ਕਾਂਗਰਸ ਦਾ ਵਿਧਾਨ ਸਭਾ ’ਚੋਂ ਵਾਕਆਊਟ
* ਖਹਿਰਾ ਨੂੰ ਬੋਲਣ ਲਈ ਸਮਾਂ ਨਾ ਮਿਲਣ ’ਤੇ ਹੋਇਆ ਹੰਗਾਮਾ
* ਕਿਸਾਨੀ ਅਤੇ ਨਸ਼ੇ ਦੇ ਮੁੱਦੇ ’ਤੇ ਬਾਜਵਾ ਅਤੇ ਧਾਲੀਵਾਲ ’ਚ ਨੋਕ-ਝੋਕ
ਚਰਨਜੀਤ ਭੁੱਲਰ
ਚੰਡੀਗੜ੍ਹ, 24 ਮਾਰਚ
ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੇ ਦੂਜੇ ਦਿਨ ਅੱਜ ਰਾਜਪਾਲ ਦੇ ਭਾਸ਼ਣ ’ਤੇ ਧੰਨਵਾਦ ਮਤੇ ਉਪਰ ਚਰਚਾ ਦੌਰਾਨ ਤਲਖ਼ ਮਾਹੌਲ ਬਣਨ ਮਗਰੋਂ ਵਿਰੋਧੀ ਧਿਰ ਕਾਂਗਰਸ ਨੇ ਸਦਨ ’ਚੋਂ ਵਾਕਆਊਟ ਕੀਤਾ। ਹਾਕਮ ਅਤੇ ਵਿਰੋਧੀ ਧਿਰ ਦੇ ਮੈਂਬਰ ਸਦਨ ’ਚ ਕਈ ਮੌਕਿਆਂ ’ਤੇ ਆਹਮੋ-ਸਾਹਮਣੇ ਆਏ। ਵਿਰੋਧੀ ਧਿਰ ਬਹਿਸ ਦੌਰਾਨ ਆਪਣਾ ਪੱਖ ਰੱਖਣ ਮਗਰੋਂ ਵਾਕਆਊਟ ਕਰ ਗਈ ਜਦੋਂ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਗ਼ੈਰਹਾਜ਼ਰੀ ’ਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਰਾਜਪਾਲ ਦੇ ਭਾਸ਼ਣ ’ਤੇ ਹੋਈ ਬਹਿਸ ਨੂੰ ਸਮੇਟਿਆ।
ਸੱਤਾਧਾਰੀ ਧਿਰ ਨੇ ਬਹਿਸ ਦੌਰਾਨ ‘ਰੰਗਲਾ ਪੰਜਾਬ’ ਦਾ ਨਕਸ਼ ਦਿਖਾਇਆ ਜਦੋਂ ਕਿ ਵਿਰੋਧੀ ਧਿਰ ਨੇ ਰਾਜਪਾਲ ਦੇ ਭਾਸ਼ਣ ਨੂੰ ਝੂਠ ਦਾ ਪੁਲੰਦਾ ਕਰਾਰ ਦਿੱਤਾ। ਬਹਿਸ ਦੌਰਾਨ ‘ਜਵਾਨ ਤੇ ਕਿਸਾਨ’ ਤੋਂ ਇਲਾਵਾ ਨਸ਼ਿਆਂ ਅਤੇ ਬੇਅਦਬੀ ਦਾ ਮੁੱਦਾ ਕੇਂਦਰ ਬਿੰਦੂ ’ਚ ਰਹੇ। ਵਿਧਾਇਕ ਇੰਦਰਬੀਰ ਸਿੰਘ ਨਿੱਝਰ ਨੇ ਰਾਜਪਾਲ ਦੇ ਭਾਸ਼ਣ ’ਤੇ ਧੰਨਵਾਦੀ ਮਤਾ ਪੇਸ਼ ਕੀਤਾ ਜਿਸ ਦੀ ਪ੍ਰੋੜਤਾ ਵਿਧਾਇਕ ਬੁੱਧ ਰਾਮ ਨੇ ਕੀਤੀ। ਧੰਨਵਾਦੀ ਮਤਾ ਪਾਸ ਹੋਣ ਮਗਰੋਂ ਸਦਨ ਮੁਲਤਵੀ ਕਰ ਦਿੱਤਾ ਗਿਆ।
