ਮੁਸਲਮਾਨਾਂ ਦੇ ਵਫ਼ਦ ਵੱਲੋਂ ਜਥੇਦਾਰ ਗੜਗੱਜ ਨਾਲ ਮੁਲਾਕਾਤ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 4 ਅਪਰੈਲ
ਮੁਸਲਿਮ ਭਾਈਚਾਰੇ ਦੀ ਜਮੀਅਤ ਉਲੇਮਾ-ਏ-ਹਿੰਦ ਸੰਸਥਾ ਦੇ ਵਫ਼ਦ ਨੇ ਅੱਜ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨਾਲ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿਖੇ ਮੁਲਾਕਾਤ ਕਰ ਕੇ ਵਕਫ਼ ਸੋਧ ਬਿੱਲ ਬਾਰੇ ਚਰਚਾ ਕੀਤੀ। ਜਥੇਦਾਰ ਨੇ ਆਖਿਆ ਕਿ ਸਰਕਾਰਾਂ ਨੂੰ ਕੋਈ ਵੀ ਅਜਿਹਾ ਕੰਮ ਨਹੀਂ ਕਰਨਾ ਚਾਹੀਦਾ, ਜਿਸ ਨਾਲ ਕਿਸੇ ਭਾਈਚਾਰੇ ਨੂੰ ਇਹ ਲੱਗੇ ਕਿ ਉਨ੍ਹਾਂ ਦਾ ਹੱਕ ਖੋਹਿਆ ਜਾ ਰਿਹਾ ਹੈ। ਮੁਸਲਿਮ ਵਫ਼ਦ ਅਤੇ ਜਥੇਦਾਰ ਗੜਗੱਜ ਵਿਚਾਲੇ ਸਿੱਖ ਤੇ ਮੁਸਲਮਾਨਾਂ ਦੀ ਆਪਸੀ ਸਾਂਝ, ਸਦਭਾਵਨਾ ਅਤੇ ਦੋਵੇਂ ਧਰਮਾਂ ਦੇ ਸਨਮੁਖ ਚੁਣੌਤੀਆਂ ਸਬੰਧੀ ਵਿਚਾਰਾਂ ਹੋਈਆਂ। ਮੁਸਲਿਮ ਵਫ਼ਦ ’ਚ ਸ਼ਾਮਲ ਆਗੂਆਂ ਨੇ ਕਿਹਾ ਕਿ ਉਨ੍ਹਾਂ ਦੀ ਸੰਸਥਾ ਦੀ ਸਿੱਖਾਂ ਦੇ ਸਰਬਉੱਚ ਸਥਾਨ ਅਕਾਲ ਤਖ਼ਤ ਸਾਹਿਬ ਨਾਲ ਲੰਮੇ ਸਮੇਂ ਤੋਂ ਸਾਂਝ ਕਾਇਮ ਹੈ। ਇਸ ਦੌਰਾਨ ਜਥੇਦਾਰ ਨੇ ਵੀ ਮੁਸਲਿਮ ਵਫ਼ਦ ਨੂੰ ਸਿੱਖਾਂ ਦੀ ਤਰਫ਼ੋਂ ਅਜਿਹਾ ਹੀ ਭਰੋਸਾ ਦਿੱਤਾ। ਵਫ਼ਦ ਨੇ ਜਥੇਦਾਰ ਗੜਗੱਜ ਨਾਲ ਵਕਫ਼ ਸੋਧ ਬਿੱਲ ਤੇ ਹੋਰ ਧਾਰਮਿਕ ਮਾਮਲਿਆਂ ਸਬੰਧੀ ਵੀ ਵਿਚਾਰਾਂ ਕੀਤੀਆਂ।
ਮੀਡੀਆ ਨਾਲ ਗੱਲਬਾਤ ਕਰਦਿਆਂ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਬੰਦੀ ਸਿੰਘ ਬੀਤੇ ਤਿੰਨ-ਤਿੰਨ ਦਹਾਕਿਆਂ ਤੋਂ ਜੇਲ੍ਹਾਂ ’ਚ ਬੰਦ ਹਨ, ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ ਪਰ ਜਦੋਂ ਘੱਟ-ਗਿਣਤੀਆਂ ਦੇ ਹੱਕਾਂ ਨੂੰ ਦੱਬਣ ਦੀ ਗੱਲ ਆਉਂਦੀ ਹੈ ਤਾਂ ਉੱਥੇ ਝੱਟ ਹੀ ਬਿੱਲ ਪਾਸ ਹੋ ਜਾਂਦੇ ਹਨ। ਮੁਸਲਿਮ ਵਫ਼ਦ ਵਿੱਚ ਜਮੀਅਤ ਉਲੇਮਾ- ਏ-ਹਿੰਦ ਦੇ ਜਨਰਲ ਸਕੱਤਰ ਮੌਲਾਨਾ ਹਕੀਮੁਦੀਨ ਕਾਸਮੀ, ਓਵੈਸ ਸੁਲਤਾਨ ਖਾਨ, ਮੌਲਾਨਾ ਅਲੀ ਹਸਨ, ਮੌਲਾਨਾ ਆਰਿਫ਼, ਮੁਫਤੀ ਮਹਿੰਦੀ ਹਸਨ ਆਈਨੀ, ਮੌਲਾਨਾ ਜਾਵੇਦ ਸਿੱਦੀਕੀ ਸ਼ਾਮਲ ਸਨ।