ਅੰਮ੍ਰਿਤਸਰ ’ਚ ਵਧਾਈ ਬੋਰਡ ਲਾਉਣ ਦਾ ਮਾਮਲਾ ਭਖਿਆ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 18 ਅਗਸਤ
ਸਾਬਕਾ ਕੇਂਦਰੀ ਮੰਤਰੀ ਜਗਦੀਸ਼ ਟਾਈਟਲਰ ਨੂੰ ਜਨਮ ਦਿਨ ਦੀ ਵਧਾਈ ਦੇਣ ਦਾ ਮਾਮਲਾ ਅੱਜ ਉਸ ਵੇਲੇ ਭਖ ਗਿਆ ਜਦੋਂ ਬੋਰਡ ਲਾਉਣ ਵਾਲੇ ਵਿਅਕਤੀ ਵਲੋਂ ਦਿੱਤੀ ਚੁਣੌਤੀ ਨੂੰ ਕਬੂਲ ਕਰਦਿਆਂ ਸਿੱਖ ਜਥੇਬੰਦੀਆਂ ਦੇ ਕਾਰਕੁਨ ਮਜੀਠਾ ਰੋਡ ਬੋਰਡ ਲਾਉਣ ਵਾਲੀ ਥਾਂ ’ਤੇ ਪੁੱਜ ਗਏ। ਮਾਹੌਲ ਤਣਾਅਪੂਰਣ ਬਣ ਗਿਆ ਪਰ ਚੁਣੌਤੀ ਦੇਣ ਵਾਲੇ ਦੇ ਨਾ ਪੁੱਜਣ ਕਾਰਨ ਸਿੱਖ ਜਥੇਬੰਦੀਆਂ ਪਰਤ ਆਈਆਂ।
ਸਥਾਨਕ ਮਜੀਠਾ ਰੋਡ ’ਤੇ ਕਰਮਜੀਤ ਸਿੰਘ ਗਿੱਲ ਨਾਂ ਦੇ ਵਿਅਕਤੀ ਵਲੋਂ ਐਤਵਾਰ ਨੂੰ ਬੋਰਡ ਲਾਇਆ ਗਿਆ ਸੀ, ਜਿਸ ਵਿਚ ਸਾਬਕਾ ਕੇਂਦਰੀ ਮੰਤਰੀ ਜਗਦੀਸ਼ ਟਾਈਟਲਰ ਨੂੰ ਉਸ ਦੇ ਜਨਮ ਦਿਨ ਦੀ ਵਧਾਈ ਦਿੱਤੀ ਗਈ ਸੀ। ਇਸ ਬੋਰਡ ਬਾਰੇ ਪਤਾ ਲੱਗਣ ’ਤੇ ਸਿੱਖ ਜਥੇਬੰਦੀਆਂ ਨੇ ਇਸ ਦਾ ਵਿਰੋਧ ਕੀਤਾ ਅਤੇ ਇਹ ਬੋਰਡ ਇਮਾਰਤ ਤੋਂ ਹੇਠਾਂ ਉਤਾਰ ਦਿੱਤਾ ਸੀ।
ਅੱਜ ਦੁਪਹਿਰ ਵੇਲੇ ਮਜੀਠਾ ਰੋਡ ’ਤੇ ਇਸੇ ਥਾਂ ’ਤੇ ਉਸ ਵੇਲੇ ਤਣਾਅ ਵਾਲਾ ਮਾਹੌਲ ਬਣ ਗਿਆ ਜਦੋਂ ਸਿੱਖ ਜਥੇਬੰਦੀਆਂ ਦੇ ਕਾਰਕੁਨ ਇਕੱਠੇ ਹੋ ਕੇ ਇੱਥੇ ਪੁੱਜ ਗਏ। ਸੂਚਨਾ ਮਿਲਣ ’ਤੇ ਪੁਲੀਸ ਵੀ ਮੌਕੇ ’ਤੇ ਪੁੱਜ ਗਈ। ਲਗਪਗ ਦੋ ਘੰਟੇ ਦੀ ਉਡੀਕ ਮਗਰੋਂ ਇਹ ਕਾਰਕੁਨ ਵਾਪਸ ਪਰਤ ਆਏ। ਸਿੱਖ ਕਾਰਕੁਨਾਂ ਨੇ ਥਾਣਾ ਸਦਰ ਵਿਚ ਜਾ ਕੇ ਬੋਰਡ ਲਾਉਣ ਵਾਲੇ ਕਰਮਜੀਤ ਸਿੰਘ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ।
ਸਿੱਖ ਆਗੂ ਪਰਮਜੀਤ ਸਿੰਘ ਅਕਾਲੀ ਨੇ ਆਖਿਆ ਕਿ ਸੋਸ਼ਲ ਮੀਡੀਆ ’ਤੇ ਬੋਰਡ ਲਾਉਣ ਵਾਲੇ ਨੇ ਚਿਤਾਵਨੀ ਦਿੱਤੀ ਸੀ ਕਿ ਇਹ ਬੋਰਡ ਉਸ ਦੀ ਗ਼ੈਰਹਾਜ਼ਰੀ ਵਿਚ ਉਤਾਰਿਆ ਗਿਆ ਹੈ। ਉਸ ਨੇ ਸਿੱਖ ਜਥੇਬੰਦੀਆਂ ਨੂੰ ਅੱਜ 2 ਵਜੇ ਉਸੇ ਸਥਾਨ ’ਤੇ ਪੁੱਜਣ ਲਈ ਆਖਿਆ ਸੀ। ਉਨ੍ਹਾਂ ਦੱਸਿਆ ਕਿ ਸਿੱਖ ਜਥੇਬੰਦੀਆਂ ਦੇ ਕਾਰਕੁੰਨਾਂ ਨੇ ਚੁਣੌਤੀ ਦੇਣ ਵਾਲੇ ਦੀ 2 ਵਜੇ ਤਕ ਉਡੀਕ ਕੀਤੀ ਗਈ ਹੈ ਪਰ ਉਹ ਨਹੀਂ ਆਇਆ। ਉਨ੍ਹਾਂ ਆਖਿਆ ਕਿ ਸਿੱਖ ਕਤਲੇਆਮ ਲਈ ਕਥਿਤ ਦੋਸ਼ੀ ਦੇ ਬੋਰਡ ਸ਼ਹਿਰ ਵਿਚ ਨਹੀਂ ਲੱਗਣ ਦਿੱਤੇ ਜਾਣਗੇ। ਇਸ ਦੌਰਾਨ ਨਾਅਰੇਬਾਜ਼ੀ ਵੀ ਕੀਤੀ ਗਈ।