ਆਸਟਰੇਲੀਆ: ਪਾਰਲੀਮੈਂਟ ਚੋਣਾਂ 3 ਮਈ ਨੂੰ, ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਗਵਰਨਰ-ਜਨਰਲ ਨੂੰ ਸੰਸਦ ਭੰਗ ਕਰਨ ਲਈ ਕਿਹਾ
ਗੁਰਚਰਨ ਸਿੰਘ ਕਾਹਲੋਂ
ਸਿਡਨੀ, 28 ਮਾਰਚ
ਆਸਟਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਗਵਰਨਰ-ਜਨਰਲ ਸੈਮ ਮੋਸਟਿਨ ਨੂੰ ਸੰਸਦ ਭੰਗ ਕਰਨ ਲਈ ਕਿਹਾ ਹੈ ਅਤੇ 3 ਮਈ ਨੂੰ ਪਾਰਲੀਮੈਂਟ ਚੋਣਾਂ ਦਾ ਐਲਾਨ ਕੀਤਾ ਹੈ। ਪੰਜ ਹਫ਼ਤਿਆਂ ਦੀ ਚੋਣ ਮੁਹਿੰਮ ਵਿੱਚ ਸੰਸਦ ਦੀਆਂ ਸਾਰੀਆਂ 150 ਸੀਟਾਂ ਅਤੇ 40 ਸੈਨੇਟ ਸਾਂਸਦ ਸੀਟਾਂ ਲਈ ਵੋਟਾਂ ਰਾਹੀਂ ਸਿੱਧੀ ਚੋਣ ਹੋਵੇਗੀ। ਇਸ ਦੌਰਾਨ ਸੱਤਾਧਾਰੀ ਆਸਟਰੇਲੀਅਨ ਲੇਬਰ ਪਾਰਟੀ ਅਤੇ ਮੁੱਖ ਵਿਰੋਧੀ ਧਿਰ ਲਿਬਰਲ-ਨੈਸ਼ਨਲ ਗੱਠਜੋੜ ਵਿੱਚ ਸਿੱਧਾ ਚੋਣ ਮੁਕਾਬਲਾ ਹੋਵੇਗਾ।
ਲਗਭਗ ਇੱਕ ਸਦੀ ਤੋਂ ਇੱਕ ਟਰਮ/ਕਾਰਜਕਾਲ ਤੋਂ ਬਾਅਦ ਕਿਸੇ ਵੀ ਪਾਰਟੀ ਨੂੰ ਸਰਕਾਰ ਤੋਂ ਬਾਹਰ ਨਹੀਂ ਕੀਤਾ ਗਿਆ ਹੈ, ਪਰ ਵਿਰੋਧੀ ਧਿਰ ਦੇ ਨੇਤਾ ਪੀਟਰ ਡਟਨ ਇਹ ਤਬਦੀਲੀ ਦੀ ਉਮੀਦ ਕਰ ਰਹੇ ਹਨ। ਲੇਬਰ ਸਰਕਾਰ ਕੋਲ ਇਸ ਵੇਲੇ ਪਾਰਲੀਮੈਂਟ ਵਿੱਚ 78 ਸੀਟਾਂ ਹਨ, ਜਦੋਂ ਕਿ ਗੱਠਜੋੜ ਕੋਲ 55 ਅਤੇ 16 ਛੋਟੀਆਂ ਪਾਰਟੀਆਂ ਅਤੇ ਆਜ਼ਾਦ ਉਮੀਦਵਾਰਾਂ ਦੇ ਹੱਥਾਂ ਵਿੱਚ ਹਨ। ਪਿਛਲੀਆਂ ਚੋਣਾਂ ਦੌਰਾਨ 150 ਚੋਣ ਖੇਤਰਾਂ ਵਿੱਚੋਂ 51 ਕੇਵਲ 6 ਪ੍ਰਤੀਸ਼ਤ ਤੋਂ ਘੱਟ ਵੋਟਾਂ ਦੇ ਫਰਕ ’ਤੇ ਜਿੱਤੇ ਸਨ। ਜਦੋਂ ਕਿ 10 ਸੀਟਾਂ ਜੋ ਕਿ ਸਰਕਾਰ ਬਣਾਉਣ ਦਾ ਤਵਾਜ਼ਨ ਰੱਖਦਿਆ ਹਨ ਦਾ ਇਸ ਵਾਰ ਵੀ ਮਾਮੂਲੀ ਫਰਕ ਰਹਿਣ ਦੀ ਸੰਭਾਵਨਾ ਹੈ।