ਕਾਂਗਰਸ ਤੇ ਭਾਜਪਾ ਆਗੂ ‘ਆਪ’ ’ਚ ਸ਼ਾਮਲ
ਸਿਮਰਤਪਾਲ ਸਿੰਘ ਬੇਦੀ
ਜੰਡਿਆਲਾ ਗੁਰੂ, 30 ਮਾਰਚ
ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਦੇ ਸਾਬਕਾ ਸੂਬਾ ਸਕੱਤਰ ਜਗਰੂਪ ਸਿੰਘ ਰੂਬੀ ਅਤੇ ਭਾਜਪਾ ਦੇ ਓਬੀਸੀ ਮੋਰਚਾ ਪੰਜਾਬ ਦੇ ਸਕੱਤਰ ਤੇਜਿੰਦਰ ਸਿੰਘ ਚੰਦੀ ਆਪਣੇ ਸੈਂਕੜੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ਕੈਬਨਿਟ ਮੰਤਰੀ ਹਰਭਜਨ ਸਿੰਘ ਸਿੰਘ ਈਟੀਓ ਨੇ ਕਿਹਾ ‘ਆਪ’ ਵਿੱਚ ਸ਼ਾਮਲ ਹੋਣ ਵਾਲਿਆਂ ਨੂੰ ਪਾਰਟੀ ਵਿੱਚ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਗਰੂਪ ਸਿੰਘ ਰੂਬੀ ਤੇ ਤੇਜਿੰਦਰ ਸਿੰਘ ਚੰਦੀ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਪੰਜਾਬ ਸਰਕਾਰ ਦਾ ਮੁੱਖ ਮਕਸਦ ਪੰਜਾਬ ਨੂੰ ਨਸ਼ਾਮੁਕਤ ਕਰਕੇ ਜਵਾਨੀ ਨੂੰ ਬਚਾਉਣਾ ਅਤੇ ਨਸ਼ਾ ਤਸਕਰਾਂ ਨੂੰ ਕਾਨੂੰਨ ਮੁਤਾਬਕ ਸਜ਼ਾ ਦਿਵਾਉਣਾ ਹੈ। ਕਾਂਗਰਸ ਅਤੇ ਭਾਜਪਾ ਨੂੰ ਛੱਡ ਕੇ ਆਪਣੇ ਸੈਂਕੜੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਜਗਰੂਪ ਸਿੰਘ ਰੂਬੀ ਅਤੇ ਤੇਜਿੰਦਰ ਸਿੰਘ ਚੰਦੀ ਨੇ ਕਿਹਾ ਉਹ ਹਰਭਜਨ ਸਿੰਘ ਈਟੀਓ ਦੀ ਸ਼ਾਨਦਾਰ ਕਾਰਗੁਜ਼ਾਰੀ ਤੋਂ ਪ੍ਰਭਾਵਿਤ ਹੋ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਹਨ। ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਵਾਲਿਆਂ ’ਚ ਸੰਦੀਪ ਸਿੰਘ ਚੌਹਾਨ, ਕਰਨ ਖੇਲਾ, ਅਰਸ਼ ਖੇਲਾ, ਕਰਨ ਢੋਟ, ਜਗਰੂਪ ਸਿੰਘ ਰੂਪਾ ਸਰਪੰਚ ਚੌਹਾਨ, ਸਰਪੰਚ ਹਰਜਿੰਦਰ ਸਿੰਘ ਤਲਵੰਡੀ ਡੋਗਰਾਂ ਆਦਿ ਹਨ।
ਕਣਕ ਦੀ ਖਰੀਦ ’ਚ ਪ੍ਰੇਸ਼ਾਨੀ ਨਹੀਂ ਆਉਣ ਦਿਆਂਗੇ: ਈਟੀਓ
ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਜੰਡਿਆਲਾ ਗੁਰੂ ਮੰਡੀ ’ਚ ਆੜ੍ਹਤੀਆ ਐਸੋਸੀਏਸ਼ਨ ਨਾਲ ਗੱਲਬਾਤ ਕਰਦੇ ਹੋਏ ਭਰੋਸਾ ਦਿੱਤਾ ਕਿ ਇਸ ਵਾਰ ਵੀ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਕਣਕ ਦੀ ਖਰੀਦ ਵਿੱਚ ਕੋਈ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਇਸ ਮੌਕੇ ਆੜ੍ਹਤੀਆ ਐਸੋਸੀਏਸ਼ਨ ਜੰਡਿਆਲਾ ਗੁਰੂ ਦੀ ਚੋਣ ਸਰਬਸੰਮਤੀ ਨਾਲ ਪੂਰੀ ਕਰਵਾਈ, ਜਿਸ ਵਿੱਚ ਸੁਨੀਲ ਪਾਸੀ ਬੱਬਾ ਨੂੰ ਪ੍ਰਧਾਨ ਚੁਣ ਲਿਆ ਗਿਆ।