ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਨੌਜਵਾਨਾਂ ਦੀਆਂ ਉਲਝਣਾਂ ਅਤੇ ਆਸਾਂ

12:36 PM Jun 04, 2023 IST

ਡਾ. ਸ਼ਿਆਮ ਸੁੰਦਰ ਦੀਪਤੀ

Advertisement

ਪਣੀ ਗੱਲ ਇਨ੍ਹਾਂ ਦੋ ਹਾਲਤਾਂ ਤੋਂ ਸ਼ੁਰੂ ਕਰਦੇ ਹਾਂ: ਇਕ ਮਾਤਾ ਹੈ, ਉਹ ਕਿਸੇ ਡਾਕਟਰ ਨੂੰ ਫੋਨ ਕਰਦੀ ਹੈ ਜੋ ਨਸ਼ਾ ਛੁਡਾਉਣ ਦਾ ਮਾਹਿਰ ਹੈ। ਡਾਕਟਰ ਨੂੰ ਆਪਣੇ ਬੱਚੇ ਦੇ ਨਸ਼ੇੜੀ ਹੋਣ ਬਾਰੇ ਦੱਸਦੀ ਹੈ ਤਾਂ ਡਾਕਟਰ ਉਸ ਨੂੰ ਲੈ ਕੇ ਆਉਣ, ਦਾਖਲ ਕਰਵਾਉਣ ਦੀ ਸਲਾਹ ਦਿੰਦਾ ਹੈ। ਅੱਗੋਂ ਮਾਂ ਕਹਿੰਦੀ ਹੈ, ”ਤੁਹਾਡੇ ਕੋਲ ਕੋਈ ਪ੍ਰਬੰਧ ਨਹੀਂ ਹੈ ਕਿ ਕੋਈ ਆ ਕੇ ਲੈ ਜਾਵੇ ਤੇ ਜਦੋਂ ਠੀਕ ਹੋ ਗਿਆ ਫਿਰ ਅਸੀਂ ਦੇਖ ਲਵਾਂਗੇ।”

ਦੂਸਰੀ ਹਾਲਤ ਹੈ ਕਿ ਇਕ ਪਿਤਾ ਕਹਿ ਰਿਹਾ ਹੈ, ”ਮੇਰਾ ਇਕ ਵਾਕਫ਼ ਪੁਲੀਸ ਵਿਚ ਹੈ, ਉਸ ਨੂੰ ਕਹਿ ਕੇ ਮੁੰਡੇ ਨੂੰ ਦੋ ਦਿਨ ਜੇਲ੍ਹ ਵਿਚ ਬੰਦ ਕਰਵਾਇਆ। ਡਰ ਪਾਇਆ। ਪਰ ਇਹ ਸਮਝ ਹੀ ਨਹੀਂ ਰਿਹਾ।”

Advertisement

ਠੀਕ ਹੈ ਕਿ ਦੋਵੇਂ ਹਾਲਤਾਂ ਵਿਚ ਨੌਜਵਾਨ ਨਸ਼ੇ ਦਾ ਸ਼ਿਕਾਰ ਹੋਇਆ ਹੈ। ਇਹ ਗੱਲ ਸਹੀ ਹੈ ਕਿ ਉਹ ਸ਼ਿਕਾਰ ਹੋਇਆ ਹੈ। ਨਸ਼ੇ ਕਰਨਾ ਉਸ ਦੀ ਚੋਣ ਨਹੀਂ ਸੀ, ਉਸ ਦੀ ਨਾ ਮਰਜ਼ੀ ਸੀ ਤੇ ਨਾ ਹੀ ਦਿਲਚਸਪੀ। ਫਿਰ ਵੀ ਜੇਕਰ ਉਸ ਤੋਂ ਗਲਤੀ ਹੋ ਗਈ ਹੈ, ਕੀ ਉਹ ਆਪਣੇ ਮਾਂ-ਪਿਉ ਤੋਂ ਅਜਿਹੇ ਵਿਹਾਰ ਦੀ ਆਸ ਕਰਦਾ ਹੈ?

ਨੌਜਵਾਨਾਂ ਬਾਰੇ ਇਹ ਤਸਵੀਰ ਸਾਡੇ ਸਾਹਮਣੇ ਆ ਰਹੀ ਹੈ, ਉਭਾਰੀ ਜਾ ਰਹੀ ਹੈ ਕਿ ਉਹ ਪੜ੍ਹਦੇ ਨਹੀਂ, ਸਮਾਂ ਬਰਬਾਦ ਕਰਦੇ ਹਨ; ਮੋਬਾਈਲ ਹੋਵੇ ਜਾਂ ਗੇੜੀਆਂ ਮਾਰਨੀਆਂ; ਕਿਸੇ ਦੀ ਇੱਜ਼ਤ ਨਹੀਂ ਕਰਦੇ, ਕਹਿਣਾ ਨਹੀਂ ਮੰਨਦੇ; ਹੱਥੀਂ ਕੰਮ ਕਰਨ ਵਿਚ ਭੋਰਾ ਵੀ ਵਿਸ਼ਵਾਸ ਨਹੀਂ ਹੈ, ਫੈਸ਼ਨਪ੍ਰਸਤ ਨੇ, ਦਿਖਾਵੇ ਵਿਚ ਯਕੀਨ ਹੈ; ਖੇਡ ਦੇ ਮੈਦਾਨ ਤੋਂ ਦੂਰ ਨੇ ਆਦਿ।

ਹਰ ਇਕ ਮਨੁੱਖੀ ਵਿਹਾਰ ਸਿੱਖਿਆ ਹੋਇਆ ਹੁੰਦਾ ਹੈ। ਕੁਦਰਤੀ ਵਿਹਾਰ ਦਾ ਯੋਗਦਾਨ ਬਹੁਤ ਘੱਟ ਹੈ। ਮਨੁੱਖ ਕੁਦਰਤ ਦੇ ਨਾਲ-ਨਾਲ ਸਮਾਜਿਕ ਵਿਵਸਥਾ ਰਾਹੀਂ ਵੀ ਸੰਚਾਲਿਤ ਹੁੰਦਾ ਹੈ। ਜੇਕਰ ਕੁਦਰਤੀ ਵਿਕਾਸ ਦੀ ਗੱਲ ਕਰੀਏ ਤੇ ਇਹ ਚਾਹਤ ਹੋਵੇ ਕਿ ਉਹ ਸਰਬਪੱਖੀ ਹੋਵੇ ਤੇ ਇਕ ਵਧੀਆ ਧੜਕਦਾ-ਨਿਖਰਦਾ ਜੀਵਨ ਜਿਉਣ ਦੀ ਰਾਹ ਪੈਣ ਵਾਲਾ ਹੋਵੇ ਤਾਂ ਇਹ ਪਤਾ ਹੋਣਾ ਲਾਜ਼ਮੀ ਹੈ ਕਿ ਜਨਮ ਤੋਂ ਬੁਢਾਪੇ ਤਕ ਮਨੁੱਖੀ ਜੀਵਨ ਦੇ ਹਰ ਪੜਾਅ ਦੀਆਂ ਆਪੋ-ਆਪਣੀਆਂ ਵੱਖਰੀਆਂ ਜ਼ਰੂਰਤਾਂ ਹਨ। ਅਸੀਂ ਰਵਾਇਤੀ ਤੌਰ ‘ਤੇ ਜੀਵਨ ਦੇ ਤਿੰਨ ਪੜਾਵਾਂ- ਬਚਪਨ, ਜਵਾਨੀ ਅਤੇ ਬੁਢਾਪਾ ਬਾਰੇ ਸੁਣਦੇ ਆਏ ਹਾਂ। ਪਰ ਪਿਛਲੇ ਚਾਰ-ਪੰਜ ਦਹਾਕਿਆਂ ਤੋਂ ਬਚਪਨ ਅਤੇ ਜਵਾਨੀ ਦੇ ਵਿਚਕਾਰਲੇ ਸਮੇਂ, ਨੌਂ ਸਾਲ ਤੋਂ ਉੱਨੀ ਸਾਲ ਉਮਰ ਨੂੰ ਇਕ ਵੱਖਰਾ ਤੇ ਅਹਿਮ ਸਮਾਂ ਮੰਨਿਆ ਗਿਆ ਹੈ। ਇਸ ਉਮਰੇ ਵਿਅਕਤੀ ਜਵਾਨ ਹੋਣ ਵੱਲ ਵਧ ਰਿਹਾ ਹੁੰਦਾ ਹੈ। ਇਸ ਤਰ੍ਹਾਂ ਜਵਾਨੀ ਤੋਂ ਬੁਢਾਪੇ ਦੇ ਦਰਮਿਆਨ ਪੰਜਤਾਲੀ ਤੋਂ ਸੱਠ ਸਾਲ ਦਾ ਸਮਾਂ ਅਧਖੜ ਉਮਰ ਦਾ ਹੈ।

