ਮਿੰਨੀ ਕਹਾਣੀਆਂ
ਮੈਂ ਤੇ ਉਹ
ਹਰਜੀਤ ਸਿੰਘ ਭੁੱਲਰ
ਸਾਉਣ ਦੀ ਠੰਢੀ ਫੁਹਾਰ ਵਾਲੀ ਸ਼ਾਮ ਸੀ। ਹਵਾ ਵਿੱਚ ਨਮੀ ਸੀ ਤੇ ਹਿਰਦੇ ’ਚ ਕੋਈ ਅਣਕਹੀ ਬੇਚੈਨੀ। ਮੈਂ ਕਾਲਜ ਦੀ ਲਾਇਬ੍ਰੇਰੀ ਦੇ ਕੋਨੇ ਵਿੱਚ ਬੈਠਾ ਆਪਣੀ ਕਾਪੀ ’ਚ ਕੁਝ ਲਿਖ ਰਿਹਾ ਸੀ ਜਦੋਂ ਉਹ ਪਹਿਲੀ ਵਾਰ ਮੇਰੀਆਂ ਨਿਗਾਹਾਂ ਵਿੱਚ ਆਈ। ਸਾਫ਼ ਸੁਥਰਾ ਪਹਿਰਾਵਾ, ਅੱਖਾਂ ’ਚ ਖ਼ਾਸ ਚਮਕ ਤੇ ਚਾਲ ਵਿੱਚ ਅਜਿਹੀ ਨਰਮੀ ਕਿ ਹਵਾ ਵੀ ਰੁਕ ਜਾਵੇ।
ਉਹ ਮੇਰੇ ਕੋਲ ਆ ਕੇ ਬੈਠੀ ਤੇ ਹੌਲੀ ਆਖਿਆ, “ਇਹ ਕਿਤਾਬ ਤੁਸੀਂ ਪੜ੍ਹ ਰਹੇ ਹੋ?”
ਮੈਂ ਥੋੜ੍ਹਾ ਘਬਰਾਇਆ ਹੋਇਆ ਬੋਲਿਆ, “ਹਾਂ, ਪਰ ਤੁਸੀਂ ਲੈ ਸਕਦੇ ਹੋ।”
ਉਸ ਨੇ ਹੱਸ ਕੇ ਕਿਹਾ, “ਸਾਂਝੀ ਕਰ ਲਈਏ, ਦੋਵੇਂ ਪੜ੍ਹ ਲੈਂਦੇ ਹਾਂ।”
ਉਸ ਦਿਨ ਤੋਂ ਸਾਡਾ ਨਾਤਾ ਸ਼ੁਰੂ ਹੋਇਆ। ਹਰ ਰੋਜ਼ ਕਾਲਜ ਦੀ ਕੰਟੀਨ ਵਿੱਚ ਚਾਹ ਦੇ ਕੱਪ ਨਾਲ ਗੱਲਾਂ ਹੋਣ ਲੱਗੀਆਂ। ਉਹ ਕਵਿਤਾਵਾਂ ਪਸੰਦ ਕਰਦੀ ਸੀ ਤੇ ਮੈਂ ਲਿਖਣ ਵਾਲਾ। ਉਹ ਮੇਰੀ ਹਰ ਕਵਿਤਾ ਸੁਣਦੀ ਤੇ ਕਦੇ ਹੌਲੀ ਹੌਲੀ ਤਾੜੀਆਂ ਵੀ ਵਜਾ ਦਿੰਦੀ। ਮੈਨੂੰ ਲੱਗਣ ਲੱਗਿਆ ਕਿ ਮੇਰੇ ਅੰਦਰ ਲਿਖਣ ਦੀ ਜੋ ਚਮਕ ਸੀ, ਉਹ ਉਸ ਦੀ ਹੀ ਬਦੌਲਤ ਸੀ।
ਇੱਕ ਦਿਨ ਮੈਂ ਉਸ ਨੂੰ ਕਿਹਾ, “ਮੈਂ ਸੋਚਦਾ ਹਾਂ ਕਿ ਮੇਰੀ ਕਲਮ ਸਿਰਫ਼ ਤੇਰੇ ਲਈ ਹੀ ਚਲਦੀ ਹੈ।”
