿੱਸਾ ਹੀ ਵਰਤੋ। ਬੀਜ ਰੱਤਾ ਰੋਗ, ਛੋਟੀਆਂ ਪੋਰੀਆਂ ਦਾ ਰੋਗ ਅਤੇ ਕਾਂਗਿਆਰੀ ਤੋਂ ਬਚਿਆ ਹੋਵੇ।
ਬੀਜ ਦੀ ਸੋਧ: ਕਮਾਦ ਦੇ ਚੰਗੇ ਜੰਮ ਲਈ ਬਰੋਟਿਆਂ ਨੂੰ ਈਥਰਲ ਦੇ ਘੋਲ ਵਿੱਚ ਪੂਰੀ ਰਾਤ ਡੋਬਣ ਉਪਰੰਤ ਬਿਜਾਈ ਕਰੋ। ਇਹ ਘੋਲ ਬਣਾਉਣ ਲਈ 25 ਮਿਲੀਲਿਟਰ ਈਥਰਲ 39 ਐਸ. ਐਲ ਨੂੰ 100 ਲਿਟਰ ਪਾਣੀ ਵਿੱਚ ਘੋਲੋ ਜਾਂ ਗੁੱਲੀਆਂ ਨੂੰ ਬੀਜਣ ਤੋਂ ਪਹਿਲਾਂ 24 ਘੰਟੇ ਪਾਣੀ ਵਿੱਚ ਡੁਬੋ ਦੇਵੋ।
ਕੀੜੇਮਾਰ ਦਵਾਈਆਂ ਦੀ ਜ਼ਮੀਨ ਵਿੱਚ ਵਰਤੋਂ: ਫ਼ਸਲ ਨੂੰ ਸਿਉਂਕ ਤੋਂ ਬਚਾਉਣ ਲਈ 200 ਮਿਲੀਲਿਟਰ ਕੋਰਾਜਨਿ 18.5 ਐਸ ਸੀ 400 ਲਿਟਰ ਪਾਣੀ ਵਿਚ ਮਿਲਾ ਕੇ ਫੁਹਾਰੇ ਨਾਲ ਸਿਆੜਾਂ ਵਿੱਚ ਗੁੱਲੀਆਂ ਉੱਪਰ ਛਿੜਕੋ ਜਾਂ 45 ਮਿਲੀਲਿਟਰ ਇਮਿਡਾਗੋਲਡ 17.8 ਐਸ ਅ ਨੂੰ 400 ਲਿਟਰ ਪਾਣੀ ਵਿੱਚ ਘੋਲ ਕੇ ਫੁਹਾਰੇ ਨਾਲ ਗੰਨੇ ਦੀਆਂ ਕਤਾਰਾਂ ਦੇ ਨਾਲ ਪਾਉ।
ਬਿਜਾਈ ਦਾ ਢੰਗ ਅਤੇ ਫ਼ਾਸਲਾ: ਕਮਾਦ ਨੂੰ ਰਿਜਰ ਨਾਲ ਸਿਆੜ ਕੱਢ ਕੇ ਬੀਜਿਆ ਜਾਂਦਾ ਹੈ ਅਤੇ ਕਤਾਰਾਂ ਵਿਚਲਾ ਫ਼ਾਸਲਾ 90 ਸੈਂਟੀਮੀਟਰ ਰੱਖੋ।
ਖਾਦਾਂ: ਦੋ ਕੁਇੰਟਲ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਤਿੰਨ ਬਰਾਬਰ ਹਿੱਸਿਆਂ ਵਿੱਚ ਵੰਡ ਕੇ, ਪਹਿਲਾ ਹਿੱਸਾ ਬਿਜਾਈ ਵੇਲੇ, ਦੂਜਾ ਹਿੱਸਾ ਮਾਰਚ ਦੇ ਅਖ਼ੀਰ ਵਿੱਚ ਅਤੇ ਤੀਜਾ ਹਿੱਸਾ ਅਪਰੈਲ ਦੇ ਅਖ਼ੀਰ ਵਿੱਚ ਪਾਉ। ਫਾਸਫੋਰਸ ਤੇ ਪੋਟਾਸ਼ ਤੱਤ ਮਿੱਟੀ ਪਰਖ ਦੇ ਆਧਾਰ ’ਤੇ ਪਾਉ।
