ਕਾਂਗਰਸੀਆਂ ਨੇ ਭਗਵੰਤ ਮਾਨ ਦਾ ਪੁਤਲਾ ਫੂਕਿਆ
ਰਵੇਲ ਸਿੰਘ ਭਿੰਡਰ
ਘੱਗਾ, 1 ਅਪਰੈਲ
ਕਾਂਗਰਸ ਦੇ ਕੌਮੀ ਆਗੂ ਰਾਹੁਲ ਗਾਂਧੀ ਵਿਰੁੱਧ ਟਿੱਪਣੀ ਨੂੰ ਲੈ ਕੇ ਇੱਥੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਖਨੌੜਾ ਦੀ ਅਗਵਾਈ ਹੇਠ ਇਕੱਤਰ ਹੋਏ ਕਾਂਗਰਸੀ ਵਰਕਰਾਂ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਫੂਕ ਕੇ ਪ੍ਰਦਰਸ਼ਨ ਕੀਤਾ। ਸੰਘਰਸ਼ ਕਰ ਰਹੇ ਖਨੌਰੀ ਤੇ ਸ਼ੰਭੂ ਮੋਰਚੇ ਦੇ ਕਿਸਾਨਾਂ ਵਿਰੁੱਧ ਦਮਨਕਾਰੀ ਨੀਤੀ ਨੂੰ ਲੈ ਕੇ ਵੀ ਕਾਂਗਰਸੀਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਰੜੇ ਹੱਥੀਂ ਲਿਆ।
ਰੋਸ ਪ੍ਰਦਰਸ਼ਨ ਦੌਰਾਨ ਕਾਂਗਰਸ ਦੇ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਮਹੰਤ ਹਰਵਿੰਦਰ ਸਿੰਘ ਖਨੌੜਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੰਸਦ ਮੈਂਬਰ ਰਾਹੁਲ ਗਾਂਧੀ ’ਤੇ ਕੀਤੀ ਟਿੱਪਣੀ ਅਤੇ ਬਾਰਡਰਾਂ ’ਤੇ ਕਿਸਾਨਾਂ ਦੇ ਕੀਤੇ ਘਾਣ ਦੇ ਰੋਸ ਵਜੋਂ ਕਾਂਗਰਸ ਵੱਲੋਂ ਸਮੁੱਚੇ ਪੰਜਾਬ ਵਿੱਚ ਭਗਵੰਤ ਸਿੰਘ ਮਾਨ ਸਰਕਾਰ ਦੇ ਪੁਤਲੇ ਫੂਕੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਕਿਸਾਨਾਂ ਦਾ ਜੋ ਘਾਣ ਕੀਤਾ ਹੈ ਉਸ ਦੇ ਹੋ ਰਹੇ ਵਿਰੋਧ ਨੂੰ ਵੇਖਦਿਆਂ ਭਗਵੰਤ ਮਾਨ ਨੇ ਲੋਕਾਂ ਦਾ ਧਿਆਨ ਹੋਰ ਪਾਸੇ ਖਿੱਚਣ ਲਈ ਭਾਜਪਾ ਦੇ ਇਸ਼ਾਰੇ ’ਤੇ ਕਾਂਗਰਸ ਦੇ ਸੀਨੀਅਰ ਆਗੂ ਅਤੇ ਸੰਸਦ ਮੈਂਬਰ ਰਾਹੁਲ ਗਾਂਧੀ ਖ਼ਿਲਾਫ਼ ਭੱਦੀ ਟਿੱਪਣੀ ਕੀਤੀ ਹੈ, ਜਿਸ ਦੀ ਜਿੰਨੀ ਨਿੰਦਾ ਕੀਤੀ ਜਾਵੇ ਘੱਟ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਮਾਨ ਸਰਕਾਰ ਤੋਂ ਲੋਕਾਂ ਦਾ ਮੋਹ ਭੰਗ ਹੋਇਆ ਹੈ। ਰੋਸ ਪ੍ਰਦਰਸ਼ਨ ਦੀ ਸਥਾਨਕ ਪੱਧਰ ’ਤੇ ਅਗਵਾਈ ਕਰ ਰਹੇ ਕਾਂਗਰਸ ਦੇ ਹਲਕਾ ਸ਼ੁਤਰਾਣਾ ਦੇ ਇੰਚਾਰਜ ਦਰਬਾਰਾ ਸਿੰਘ ਬਨਵਾਲਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੱਤਾ ਦੇ ਨਸ਼ੇ ਵਿੱਚ ਜੋ ਧੱਕਾ ਕਿਸਾਨਾਂ ਨਾਲ ਕੀਤਾ ਹੈ ਉਹ ਹੋਰ ਕਿਸੇ ਵੀ ਸਰਕਾਰ ਨੇ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਇਸ ਘਟੀਆ ਕਾਰਗੁਜ਼ਾਰੀ ਦੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਮੁਆਫ਼ੀ ਮੰਗਣੀ ਚਾਹੀਦੀ ਹੈ।
ਇਸ ਮੌਕੇ ਕਾਂਗਰਸ ਸ਼ਹਿਰੀ ਪਾਤੜਾਂ ਦੇ ਪ੍ਰਧਾਨ ਰਾਕੇਸ਼ ਕੁਮਾਰ ਹੈਪੀ, ਰਿੰਪਲ ਗਰਗ ਘੱਗਾ, ਗੁਰਜਿੰਦਰ ਸਿੰਘ ਘੱਗਾ, ਸਿਕੰਦਰ ਸਿੰਘ ਦੁਤਾਲ, ਆਸ਼ੂ ਪਟਵਾਰੀ, ਸੋਨੀ ਕੌਰ ਐੱਮਸੀ ਘੱਗਾ, ਰਣਜੀਤ ਸਿੰਘ ਮਤੌਲੀ (ਬਲਾਕ ਪ੍ਰਧਾਨ ਪਾਤੜਾਂ), ਮੋਹਨ ਸਿੰਘ ਜਿਉਣਪੁਰਾ ,ਧੰਨਾ ਸਿੰਘ ਕਲਵਾਨੂੰ ,ਬਲਰਾਜ ਸਿੰਘ ਗਿੱਲ, ਮਲਕੀਤ ਸਿੰਘ, ਬਲਰਾਜ ਸ਼ਰਮਾ ਅਤੇ ਡਿੰਪਲ ਦੇਧਨਾ ਤੋਂ ਇਲਾਵਾ ਕਾਫੀ ਗਿਣਤੀ ਵਿੱਚ ਕਾਂਗਰਸੀ ਆਗੂ ਅਤੇ ਵਰਕਰ ਮੌਜੂਦ ਸਨ।