ਉਸ ਦੀਆਂ ਅੱਖਾਂ ਵਿੱਚ ਨਮੀ ਆ ਗਈ। ਉਹ ਬੋਲੀ, “ਮੈਂ ਵੀ ਅੱਜ ਕਹਿੰਦੀ ਹਾਂ ਕਿ ਜਦੋਂ ਤੂੰ ਆਲੇ-ਦੁਆਲੇ ਨਹੀਂ ਹੁੰਦਾ ਤਾਂ ਜ਼ਿੰਦਗੀ ਸੁੰਨੀ ਲੱਗਦੀ ਹੈ।”
ਸਾਲ ਲੰਘਦੇ ਗਏ। ਕਾਲਜ ਦੀ ਪੜ੍ਹਾਈ ਖ਼ਤਮ ਹੋ ਗਈ। ਜ਼ਿੰਦਗੀ ਦੀਆਂ ਰਾਹਾਂ ਵੱਖ-ਵੱਖ ਹੋਣ ਲੱਗੀਆਂ। ਉਹ ਇੱਕ ਸ਼ਹਿਰ ਵਿੱਚ ਨੌਕਰੀ ਲੱਗੀ, ਮੈਂ ਦੂਜੇ। ਫੋਨ ’ਤੇ ਗੱਲਾਂ ਹੁੰਦੀਆਂ, ਪਰ ਉਹ ਪਹਿਲਾਂ ਵਾਲੀ ਗੱਲ ਨਹੀਂ ਰਹੀ। ਦੂਰੀਆਂ ਨੇ ਦਿਲਾਂ ਵਿੱਚ ਵੀ ਦੂਰੀਆਂ ਪਾ ਦਿੱਤੀਆਂ।
ਇੱਕ ਰਾਤ ਮੈਂ ਬਿਲਕੁਲ ਇਕੱਲਾ ਸੀ। ਆਸਮਾਨ ’ਚ ਚੰਨ ਪੂਰਾ ਚਮਕ ਰਿਹਾ ਸੀ। ਉਸ ਦਾ ਮੈਸੇਜ ਆਇਆ:
“ਤੂੰ ਅਜੇ ਵੀ ਕਵਿਤਾਵਾਂ ਲਿਖਦਾ ਹੈਂ?”
ਮੈਂ ਲਿਖਿਆ, “ਹਾਂ, ਪਰ ਹੁਣ ਉਹ ਚਮਕ ਨਹੀਂ ਰਹੀ।”
ਉਸ ਨੇ ਜਵਾਬ ਦਿੱਤਾ, “ਕਦੇ ਆਉਣ ਦਿਓ, ਫਿਰ ਚਮਕ ਵਾਪਸ ਆ ਜਾਊਗੀ।”
ਅਗਲੇ ਹੀ ਹਫ਼ਤੇ ਮੈਂ ਉਸ ਦੇ ਸ਼ਹਿਰ ਗਿਆ। ਉਹ ਸਾਧਾਰਨ ਲਿਬਾਸ ਵਿੱਚ ਮੇਰੇ ਸਾਹਮਣੇ ਖੜ੍ਹੀ ਸੀ, ਪਰ ਅੱਖਾਂ ਵਿੱਚ ਪੁਰਾਣੀ ਜਾਦੂਈ ਚਮਕ ਸੀ। ਅਸੀਂ ਚੁੱਪ ਰਹੇ, ਪਰ ਹਿਰਦੇ ਗੱਲ ਕਰ ਰਹੇ ਸਨ। ਉਸ ਦਿਨ ਮੈਨੂੰ ਅਹਿਸਾਸ ਹੋਇਆ ਕਿ ਪਿਆਰ ਸਿਰਫ਼ ਮਿਲਣ ਦਾ ਨਾਂ ਨਹੀਂ, ਉਡੀਕ ਦਾ ਵੀ ਹੈ।
ਉਸ ਸ਼ਹਿਰ ਦੀ ਸ਼ਾਮ ਵੀ ਅਜਿਹੀ ਸੀ- ਹੌਲੀ ਹੌਲੀ ਹਵਾ ਤੇ ਹਿਰਦੇ ’ਚ ਤਾਂਘ। ਅਸੀਂ ਕੈਫ਼ੇ ਦੇ ਕੋਨੇ ਵਾਲੇ ਮੇਜ਼ ਉੱਤੇ ਬੈਠੇ, ਬਚਪਨ ਦੀਆਂ ਯਾਦਾਂ ਸਾਂਝੀਆਂ ਕਰ ਰਹੇ ਸੀ। ਉਹ ਹੱਸਦੀ ਤਾਂ ਮੈਂ ਉਸ ਦੇ ਚਿਹਰੇ ਦੀ ਰੋਸ਼ਨੀ ’ਚ ਦਿਸ ਜਾਂਦਾ।