ਰਸਾਇਣਕ ਦਵਾਈਆਂ ਰਾਹੀਂ ਨਦੀਨਾਂ ਦੀ ਰੋਕਥਾਮ: ਕਮਾਦ ਵਿੱਚ ਬੀਜੀ ਕਣਕ ਵਿੱਚ ਗੁੱਲੀ ਡੰਡੇ ਦੀ ਰੋਕਥਾਮ ਲਈ ਕਣਕ ਦੀ ਬਿਜਾਈ ਤੋਂ 30-35 ਦਿਨਾਂ ਬਾਅਦ ਪ੍ਰਤੀ ਏਕੜ 400 ਮਿਲੀਲਿਟਰ ਐਕਸੀਅਲ 5 ਈ ਸੀ (ਪਨਿੋਕਸਾਡਨਿ) ਜਾਂ 13 ਗ੍ਰਾਮ ਲੀਡਰ/ ਐਸ ਐਫ-10/ ਸਫਲ/ ਮਾਰਕਸਲਫੋ 75 ਡਬਲਯੂ ਜੀ (ਸਲਫੋਸਲਫੂਰਾਨ) ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ। ਜੇ ਖੇਤ ਵਿੱਚ ਚੌੜੇ ਪੱਤਿਆਂ ਵਾਲੇ ਨਦੀਨ ਹੋਣ ਤਾਂ ਕਣਕ ਦੀ ਬਿਜਾਈ ਤੋਂ 30-35 ਦਿਨਾਂ ਪਿੱਛੋਂ 10 ਗ੍ਰਾਮ ਪ੍ਰਤੀ ਏਕੜ ਐਲਗਰਿਪ/ ਐਲਗਰਿਪ ਰਾਇਲ/ ਮਾਰਕਗਰਿਪ/ਮਕੋਤੋ 20 ਡਬਲਯੂ ਪੀ (ਮੈਟਸਲਫੂਰਾਨ) 150 ਲਿਟਰ ਪਾਣੀ ਵਿੱਚ ਘੋਲ ਕੇ ਵਰਤੋ। ਜੇਕਰ ਬਟਨ ਬੂਟੀ (ਚੌੜੇ ਪੱਤੇ ਵਾਲਾ ਨਦੀਨ) ਹੋਵੇ ਤਾਂ ਕਣਕ ਦੀ ਬਿਜਾਈ ਤੋਂ 25-30 ਦਿਨਾਂ ਵਿੱਚ 20 ਗ੍ਰਾਮ ਪ੍ਰਤੀ ਏਕੜ ਏਮ/ਅਫਨਿਟੀ 40 ਡੀ ਐਫ (ਕਾਰਫੈਨਟਰਾਜੋਨ ਈਥਾਈਲ) ਨੂੰ 200 ਲਿਟਰ ਪਾਣੀ ਵਿੱਚ ਘੋਲ ਕੇ ਛਿੜਕੋ। ਇਹ ਨਦੀਨਨਾਸ਼ਕ ਸਾਰੇ ਚੌੜੇ ਪੱਤਿਆਂ ਵਾਲੇ ਨਦੀਨ ਅਤੇ ਬਟਨ ਬੂਟੀ ਦੀ ਵੀ ਰੋਕਥਾਮ ਕਰਦਾ ਹੈ ਜਿਹੜੀ ਕਿ ਐਲਗਰਿਪ/ ਐਲਗਰਿਪ ਰਾਇਲ ਮਾਰਕਗਰਿਪ/ਮਕੋਤੋ ਦੀ ਵਰਤੋਂ ਨਾਲ ਨਹੀਂ ਮਰਦੇ। ਜੇਕਰ ਕਮਾਦ ਵਿੱਚ ਕਣਕ ਵਿੱਚ ਘਾਹ ਅਤੇ ਚੌੜੇ ਪੱਤੇ ਵਾਲੇ ਨਦੀਨਾਂ ਦੀ ਇਕੱਠੀ ਸਮੱਸਿਆ ਹੋਵੇ ਤਾਂ ਪ੍ਰਤੀ ਏਕੜ 16 ਗ੍ਰਾਮ ਟੋਟਲ/ਮਾਰਕਪਾਵਰ 75 ਡਬਲਯੂ ਜੀ (ਸਲਫੋਸਲਫੂਰਾਨ ਮੈਟਸਲਫੂਰਾਨ) ਜਾਂ 160 ਗ੍ਰਾਮ ਐਟਲਾਂਟਿਸ 3.6 ਡਬਲਯੂ ਡੀ ਜੀ (ਮਿਜ਼ੋਸਲਫੂਰਾਨ ਆਇਡੋਸਲਫੂਰਾਨ) ਨੂੰ 150 ਲਿਟਰ ਪਾਣੀ ਵਿੱਚ ਮਿਲਾ ਕੇ ਕਣਕ ਦੀ ਬਿਜਾਈ ਤੋਂ 30-35 ਦਿਨਾਂ ਦੇ ਅੰਦਰ ਛਿੜਕਾਅ ਕਰੋ।
ਸਿੰਜਾਈ: ਪਹਿਲਾ ਪਾਣੀ ਬਿਜਾਈ ਤੋਂ ਇੱਕ ਮਹੀਨੇ ਬਾਅਦ ਅਤੇ ਇਸ ਪਿਛੋਂ ਫਰਵਰੀ ਤੱਕ ਤਿੰਨ ਪਾਣੀ ਲਗਾਉ। ਅਪਰੈਲ ਤੋਂ ਜੂਨ ਤੱਕ 7-12 ਦਿਨਾਂ ਦੇ ਵਕਫ਼ੇ ’ਤੇ ਲੋੜ ਅਨੁਸਾਰ ਪਾਣੀ ਦਿੰਦੇ ਰਹੋ।
ਫ਼ਸਲ ਨੂੰ ਡਿੱਗਣ ਤੋਂ ਬਚਾਉਣਾ: ਫ਼ਸਲ ਨੂੰ ਡਿੱਗਣ ਤੋਂ ਬਚਾਉਣ ਲਈ ਇਸ ਦੇ ਮੁੱਠੇ ਬੰਨ੍ਹ ਦਿਉ। ਇਸ ਤਰੀਕੇ ਨਾਲ ਇਕਹਿਰੀ ਕਤਾਰ ਦੇ ਮੁਠੇ ਬੰਨ੍ਹੋ, ਇਸ ਤਰ੍ਹਾਂ ਫ਼ਸਲ ਦਾ ਵਾਧਾ ਨਹੀਂ ਰੁਕਦਾ। ਕਦੇ ਵੀ ਦੋ ਕਤਾਰਾਂ ਨੂੰ ਇਕੱਠਾ ਨਾ ਬੰਨ੍ਹੋ ਕਿਉਂਕਿ ਦੋ ਕਤਾਰਾਂ ਦੇ ਇਕੱਠੇ ਮੁੱਠੇ ਬੰਨ੍ਹਣ ਨਾਲ ਵਧਣ ਵਿੱਚ ਰੁਕਾਵਟ ਪੈਂਦੀ ਹੈ।
ਫ਼ਸਲ ਨੂੰ ਕੋਰੇ ਤੋਂ ਬਚਾਉਣਾ: ਖਾਦਾਂ ਅਤੇ ਪਾਣੀ ਦੀ ਪੂਰੀ ਵਰਤੋਂ ਕਰ ਕੇ ਅਤੇ ਪੌਦ ਸੁਰੱਖਿਆ ਦੇ ਸਾਰੇ ਢੰਗ ਅਪਣਾ ਕੇ ਭਰਪੂਰ ਫ਼ਸਲ ਉਗਾਉ। ਮਾੜੀ ਫ਼ਸਲ ’ਤੇ ਕੋਰੇ ਦਾ ਅਸਰ ਵਧੇਰੇ ਹੁੰਦਾ ਹੈ। ਫ਼ਸਲ ਨੂੰ ਡਿੱਗਣ ਤੋਂ ਬਚਾਉ ਅਤੇ ਸਰਦੀਆਂ ਵਿੱਚ ਫ਼ਸਲ ਨੂੰ ਪਾਣੀ ਲਾਉਂਦੇ ਰਹੋ। ਸਰਦੀਆਂ ਵਿਚ ਪਾਣੀ ਲਾਉਣ ਨਾਲ ਜ਼ਮੀਨ ਗਰਮ ਰਹਿੰਦੀ ਹੈ ਤੇ ਕੋਰੇ ਤੋਂ ਬਚੀ ਰਹਿੰਦੀ ਹੈ।
ਇਨ੍ਹਾਂ ਕੁੱਝ ਗੱਲਾਂ ਨੂੰ ਧਿਆਨ ਵਿੱਚ ਰੱਖ ਕੇ ਅਸੀਂ ਪੱਤਝੜ ਰੁੱਤ ਦੇ ਕਮਾਦ ਤੋਂ ਭਰਪੂਰ ਫ਼ਾਇਦਾ ਲੈ ਸਕਦੇ ਹਾਂ ਤੇ ਆਪਣੇ ਮੁਨਾਫ਼ੇ ਵਿੱਚ ਵਾਧਾ ਕਰ ਸਕਦੇ ਹਾਂ।
*ਫਾਰਮ ਸਲਾਹਕਾਰ ਸੇਵਾ ਕੇਂਦਰ, ਤਰਨ ਤਾਰਨ।