ਇੱਥੇ ਫਿਲਹਾਲ ਜਵਾਨੀ ਦੇ ਸਮੇਂ ਦੀ ਗੱਲ ਕਰ ਰਹੇ ਹਾਂ ਕਿ ਉਹ ਕੀ ਮਹਿਸੂਸ ਕਰਦੇ ਹਨ ਅਤੇ ਮਾਪਿਆਂ ਤੇ ਅਧਿਆਪਕਾਂ ਤੋਂ ਕੀ ਆਸ ਕਰਦੇ ਹਨ। ਵੱਡੇ ਪਰਿਪੇਖ ਵਿਚ ਉਹ ਦੇਸ਼ ਦੀ ਸੱਤਾ ਭਾਵ ਸਿਆਸਤ ਤੋਂ ਵੀ ਕਾਫ਼ੀ ਉਮੀਦਾਂ ਰੱਖਦੇ ਹਨ।

ਇਹ ਤਬਦੀਲੀ ਦੀ ਉਮਰ ਹੁੰਦੀ ਹੈ ਜੋ ਇਹ ਮੰਗ ਕਰਦੀ ਹੈ ਕਿ ਨੌਜਵਾਨ ਹੋ ਰਹੇ ਬੱਚਿਆਂ ਨੂੰ ਖ਼ਾਸ ਤੌਰ ‘ਤੇ ਤਵੱਜੋ ਦਿੱਤੀ ਜਾਵੇ। ਪਰਵਰਿਸ਼ ਦੀ ਗੱਲ ਕਰੀਏ ਤਾਂ ਉਹ ਮਾਂ-ਪਿਉ ਲਈ ਬਚਪਨ ਦੌਰਾਨ ਵੀ ਹੈ ਤੇ ਨੌਜਵਾਨੀ ਦੇ ਸਮੇਂ ਵੀ।

ਸਭ ਤੋਂ ਅਹਿਮ ਹੈ ਕਿ ਮਾਪਿਆਂ ਨੂੰ ਇਸ ਉਮਰ ਦੀ ਤਬਦੀਲੀ ਦੇ ਮੱਦੇਨਜ਼ਰ ਇਸ ਕਸ਼ਮਕਸ਼ ਦੇ ਸਮੇਂ ਦੌਰਾਨ ਬੱਚੇ ਦੀਆਂ ਹਰ ਤਰ੍ਹਾਂ ਦੀਆਂ ਜ਼ਰੂਰਤਾਂ ਦਾ ਪਤਾ ਹੋਵੇ। ਬੱਚਿਆਂ ਦੀਆਂ ਜ਼ਰੂਰਤਾਂ ਨੂੰ ਲੈ ਕੇ ਗੱਲ ਕਰਨ ਤੋਂ ਪਹਿਲਾਂ ਇੱਕ ਸਰਵੇਖਣ ਦੇ ਕੁਝ ਬਿੰਦੂਆਂ ਨੂੰ ਸਮਝਦੇ ਹਾਂ ਜੋ ਨੌਜਵਾਨ ਹੋ ਰਹੇ ਬੱਚਿਆਂ ਨੇ ਉਭਾਰੇ। ਉਨ੍ਹਾਂ ਤੋਂ ਪੁੱਛਿਆ ਗਿਆ ਸੀ ਕਿ ਮਾਪਿਆਂ, ਅਧਿਆਪਕਾਂ ਜਾਂ ਹੋਰ ਵੱਡੇ-ਵਡੇਰਿਆਂ ਦੀਆਂ ਕਿਹੜੀਆਂ ਉਹ ਗੱਲਾਂ/ਆਦਤਾਂ ਹਨ ਜਿਨ੍ਹਾਂ ਨੂੰ ਲੈ ਕੇ ਤੁਹਾਨੂੰ ਗੁੱਸਾ ਚੜ੍ਹਦਾ ਹੈ ਜਾਂ ਖਿਝ ਆਉਂਦੀ ਹੈ। ਹੋਰ ਸਾਧਾਰਨ ਲਫ਼ਜ਼ਾਂ ਵਿਚ ਸਿੱਧੀ ਤਰ੍ਹਾਂ ਕਹੀਏ ਤਾਂ ਕਿਹੜੀਆਂ ਆਦਤਾਂ ਬੁਰੀਆਂ ਲੱਗਦੀਆਂ ਹਨ।

ਇਸ ਸਰਵੇਖਣ ਵਿਚ ਹਿੱਸਾ ਲੈਣ ਵਾਲੇ ਚੌਦਾਂ ਤੋਂ ਅਠਾਰਾਂ ਸਾਲ ਦੇ ਬੱਚਿਆਂ ਨੇ ਕੁਝ ਗੱਲਾਂ ਨੂੰ ਉਭਾਰਿਆ ਜੋ ਇਸ ਤਰ੍ਹਾਂ ਹਨ:

ਪਹਿਲੀ ਅਤੇ ਸਭ ਤੋਂ ਮਹੱਤਵਪੂਰਨ ਗੱਲ, ਜੋ ਤਕਰੀਬਨ ਸਾਰਿਆਂ ਨੇ ਕਹੀ ਕਿ ਉਨ੍ਹਾਂ ਦੇ ਮਾਪੇ ਰਿਸ਼ਤੇਦਾਰਾਂ, ਗੁਆਂਢੀਆਂ ਦੇ ਬੱਚਿਆਂ ਜਾਂ ਉਨ੍ਹਾਂ ਦੇ ਹੀ ਹੋਰ ਦੋਸਤਾਂ ਸਹੇਲੀਆਂ ਨਾਲ ਉਨ੍ਹਾਂ ਦੀ ਤੁਲਨਾ ਕਰਦੇ ਰਹਿੰਦੇ ਹਨ। ਉਨ੍ਹਾਂ ਨੂੰ ਇਸ ਗੱਲ ਦੀ ਸਮਝ ਨਹੀਂ ਕਿ ਹਰ ਬੱਚਾ ਆਪਣੇ ਆਪ ਵਿਚ ਵਿਸ਼ੇਸ਼ ਤੇ ਵਿਲੱਖਣ ਹੁੰਦਾ ਹੈ। ਸਭ ਵਿਚ ਕੋਈ ਨਾ ਕੋਈ ਖ਼ਾਸ ਗੁਣ/ਹੁਨਰ ਹੁੰਦਾ ਹੈ। ਕੋਈ ਪੜ੍ਹਾਈ ਵਿਚ ਵਧੀਆ ਹੁੰਦਾ ਹੈ, ਕੋਈ ਖੇਡਾਂ ਵਿਚ, ਕਿਸੇ ਨੂੰ ਸੰਗੀਤ ਦਾ ਸ਼ੌਕ ਹੁੰਦਾ ਹੈ। ਇਸ ਲਈ ਮਾਂ-ਪਿਉ ਨੂੰ ਆਪਣੇ ਬੱਚੇ ਦੀ ਲਿਆਕਤ ਨੂੰ ਪਛਾਣਨਾ-ਸਮਝਣਾ ਚਾਹੀਦਾ ਹੈ, ਨਾ ਕਿ ਕਿਸੇ ਦੂਸਰੇ ਨਾਲ ਤੁਲਨਾ ਕਰਨੀ ਚਾਹੀਦੀ ਹੈ।

ਜਵਾਨ ਹੋ ਰਹੇ ਬੱਚਿਆਂ ਦਾ ਆਖਣਾ ਹੈ: ਤੁਲਨਾ ਕਰਕੇ, ਅਸਲ ਵਿਚ ਅਸਿੱਧੇ ਤਰੀਕੇ ਨਾਲ ਦਬਾਅ ਪਾਉਣ ਦੀ ਕੋਸ਼ਿਸ਼ ਹੈ ਕਿ ਅਸੀਂ ਵੀ ਇਸ ਤਰ੍ਹਾਂ ਦੇ ਹੋਈਏ, ਖ਼ਾਸ ਕਰਕੇ ਪੜ੍ਹਾਈ ਵਿਚ। ਇਸ ਤੁਲਨਾ ਦੇ ਪਹਿਲੂ ਤੋਂ ਉਹ ਆਪਣੇ ਬਚਪਨ ਅਤੇ ਜਵਾਨੀ ਦੇ ਦਿਨਾਂ ਨੂੰ ਯਾਦ ਕਰਦੇ ਡੀਂਗਾ ਮਾਰਦੇ ਹਨ, ਆਪਣੇ ਸਮੇਂ ਅਤੇ ਕੀਤੀ ਮਿਹਨਤ ਨੂੰ ਵਡਿਆਉਂਦੇ ਹਨ। ਅਖੇ, ਅਸੀਂ ਇਹ ਸੀ, ਉਹ ਸੀ। ਮਤਲਬ ਅਸੀਂ ਨਿਕੰਮੇ ਹਾਂ, ਗੈਰ-ਜ਼ਿੰਮੇਵਾਰ ਹਾਂ।

