ਕਰੋਨਾ ਨੇ ਨੈੱਟਫਲਿਕਸ ਦੇ ਦੋ ਸ਼ੋਅਜ਼ ਡੱਕੇ
ਲਾਸ ਏਂਜਲਸ, 22 ਅਗਸਤ
ਨੈੱਟਫਲਿਕਸ ਨੇ ਆਪਣੇ ਦੋ ਸ਼ੋਅ ‘ਦਿ ਸੁਸਾਇਟੀ’ ਅਤੇ ‘ਆਈ ਐੱਮ ਨੌਟ ਓਕੇ ਵਿਦ ਦਿਸ’ ਦੇ ਦੂਜੇ ਸੀਜ਼ਨ ਨੂੰ ਅੱਗੇ ਨਾ ਵਧਾਉਣ ਦਾ ਫ਼ੈਸਲਾ ਲਿਆ ਹੈ। ਇਨ੍ਹਾਂ ਸ਼ੋਅਜ਼ ਨੂੰ ਰੱਦ ਕਰਨ ਦਾ ਕਾਰਨ ਕਰੋਨਾਵਾਇਰਸ ਦੱਸਿਆ ਜਾ ਰਿਹਾ ਹੈ ਕਿਉਂਕਿ ਨੈੱਟਫਲਿਕਸ ਨੂੰ ਜਾਪਦਾ ਹੈ ਕਿ ਮਹਾਮਾਰੀ ਕਾਰਨ ਸ਼ੋਅ ਅੱਗੇ ਬਣਾਉਣੇ ਮੁਸ਼ਕਲ ਹੋਣਗੇ। ਨੈੱਟਫਲਿਕਸ ਦੇ ਤਰਜਮਾਨ ਨੇ ਬਿਆਨ ’ਚ ਕਿਹਾ ਕਿ ਇਹ ਫ਼ੈਸਲਾ ਲੈਣਾ ਬੜਾ ਮੁਸ਼ਕਲ ਸੀ। ਉਨ੍ਹਾਂ ਇਸ ਸ਼ੋਅ ਨੂੰ ਮਕਬੂਲ ਬਣਾਉਣ ਲਈ ਲੇਖਕਾਂ, ਅਦਾਕਾਰਾਂ ਅਤੇ ਹੋਰ ਅਮਲੇ ਦਾ ਧੰਨਵਾਦ ਕੀਤਾ ਹੈ। ਕ੍ਰਿਸਟੋਫਰ ਕੀਅਸਰ ਦੇ ਸ਼ੋਅ ‘ਦਿ ਸੁਸਾਇਟੀ’ ਦਾ ਪ੍ਰੀਮੀਅਰ ਮਈ 2019 ’ਚ ਹੋਇਆ ਸੀ। ‘ਆਈ ਐੱਮ ਨੌਟ ਓਕੇ ਵਿਦ ਦਿਸ’ ਸ਼ੋਅ ਫਰਵਰੀ ’ਚ ਪ੍ਰਸਾਰਿਤ ਹੋਣਾ ਸ਼ੁਰੂ ਹੋਇਆ ਸੀ। ਇਹ ਸ਼ੋਅ ਚਾਰਲਸ ਫੋਰਸਮੈਨ ਦੇ ਨਾਵਲ ’ਤੇ ਆਧਾਰਿਤ ਹੈ। –ਪੀਟੀਆਈ
‘ਕਿਊਟੀਜ਼’ ਦੇ ਵਿਰੋਧ ਮਗਰੋਂ ਨੈੱਟਫਲਿਕਸ ਨੇ ਮੁਆਫ਼ੀ ਮੰਗੀ
ਸਾਂ ਫਰਾਂਸਿਸਕੋ: ਨੈੱਟਫਲਿਕਸ ਨੇ ਵਿਵਾਦਤ ਫਰੈਂਚ ਫਿਲਮ ‘ਕਿਊਟੀਜ਼’ ਦੇ ਪ੍ਰਚਾਰ ਲਈ ਵਰਤੀ ਸਮਗੱਰੀ ਲਈ ਲੋਕਾਂ ਤੋਂ ਮੁਆਫ਼ੀ ਮੰਗੀ ਹੈ। ਸਵਾ ਦੋ ਲੱਖ ਤੋਂ ਜ਼ਿਆਦਾ ਲੋਕਾਂ ਨੇ ਫਿਲਮ ਨੂੰ ਹਟਾਉਣ ਦੀ ਮੰਗ ਕਰਦਿਆਂ ਆਨਲਾਈਨ ਦਸਤਖ਼ਤਾਂ ਦੀ ਮੁਹਿੰਮ ’ਤੇ ਦਸਤਖ਼ਤ ਕੀਤੇ ਸਨ। ਫਿਲਮ 11 ਵਰ੍ਹਿਆਂ ਦੀ ਬੱਚੀ ਦੀਆਂ ਖਾਹਿਸ਼ਾਂ ’ਤੇ ਆਧਾਰਿਤ ਹੈ ਜੋ ਡਾਂਸ ਗਰੁੱਪ ’ਚ ਸ਼ਾਮਲ ਹੋਣਾ ਚਾਹੁੰਦੀ ਹੈ। ਲੋਕਾਂ ਦਾ ਕਹਿਣਾ ਹੈ ਕਿ ਇਸ ’ਚ ਬੱਚੀ ਨੂੰ ਮੌਜ-ਮਸਤੀ ਦੇ ਜ਼ਰੀਏ ਵਜੋਂ ਦਿਖਾਇਆ ਗਿਆ ਹੈ। ਫਿਲਮ ਦੇ ਪ੍ਰਚਾਰ ਲਈ ਵਰਤੀ ਗਈ ਸਮੱਗਰੀ ਨੂੰ ਹਟਾ ਲਿਆ ਗਿਆ ਹੈ ਅਤੇ ਇਹ 9 ਸਤੰਬਰ ਨੂੰ ਰਿਲੀਜ਼ ਹੋਵੇਗੀ। -ਆਈਏਐਨਐਸ