“ਕਦੇ ਕਦੇ ਸੋਚਦੀ ਹਾਂ ਕਿ ਜੇਕਰ ਅਸੀਂ ਕਦੇ ਵੀ ਨਾ ਵਿੱਛੜਦੇ...” ਉਸ ਨੇ ਕਿਹਾ।
ਮੈਂ ਅੱਖਾਂ ਨੀਵੀਆਂ ਕਰ ਕੇ ਆਖਿਆ, “ਤਾਂ ਸ਼ਾਇਦ ਅਸੀਂ ਕਦੇ ਇਹ ਸਮਝ ਨਾ ਸਕਦੇ ਕਿ ਸਾਡੀ ਦੁਨੀਆ ਇੱਕ ਦੂਜੇ ਲਈ ਕਿੰਨੀ ਜ਼ਰੂਰੀ ਸੀ।”
ਅਸੀਂ ਫੇਰ ਮਿਲਣ ਲੱਗੇ। ਹਫ਼ਤੇ ਵਿੱਚ ਇੱਕ ਵਾਰੀ, ਕਦੇ ਮੇਰੇ ਸ਼ਹਿਰ, ਕਦੇ ਉਹਦੇ। ਕਹਾਣੀ ਨਵੀਂ ਨਹੀਂ ਸੀ, ਪਰ ਹੁਣ ਅਸੀਂ ਦੋਵੇਂ ਇਸ ਨੂੰ ਨਵਾਂ ਅਰਥ ਦੇ ਰਹੇ ਸੀ।
ਉਸ ਨੇ ਮੇਰੀ ਕਾਲੀ ਡਾਇਰੀ ਵਿੱਚ ਆਪਣਾ ਨਾਂ ਲਿਖਣ ਮਗਰੋਂ ਇਹ ਲਿਖਿਆ: “ਜਿੱਥੇ ਇਹ ਕਹਾਣੀ ਖ਼ਤਮ ਹੋਈ ਸੀ, ਓਥੇ ਅਸੀਂ ਮੁੜ ਲਿਖਣ ਆਏ ਹਾਂ।”
ਇੱਕ ਸਵੇਰ, ਮੈਂ ਉਸ ਨੂੰ ਲੈ ਕੇ ਪੁਰਾਣੀ ਲਾਇਬ੍ਰੇਰੀ ’ਚ ਗਿਆ। ਉੱਥੇ ਉਹੀ ਕੋਨਾ ਸੀ ਜਿੱਥੇ ਅਸੀਂ ਮਿਲੇ ਸਾਂ। ਮੈਂ ਕਾਪੀ ਖੋਲ੍ਹ ਕੇ ਇੱਕ ਕਵਿਤਾ ਪੜ੍ਹੀ:
ਜਿੱਥੇ ਲਫ਼ਜ਼ ਚੁੱਪ ਹੋ ਜਾਂਦੇ ਹਨ, ਓਥੇ ਤੂੰ ਬੋਲਦੀ ਹੈਂ,
ਜਿੱਥੇ ਦਿਲ ਡੋਲਦਾ ਹੈ, ਓਥੇ ਤੂੰ ਸੰਭਾਲਦੀ ਹੈਂ,
ਜ਼ਿੰਦਗੀ ’ਚ ਬਹੁਤ ਕੁਝ ਆਇਆ ਤੇ ਗਿਆ,
ਪਰ ਮੇਰੇ ਅੱਖਰਾਂ ’ਚ ਸਦਾ ਤੂੰ ਹੀ ਰਹੀ।
ਉਸ ਦੀ ਅੱਖ ’ਚ ਨਮੀ ਸੀ, ਪਰ ਮੂੰਹ ’ਤੇ ਹਲਕੀ ਮੁਸਕਰਾਹਟ।
“ਤੂੰ ਅਜੇ ਵੀ ਓਨਾ ਹੀ ਪਿਆਰ ਕਰਦਾ ਏਂ?”