ਸਦਨ ’ਚ ਬਹਿਸ ਦੌਰਾਨ ਜਦੋਂ ਸੁਖਪਾਲ ਸਿੰਘ ਖਹਿਰਾ ਨੂੰ ਬੋਲਣ ਦਾ ਦੂਸਰੀ ਵਾਰ ਸਮਾਂ ਨਾ ਮਿਲਿਆ ਤਾਂ ਉਹ ਤਲਖ਼ ਹੋ ਗਏ। ਉਨ੍ਹਾਂ ਸਪੀਕਰ ਕੁਲਤਾਰ ਸਿੰਘ ਸੰਧਵਾਂ ਖ਼ਿਲਾਫ਼ ਬੋਲ-ਬਾਣੀ ਦਾ ਮਿਆਰ ਹੇਠਲੇ ਪੱਧਰ ’ਤੇ ਲਿਆਂਦਾ ਤਾਂ ਸਪੀਕਰ ਨੇ ਉਨ੍ਹਾਂ ਨੂੰ ਸਖ਼ਤੀ ਨਾਲ ਵਰਜਿਆ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਵੀ ਖੜ੍ਹੇ ਹੋ ਕੇ ਕਾਂਗਰਸੀ ਵਿਧਾਇਕਾਂ ਨੂੰ ਆਪਣੀ ਭਾਸ਼ਾ ’ਤੇ ਕੰਟਰੋਲ ਰੱਖਣ ਅਤੇ ਮਰਿਆਦਾ ’ਚ ਰਹਿਣ ਦੀ ਨਸੀਹਤ ਦਿੱਤੀ। ਇਸ ਮਗਰੋਂ ਕਾਂਗਰਸ ਆਗੂ ਸਦਨ ’ਚੋਂ ਵਾਕਆਊਟ ਕਰ ਗਏ।
ਇਸ ਤੋਂ ਪਹਿਲਾਂ ਜਦੋਂ ਸਿਫ਼ਰਕਾਲ ਦੌਰਾਨ ਭੁਲੱਥ ਦੇ ਵਿਧਾਇਕ ਖਹਿਰਾ ਬੋਲਣ ਲਈ ਸਮਾਂ ਮੰਗਣ ਵਾਸਤੇ ਖੜ੍ਹੇ ਹੋਏ ਤਾਂ ਸਦਨ ’ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਉਨ੍ਹਾਂ ਦੀ ਸਿਫ਼ਾਰਸ਼ ਕੀਤੀ। ਇਸ ਮੌਕੇ ਖਹਿਰਾ ਅਤੇ ਸਪੀਕਰ ਵਿਚਾਲੇ ਬਹਿਸ ਹੋਈ ਅਤੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਉਨ੍ਹਾਂ ਨਾਲ ਸਖ਼ਤੀ ਨਾਲ ਪੇਸ਼ ਆਏ। ਇਸ ਦੌਰਾਨ ਪਰਗਟ ਸਿੰਘ ਅਤੇ ਬਾਜਵਾ ਵੀ ਹਮਾਇਤ ਵਿੱਚ ਖੜ੍ਹੇ ਹੋ ਗਏ ਸਨ। ਕਾਂਗਰਸੀ ਵਿਧਾਇਕ ਅਖੀਰ ਸਪੀਕਰ ਦੇ ਆਸਣ ਦੇ ਸਾਹਮਣੇ ਚਲੇ ਗਏ ਅਤੇ ਚੁੱਪ-ਚੁਪੀਤੇ ਮਗਰੋਂ ਕਾਂਗਰਸੀ ਵਿਧਾਇਕਾਂ ਨੇ ਵਾਕਆਊਟ ਕਰ ਦਿੱਤਾ। ਵਿਧਾਇਕ ਰਾਣਾ ਗੁਰਜੀਤ ਸਿੰਘ ਅਤੇ ਸੁਖਪਾਲ ਸਿੰਘ ਖਹਿਰਾ ਵਿਚਾਲੇ ਮੱਤਭੇਦ ਸਦਨ ਵਿਚ ਵੇਖਣ ਨੂੰ ਮਿਲੇ ਕਿਉਂਕਿ ਰਾਣਾ ਗੁਰਜੀਤ ਸਿੰਘ ਨੇ ਵਾਕਆਊਟ ਕਰਨ ਤੋਂ ਪਾਸਾ ਵੱਟ ਲਿਆ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵਿਚਕਾਰ ਕਿਸਾਨਾਂ ਦੇ ਮੁੱਦੇ ’ਤੇ ਤਿੱਖੀ ਨੋਕ-ਝੋਕ ਹੋਈ। ਬਾਜਵਾ ਨੇ ਕਿਹਾ ਕਿ ਜਿਵੇਂ ਭਾਜਪਾ ਨੇ ‘ਜੈ ਜਵਾਨ’ ਨੂੰ ਖ਼ਤਮ ਕਰ ਦਿੱਤਾ, ਉਵੇਂ ਹੀ ਪੰਜਾਬ ਸਰਕਾਰ ਨੇ ਕਿਸਾਨ ਆਗੂਆਂ ਨੂੰ ਘਰ ਸੱਦ ਕੇ ਗ੍ਰਿਫ਼ਤਾਰ ਕਰ ਲਿਆ। ਇਸ ’ਤੇ ਧਾਲੀਵਾਲ ਭੜਕ ਉੱਠੇ ਅਤੇ ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਕੇਂਦਰੀ ਵਜ਼ੀਰਾਂ ਨੇ ਸੱਦਿਆ ਸੀ ਅਤੇ ਬਾਜਵਾ ਸਦਨ ਨੂੰ ਗੁੰਮਰਾਹ ਕਰ ਰਹੇ ਹਨ। ਇਸ ਦੇ ਜਵਾਬ ’ਚ ਬਾਜਵਾ ਨੇ ਕਿਹਾ ਕਿ ਕਿਸਾਨ ਆਗੂਆਂ ਨੂੰ ਗ੍ਰਿਫ਼ਤਾਰ ਅਤੇ ਬਾਰਡਰਾਂ ਤੋਂ ਉਨ੍ਹਾਂ ਦੇ ਤੰਬੂ ਪੰਜਾਬ ਪੁਲੀਸ ਨੇ ਪੁੱਟੇ ਹਨ। ਦੋਵੇਂ ਆਗੂ ਮੁੜ ਉਦੋਂ ਭਿੜ ਪਏ ਜਦੋਂ ਬਾਜਵਾ ਨੇ ਨਸ਼ਿਆਂ ਖ਼ਿਲਾਫ਼ ਮੁਹਿੰਮ ’ਚ ਮਗਰਮੱਛਾਂ ਨੂੰ ਹੱਥ ਨਾ ਪਾਉਣ ਦੀ ਟਕੋਰ ਮਾਰੀ। ਕੁਲਦੀਪ ਸਿੰਘ ਧਾਲੀਵਾਲ ਅਤੇ ਵਿਧਾਇਕ ਇੰਦਰਜੀਤ ਕੌਰ ਮਾਨ ਨੇ ਉੱਠ ਕੇ ਵਿਰੋਧ ਸ਼ੁਰੂ ਕਰ ਦਿੱਤਾ। ਬਾਜਵਾ ਨੇ ਕਿਹਾ ਕਿ ਭਗੌੜੇ ਐਲਾਨੇ ਪੁਲੀਸ ਅਧਿਕਾਰੀ ਰਾਜਮੀਤ ਸਿੰਘ ਦਾ ਘਰ ਕਿਉਂ ਨਹੀਂ ਢਾਹਿਆ ਜਾ ਰਿਹਾ ਹੈ। ਉਨ੍ਹਾਂ ਇਹ ਵੀ ਸਵਾਲ ਕੀਤਾ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਕਰਾਉਣ ਵਾਲੇ ਗੁਰਸ਼ੇਰ ਸਿੰਘ ਦਾ ਘਰ ਸਰਕਾਰ ਨੂੰ ਅਜੇ ਤੱਕ ਕਿਉਂ ਨਹੀਂ ਲੱਭਿਆ ਹੈ। ਹਾਕਮ ਧਿਰ ਤਰਫ਼ੋਂ ਨਸ਼ਿਆਂ ਖ਼ਿਲਾਫ਼ ਚਲਾਈ ਮੁਹਿੰਮ ਬਦਲੇ ਸਰਕਾਰ ਦੀ ਪਿੱਠ ਥਾਪੜੀ ਗਈ ਜਦੋਂ ਕਿ ਵਿਰੋਧੀਆਂ ਨੇ ਨੁਕਤੇ ਪੇਸ਼ ਕਰਕੇ ਉਸ ’ਤੇ ਸਵਾਲ ਖੜ੍ਹੇ ਕੀਤੇ। ਬਾਜਵਾ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਨਾਮ ਲਏ ਬਿਨਾਂ ਕਿਹਾ ਕਿ ਸੰਸਦ ਵਿੱਚ ਜੋ ਕੁੱਝ ਸਿੱਖ ਭਾਈਚਾਰੇ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਲੈ ਕੇ ਬੋਲਿਆ ਗਿਆ ਹੈ, ਉਸ ਖ਼ਿਲਾਫ਼ ਨਿੰਦਾ ਪ੍ਰਸਤਾਵ ਪੇਸ਼ ਕੀਤਾ ਜਾਣਾ ਚਾਹੀਦਾ ਹੈ। ਭਾਜਪਾ ਵਿਧਾਇਕ ਅਸ਼ਵਨੀ ਸ਼ਰਮਾ ਨੇ ਇਸ ’ਤੇ ਇਤਰਾਜ਼ ਕਰਦਿਆਂ ਕਿਹਾ ਕਿ ਪੰਜਾਬ ਦੇ ਮਾਹੌਲ ਨੂੰ ਖ਼ਰਾਬ ਨਾ ਕੀਤਾ ਜਾਵੇ ਅਤੇ ਅਜਿਹੀਆਂ ਗੱਲਾਂ ਤੋਂ ਗੁਰੇਜ਼ ਕੀਤਾ ਜਾਵੇ ਜਿਸ ਨਾਲ ਭਾਈਚਾਰੇ ਨੂੰ ਸੱਟ ਵੱਜਦੀ ਹੋਵੇ। ਬਹਿਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਗਨੀਵ ਕੌਰ ਅਤੇ ਮਨਪ੍ਰੀਤ ਸਿੰਘ ਇਯਾਲੀ ਸਦਨ ’ਚੋਂ ਗ਼ੈਰਹਾਜ਼ਰ ਰਹੇ। ਇਸ ਦੌਰਾਨ ਵਿਧਾਨ ਸਭਾ ਦੀਆਂ ਕਈ ਕਮੇਟੀਆਂ ਦੀਆਂ ਰਿਪੋਰਟਾਂ ਵੀ ਪੇਸ਼ ਕੀਤੀਆਂ ਗਈਆਂ।
ਬਾਜਵਾ ਅਤੇ ਪਰਗਟ ’ਤੇ ਮਿਹਰਬਾਨ ਹੋਏ ਸਪੀਕਰ
ਸਪੀਕਰ ਕੁਲਤਾਰ ਸਿੰਘ ਸੰਧਵਾਂ ਅੱਜ ਸਦਨ ’ਚ ਬੋਲਣ ਲਈ ਸਮਾਂ ਦੇਣ ਦੇ ਮਾਮਲੇ ’ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਵਿਧਾਇਕ ਪਰਗਟ ਸਿੰਘ ’ਤੇ ਨਿਹਾਲ ਰਹੇ। ਬਾਜਵਾ ਤੇ ਪਰਗਟ ਸਿੰਘ ਨੂੰ ਉਦੋਂ ਤੱਕ ਸਮਾਂ ਮਿਲਿਆ ਜਦੋਂ ਤੱਕ ਉਹ ਖ਼ੁਦ ਬੋਲਣ ਤੋਂ ਨਾ ਰੁਕੇ। ਸਪੀਕਰ ਨੇ ਸਦਨ ਵਿੱਚ ਦੱਸਿਆ ਕਿ ਕਾਂਗਰਸ ਨੂੰ ਬਣਦੇ 25 ਮਿੰਟ ਦੇ ਸਮੇਂ ਦੇ ਬਦਲੇ 39.39 ਮਿੰਟ ਸਮਾਂ ਦਿੱਤਾ ਗਿਆ ਜਦੋਂ ਕਿ ਬਸਪਾ ਨੂੰ ਦੋ ਮਿੰਟ ਦੀ ਥਾਂ ਛੇ ਮਿੰਟ, ਆਜ਼ਾਦ ਨੂੰ 2 ਮਿੰਟ ਦੀ ਥਾਂ 9.56 ਮਿੰਟ ਅਤੇ ਭਾਜਪਾ ਨੂੰ 3 ਮਿੰਟ ਦੇ ਬਦਲੇ ਵਿੱਚ 3.26 ਮਿੰਟ ਦਾ ਸਮਾਂ ਦਿੱਤਾ ਗਿਆ। ਦੂਜੇ ਪਾਸੇ ਖਹਿਰਾ ਅੱਜ ਸੁੱਚੇ ਮੂੰਹ ਹੀ ਸਦਨ ’ਚੋਂ ਪਰਤੇ।