ਮੈਂ ਹੱਸ ਕੇ ਕਿਹਾ, “ਹੁਣ ਤਾਂ ਉਸ ਤੋਂ ਵੀ ਵੱਧ।”
ਕੁਝ ਮਹੀਨੇ ਬਾਅਦ ਉਹ ਲਾਲ ਜੋੜੇ ’ਚ ਫੱਬ ਰਹੀ ਸੀ ਤੇ ਮੈਂ ਉਸ ਦੇ ਸਾਹਮਣੇ ਹੱਥ ਵਿੱਚ ਮੁੰਦਰੀ ਫੜੀ ਖੜ੍ਹਾ ਸੀ।
ਜਦੋਂ ਅਸੀਂ ਵਿਆਹ ਦੇ ਮੰਚ ’ਤੇ ਸੀ, ਉਸ ਨੇ ਹੌਲੀ ਜਿਹੀ ਕਿਹਾ, ‘‘ਇਹ ਕਹਾਣੀ ਹੁਣ ਕਦੇ ਖ਼ਤਮ ਨਹੀਂ ਹੋਣੀ।”
ਅੱਜ ਵੀ ਜਦੋਂ ਮੈਂ ਲਿਖਦਾ ਹਾਂ, ਉਹ ਮੇਰੀ ਕਵਿਤਾ ਦੀ ਪਹਿਲੀ ਸਤਰ ਬਣਦੀ ਹੈ। ਜਦੋਂ ਉਹ ਹੱਸਦੀ ਹੈ, ਮੇਰੀ ਕਹਾਣੀ ਨੂੰ ਅਖੀਰ ਮਿਲਦਾ ਹੈ।
ਸੱਚ ਪੁੱਛੋ ਤਾਂ...
ਮੈਂ ਤੇ ਉਹ- ਹੁਣ ‘ਅਸੀਂ’ ਬਣ ਚੁੱਕੇ ਹਾਂ।
ਈ-ਮੇਲ: harjeetbhullar420@gmail.com
* * *
ਇੱਕੋ ਕਿਸ਼ਤੀ
ਬਲਜੀਤ ਕੌਰ
ਦਫ਼ਤਰੋਂ ਪਰਤ ਕੇ ਉਹਨੇ ਆਪਣਾ ਬੈਗ ਸੋਫ਼ੇ ’ਤੇ ਰੱਖ ਦਿੱਤਾ। ਬੈੱਡਰੂਮ ਵਿੱਚ ਆ ਕੇ ਬੂਟ ਲਾਹੁਣ ਲਈ ਉਹ ਬੈੱਡ ਦੇ ਇੱਕ ਪਾਸੇ ਬੈਠ ਗਿਆ। ਪਤਨੀ ਹਮੇਸ਼ਾ ਵਾਂਗ ਫੋਨ ਵਿੱਚ ਗਹਿਰੀ ਖੁੱਭੀ ਹੋਈ ਸੀ। ਟਕ-ਟਕ ਦੀ ਅਵਾਜ਼ ਟਾਈਪ ਕਰਨ ਵੱਲ ਸੰਕੇਤ ਕਰ ਰਹੀ ਸੀ ਅਤੇ ਵਾਰ-ਵਾਰ ਹੋ ਰਹੀ ਟੂੰ... ਟੂੰ... ਦੱਸ ਰਹੀ ਸੀ ਕਿ ਉਹ ਕਿਸੇ ਨਾਲ ਚੈਟ ਕਰ ਰਹੀ ਹੈ। ਬੂਟ ਜ਼ੁਰਾਬਾਂ ਲਾਹ ਕੇ ਉਸ ਨੇ ਸ਼ਰਟ ਲਾਹੀ ਅਤੇ ਬੈੱਡ ’ਤੇ ਸੁੱਟ ਦਿੱਤੀ। ਅਲਮਾਰੀ ਖੋਲ੍ਹ ਕੇ ਉਸ ਨੇ ਅੰਦਰ ਪਏ ਕੱਪੜਿਆਂ ਵਿੱਚੋਂ ਇੱਕ ਟੀ-ਸ਼ਰਟ ਖਿੱਚ ਲਈ ਅਤੇ ਖਹੁਰੇ ਤਰੀਕੇ ਨਾਲ ਪਾ ਲਈ। ਪਤਨੀ ਨੇ ਕੁਝ ਅਸਹਿਜ ਮਹਿਸੂਸ ਕਰਦਿਆਂ ਆਪਣੇ ਫੋਨ ਦੀ ਸੈਟਿੰਗ ਵਿੱਚ ਕੁਝ ਬਦਲਾਅ ਕਰ ਦਿੱਤਾ। ਟੂੰ-ਟੂੰ ਅਤੇ ਟੁਕ-ਟੁਕ ਦੀ ਆਵਾਜ਼ ਹੁਣ ਵਾਰ-ਵਾਰ ਪਾਜ ਨਹੀਂ ਖੋਲ੍ਹ ਸਕਦੀ ਸੀ ਕਿਉਂ ਜੋ ਉਹਦੇ ਮੂੰਹ ਵਿੱਚ ਸਾਈਲੈਂਟ ਮੋਡ ਥੁੰਨ ਦਿੱਤਾ ਸੀ ਪਰ ਉਂਗਲਾਂ ਦੀ ਹਰਕਤ ਬਾ-ਦਸਤੂਰ ਜਾਰੀ ਸੀ।
ਇੱਕ ਪਲ ਲਈ ਉਸ ਨੇ ਆਪਣਾ ਮਨ ਪੀਡਾ ਜਿਹਾ ਕਰ ਲਿਆ ਅਤੇ ਰੋਜ਼-ਰੋਜ਼ ਦੇ ਇਸ ਕਜੀਏ ਤੋਂ ਛੁਟਕਾਰਾ ਪਾਉਣ ਲਈ ਤਿਆਰ ਹੋ ਗਿਆ। ਬੈੱਡ ਦੇ ਕੋਨੇ ਤੋਂ ਘੁੰਮ ਕੇ ਉਹ ਢੋਅ ਵੱਲ ਜਾਣਾ ਚਾਹੁੰਦਾ ਸੀ ਤਾਂ ਜੋ ਕੁਝ ਰੰਗੇ ਹੱਥੀਂ ਫੜਿਆ ਜਾਵੇ ਤੇ ਨਿੱਤ ਦੀ ਇਸ ਮਾਨਸਿਕ ਗੁੰਝਲ, ਜੋ ਹੁਣ ਬਿਮਾਰੀ ਬਣਦੀ ਜਾ ਰਹੀ ਸੀ, ਤੋਂ ਛੁਟਕਾਰਾ ਮਿਲੇ।
“ਕਦੇ ਨਾ ਕਦੇ ਤਾਂ ਇਹ ਹੋਣਾ ਹੀ ਹੈ। ਫਿਰ ਕਿਉਂ ਨਾ ਅੱਜ ਹੀ...!” ਖ਼ੁਦ ਨੂੰ ਕਹਿੰਦਿਆਂ ਉਸ ਨੇ ਬੈੱਡ ਦੀ ਢੋਅ ਨਾਲ ਟੇਕ ਲਾ ਕੇ ਬੈਠੀ ਪਤਨੀ ਦੀ ਸਥਿਤੀ ਨੂੰ ਜਾਂਚਿਆ। ਉਸ ਨੂੰ ‘ਰੰਗੇ ਹੱਥੀਂ’ ਫੜਨ ਲਈ ਉਸ ਨੇ ਆਪਣੇ ਬੂਟ ਚੁੱਕੇ ਅਤੇ ਢੋਅ ਵਾਲੇ ਪਾਸੇ ਪਏ ਸ਼ੂ-ਰੈਕ ਵਿੱਚ ਰੱਖਣ ਦਾ ਬਹਾਨਾ ਕਰ ਆਪਣੀ ਮਾਨਸਿਕ ਗੁੰਝਲ ਨੂੰ ਅੰਜਾਮ ਤੱੱਕ ਪਹੁੰਚਾਉਣ ਲਈ ਉਸ ਪਾਸੇ ਵੱਲ ਵਧਿਆ।
ਅਚਾਨਕ ਘੂੰ...ਘੂੰ...ਘੂੰ... ਹੋਈ, ਮਸ਼ੀਨ ਆਪਣੀ ਮੌਜ਼ੂਦਗੀ ਦਰਜ਼ ਕਰਾਉਣ ਲੱਗੀ। ਇਹ ਪਤਨੀ ਦਾ ਨਹੀਂ ਸਗੋਂ ਉਸ ਦਾ ਫੋਨ ਸੀ ਜੋ ਪੈਂਟ ਦੀ ਜੇਬ ਵਿੱਚ ਚੁੱਕੇ ਜਾਣ ਲਈ ਲਾਈਟਾਂ ਕੱਢਦਾ ਤੜਫ਼ ਰਿਹਾ ਸੀ। ਇਕਦਮ ਘਬਰਾ ਕੇ ਉਸ ਨੇ ਫੋਨ ਜੇਬ ਵਿੱਚੋਂ ਕੱਢਿਆ ਅਤੇ ਨੰਬਰ ਵੇਖ ਕੇ ਵੌਲਿਊਮ ਬਟਨ ਦੱਬ ਕੇ ਸਾਈਲੈਂਟ ਕਰ ਲਿਆ। ਛੇਤੀ ਨਾਲ ਕਮਰੇ ’ਚੋਂ ਬਾਹਰ ਆਉਂਦਿਆਂ ਪਤਨੀ ਦੀ ਰੇਂਜ ਤੋਂ ਪਰ੍ਹਾਂ ਹੋ ਕੇ ਉਸ ਨੇ ਫੋਨ ਚੁੱਕਿਆ, ‘‘ਹੈਲੋ... ਮੈਂ ਹੁਣੇ ਹੀ ਆਇਆ ਹਾਂ ਘਰ... ਤੁਸੀਂ ਵੀ ਚੇਂਜ ਕਰ ਲਓ ਫੇਰ ਕਰਦੇ ਆਂ ਗੱਲ...’’ ਕਹਿ ਕੇ ਉਸ ਨੇ ਫੋਨ ਰੱਖ ਦਿਤਾ ਅਤੇ ਪਤਨੀ ਦੀ ਚੋਰੀ ਨੂੰ ਫੜਨ ਦਾ ਇਰਾਦਾ ਤਿਆਗਦਿਆਂ ਮੂੰਹ ਹੱਥ ਧੋ ਕੇ, ਦੱਬੇ ਪੈਰੀਂ ਸਟੱਡੀ ਰੂਮ ਵਿੱਚ ਵੜ ਗਿਆ।
ਈ-ਮੇਲ: baljitkaurpunjabi@gmail
* * *
ਸ਼ਰਾਬਬੰਦੀ
ਰਜਵਿੰਦਰ ਪਾਲ ਸ਼ਰਮਾ
ਪਿੰਡ ਪਿੰਡ ਵਿੱਚ ਪਹੁੰਚ ਚੁੱਕੀ ਨਸ਼ਿਆਂ ਵਿਰੁੱਧ ਲਹਿਰ ਦੀ ਗੱਲ ਕਰਦਿਆਂ ਸੱਥ ਵਿੱਚ ਬੈਠਿਆਂ ਨਛੱਤਰ ਸਿੰਘ ਨੇ ਕਿਹਾ, ‘‘ਬਾਈ, ਸਰਕਾਰ ਹੁਣ ਪੂਰੀ ਸਖ਼ਤ ਹੋਈ ਪਈ ਆ। ਹਰ ਰੋਜ਼ ਨਸ਼ੇ ਫੜੇ ਜਾ ਰਹੇ ਨੇ। ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਜ਼ਬਤ ਕਰਕੇ ਘਰ ਢਾਹੇ ਜਾ ਰਹੇ ਨੇ। ਅਜਿਹਾ ਤਾਂ ਪਹਿਲਾਂ ਕਦੇ ਨਹੀਂ ਦੇਖਿਆ।’’ ਨਛੱਤਰ ਦੀ ਗੱਲ ਸੁਣ ਕੇ ਹਾਕਮ ਨੰਬਰਦਾਰ ਬੋਲਿਆ, ‘‘ਉਹ ਤਾਂ ਠੀਕ ਐ ਨਛੱਤਰਾ, ਪਰ ਸਰਕਾਰ ਕੈਮੀਕਲ ਨਸ਼ੇ ਤਾਂ ਬੰਦ ਕਰ ਰਹੀ ਐ, ਪਰ ਸ਼ਰਾਬ ਨੂੰ ਸਰਕਾਰ ਕਿਉਂ ਨਹੀਂ ਬੰਦ ਕਰਦੀ? ਇਹ ਵੀ ਤਾਂ ਨਸ਼ਾ ਹੀ ਐ।’’ ਨੰਬਰਦਾਰ ਦੀ ਗੱਲ ਸੁਣ ਕੇ ਪਿੱਛੇ ਬੈਠਾ ਬਿੱਕਰ ਬੋਲਿਆ, ‘‘ਉਹ ਤਾਂ ਨਹੀਂ ਬੰਦ ਕਰਦੇ, ਸ਼ਾਇਦ ਆਪ ਪੀਂਦੇ ਹੋਣਗੇ।’’ ਬਿੱਕਰ ਦੀ ਗੱਲ ਸੁਣ ਕੇ ਪੂਰੀ ਸੱਥ ਵਿੱਚ ਚੁੱਪ ਛਾ ਗਈ।
ਸੰਪਰਕ: 70873-67969
* * *
ਯੁੱਧ?
ਮੋਹਨ ਸ਼ਰਮਾ
ਸਾਰੇ ਪਿੰਡ ਵਿੱਚ ਹਾਹਾਕਾਰ ਮੱਚ ਗਈ ਸੀ। ਮਾਪਿਆਂ ਦੇ ਇਕਲੌਤੇ ਪੁੱਤ ਦੀ ਨਸ਼ਿਆਂ ਨੇ ਜਾਨ ਲੈ ਲਈ ਸੀ। ਦਿਲ ਕੰਬਾਊ ਵਿਰਲਾਪ ਕਾਰਨ ਵਿਹੜੇ ਵਿੱਚ ਸੋਗ ਪਸਰਿਆ ਹੋਇਆ ਸੀ। ਇਸ ਤੋਂ ਪਹਿਲਾਂ ਅਜਿਹਾ ਭਾਣਾ ਪਿੰਡ ਦੇ ਕਈ ਹੋਰ ਘਰਾਂ ਵਿੱਚ ਵੀ ਵਰਤ ਚੁੱਕਿਆ ਸੀ। ਸੱਥਰ ’ਤੇ ਬੈਠੇ ਲੋਕਾਂ ਵਿੱਚ ਪੰਜ-ਸੱਤ ਮੁੰਡੇ ਵੀ ਸਨ ਜਿਨ੍ਹਾਂ ਦੀਆਂ ਪਹਿਨੀਆਂ ਹੋਈਆਂ ਚਿੱਟੀਆਂ ਟੀ-ਸ਼ਰਟਾਂ ’ਤੇ ‘ਯੁੱਧ ਨਸ਼ਿਆਂ ਵਿਰੁੱਧ’ ਲਿਖਿਆ ਹੋਇਆ ਸੀ। ਪਿੰਡ ਦੇ ਇੱਕ ਬਜ਼ੁਰਗ ਨੇ ਨਮ ਅੱਖਾਂ ਨਾਲ ਉਨ੍ਹਾਂ ਮੁੰਡਿਆਂ ਨੂੰ ਸੰਬੋਧਨ ਹੋ ਕੇ ਕਿਹਾ, ‘‘ਤੁਸੀਂ ਸੰਭਲੋ ਮੁੰਡਿਓ, ਕਿਤੇ ਥੋਡਾ ਹਾਲ ਵੀ ਫੌਤ ਹੋਏ ਇਸ ਮੁੰਡੇ ਵਾਲਾ ਨਾ ਹੋਵੇ। ਇਹ ਕਮੀਜ਼ ਮਹੀਨਾ ਕੁ ਪਹਿਲਾਂ ਸਰਕਾਰੀ ਅਫਸਰ ਥੋਨੂੰ ਵੰਡ ਕੇ ਗਏ ਨੇ। ਇਹ ਪਾ ਕੇ ਤਾਂ ਅੱਖਾਂ ਪੂੰਝਣ ਵਾਲੀ ਗੱਲ ਐ। ਇਹ ਕਮੀਜ਼ ਤਾਂ ਮਰਨ ਵਾਲੇ ਮੁੰਡੇ ਨੇ ਵੀ ਪਾਇਆ ਹੋਇਆ ਸੀ। ਆਪਣੇ ਪਿੰਡ ਵਿੱਚ ਨਸ਼ੇ ਕਰਕੇ ਥੋੜ੍ਹੇ ਦਿਨ ਪਹਿਲਾਂ ਉੱਪਰੋ-ਥਲੀ ਕਈ ਚੋਬਰ ਮਰ ਗਏ। ਇਹੋ ਜਿਹੀਆਂ ਕਮੀਜ਼ਾਂ ਉਨ੍ਹਾਂ ਨੇ ਵੀ ਪਾਈਆਂ ਸਨ। ਇਹ ਤਾਂ ਨਿਰਾ ਦਿਖਾਵਾ ਐ।’’
ਕੁਝ ਪਲ ਰੁਕ ਕੇ ਉਸ ਨੇ ਗੱਲ ਅਗਾਂਹ ਤੋਰੀ, ‘‘ਆਪਮੁਹਾਰੇ ਵਹਿੰਦੇ ਪਾਣੀ ਨੂੰ ਜੇ ਵਿਉਂਤਬੰਦੀ ਕਰਕੇ ਬੰਨ੍ਹ ਨਹੀਂ ਲਾਵਾਂਗੇ ਤਾਂ ਇਹ ਪਾਣੀ ਘਰਾਂ ਅਤੇ ਖੇਤਾਂ ਦਾ ਨੁਕਸਾਨ ਕਰੇਗਾ। ਆਪਣੇ ਪਿੰਡ ਵਿੱਚ ਨਸ਼ਿਆਂ ਦੇ ਹੜ੍ਹ ਨੂੰ ਬੰਨ੍ਹ ਨਹੀਂ ਲੱਗਿਆ। ਇਹ ਬੰਨ੍ਹ ਸਾਡੇ ਸਾਰਿਆਂ ਦੇ ਇਕੱਠੇ ਹੋਣ ਨਾਲ ਲੱਗਣਗੇ । ਜਿਹੜੇ ਨਸ਼ਾ ਵੇਚਦੇ ਨੇ, ਉਨ੍ਹਾਂ ਦੇ ਨਾਸੀਂ ਧੂੰਆਂ ਆਪਾਂ ਇਕੱਠੇ ਹੋ ਕੇ ਹੀ ਲਿਆ ਸਕਦੇ ਹਾਂ।’’
ਬਜ਼ੁਰਗ ਦੇ ਬੋਲ ਸੁਣ ਕੇ ਸੱਥਰ ’ਤੇ ਬੈਠੀਆਂ ਔਰਤਾਂ, ਮਰਦ ਅਤੇ ਨੌਜਵਾਨ ਮੁੰਡੇ-ਕੁੜੀਆਂ ਨਸ਼ੇ ਵੇਚਣ ਵਾਲਿਆਂ ਨੂੰ ਰੋਕਣ ਦੀ ਵਿਉਂਤਬੰਦੀ ਕਰਨ ਲੱਗ ਪਏ।
ਸੰਪਰਕ: 94171-48866
* * *
ਜੰਗ ਦੇ ਅਰਥ
ਬਿੰਦਰ ਸਿੰਘ ਖੁੱਡੀ ਕਲਾਂ
‘‘ਕੌਣ ਸੀ ਪ੍ਰੀਤ ਪੁੱਤ?’’ ਦਰਵਾਜ਼ੇ ’ਤੇ ਕੁਝ ਲੋਕਾਂ ਨੂੰ ਮਿਲ ਕੇ ਆਈ ਪ੍ਰੀਤ ਨੂੰ ਅੰਦਰ ਬੈਠੀ ਉਸ ਦੀ ਸੱਸ ਬਸੰਤ ਕੌਰ ਨੇ ਪੁੱਛਿਆ। ‘‘ਮੰਮੀ ਜੀ, ਕੱਲ੍ਹ ਨੂੰ ਆਪਣੇ ਸ਼ਹਿਰ ’ਚ ਮਾਰਚ ਕੱਢਿਆ ਜਾ ਰਿਹਾ ਹੈ। ਉਹ ਆਏ ਸੀ। ਕਹਿੰਦੇ, ਤੁਸੀਂ ਵੀ ਆਇਓ। ਕਹਿੰਦੇ, ਸਰਕਾਰ ਦੁਸ਼ਮਣ ਦੇਸ਼ ਨੂੰ ਸਬਕ ਸਿਖਾਉਣ ਦੀ ਬਜਾਏ ਜੰਗ ਤੋਂ ਟਾਲਾ ਵੱਟ ਰਹੀ ਹੈ। ਕਹਿੰਦੇ, ਮਾਰਚ ਜ਼ਰੀਏ ਆਪਾਂ ਸਰਕਾਰ ਨੂੰ ਸੰਦੇਸ਼ ਦੇਣਾ ਹੈ ਕਿ ਦੁਸ਼ਮਣ ਨੂੰ ਵਾਰ ਵਾਰ ਮੁਆਫ਼ ਨਾ ਕੀਤਾ ਜਾਵੇ ਸਗੋਂ ਜ਼ਬਰਦਸਤ ਸੈਨਿਕ ਕਾਰਵਾਈ ਨਾਲ ਦੁਸ਼ਮਣ ਨੂੰ ਦੱਸਿਆ ਜਾਵੇ ਕਿ ਸਾਡੇ ਨਾਲ ਪੰਗਾ ਲੈਣ ਦਾ ਹਸ਼ਰ ਕੀ ਹੁੰਦਾ ਹੈ।’’
‘‘ਪੁੱਤ! ਇਨ੍ਹਾਂ ਨੂੰ ਕੀ ਪਤਾ ਜੰਗ ਕੀ ਹੁੰਦੀ ਹੈ? ਜੰਗ ਦੌਰਾਨ ਆਪਣਿਆਂ ਨੂੰ ਸਰਹੱਦ ’ਤੇ ਭੇਜਣ ਵਾਲੇ ਹੀ ਦੱਸ ਸਕਦੇ ਨੇ ਜੰਗ ਦੇ ਅਰਥ ਤਾਂ,’’ 1971 ਦੀ ਭਾਰਤ ਪਾਕਿਸਤਾਨ ਜੰਗ ਦੌਰਾਨ ਜੀਵਨ ਸਾਥੀ ਗੁਆਉਣ ਵਾਲੀ ਬਸੰਤ ਕੌਰ ਨੇ ਲੰਬਾ ਹਾਉਕਾ ਲਿਆ।
ਸੰਪਰਕ: 98786-05965
* * *