ਇਸੇ ਤਰੀਕੇ ਨਾਲ ਇਕ ਹੋਰ ਪੱਖ ਨੌਜਵਾਨਾਂ ਨੂੰ ਪਰੇਸ਼ਾਨ ਕਰਦਾ ਹੈ ਕਿ ਮਾਪੇ ਰਿਸ਼ਤੇਦਾਰਾਂ ਸਾਹਮਣੇ ਉਨ੍ਹਾਂ ਦੀ ਬੇਇੱਜ਼ਤੀ ਕਰਦੇ ਹਨ। ਮਾਪੇ ਆਖਦੇ ਹਨ ‘ਸਾਡਾ ਬੱਚਾ ਆਵਾਰਾਗਰਦੀ ਕਰਦਾ ਹੈ, ਪੜ੍ਹਦਾ ਨਹੀਂ; ਇਹ ਖਰਚੀਲਾ ਹੈ; ਵੰਨ-ਸੁਵੰਨੇ ਸ਼ੌਕ ਹਨ’ ਆਦਿ। ਧੀਆਂ ਪੁੱਤ ਨਾਲ ਇਹ ਵੀ ਕਹਿੰਦੇ ਹਨ ਕਿ ‘ਉਹ ਸਾਡੇ ਮਾਪੇ ਹਨ, ਸਾਡੇ ਵਿਚ ਨੁਕਸ ਕੱਢ ਸਕਦੇ ਹਨ। ਉਹ ਸਾਨੂੰ ਪੜ੍ਹਾ ਰਹੇ ਹਨ, ਸਾਨੂੰ ਸਹੂਲਤਾਂ ਦੇ ਰਹੇ ਹਨ। ਜੇਕਰ ਸਾਡੇ ਵਿਚ ਕੋਈ ਕਮੀ ਦਿਸਦੀ ਹੈ ਤਾਂ ਸਾਨੂੰ ਇਕੱਲਿਆਂ ਨੂੰ ਦੱਸਣ ਨਾ ਕਿ ਹੋਰਾਂ ਸਾਹਮਣੇ ਇਨ੍ਹਾਂ ਨੂੰ ਗਿਣਾਉਣ’।

ਇਕ ਗੱਲ ਹੋਰ ਸਾਹਮਣੇ ਆਈ ਹੈ ਕਿ ਮਾਂ-ਪਿਉ ਦੇ ਕੋਈ ਗੱਲ ਕਹਿਣ ‘ਤੇ ਉਨ੍ਹਾਂ ਨਾਲ ਤਰਕ ਵਿਤਰਕ, ਬਹਿਸ-ਚਰਚਾ ਕਰਨ ਦੀ ਸੂਰਤ ਵਿਚ ਮਾਪੇ ਸਮਝਦੇ ਹਨ ਕਿ ਬੱਚੇ ਉਨ੍ਹਾਂ ਦੀ ਬੇਇੱਜ਼ਤੀ ਕਰ ਰਹੇ ਹਨ। ਛੋਟਾ ਹੋਵੇ ਜਾਂ ਵੱਡਾ, ਸਵਾਲ ਹੈ ਕਿ ਜੋ ਗ਼ਲਤ ਹੈ ਉਹ ਗਲਤ ਹੈ। ਗੱਲ ਸੁਣਨੀ ਚਾਹੀਦੀ ਹੈ। ਦਰਅਸਲ ਦਿੱਕਤ ਇਹ ਹੈ ਕਿ ਜ਼ਿਆਦਾਤਰ ਮਾਪੇ ਉਹੀ ਪੁਰਾਣੇ ਖ਼ਿਆਲਾਂ ਵਾਲੇ ਹਨ ਤੇ ਉਨ੍ਹਾਂ ਨੇ ਆਪਣੇ ਆਪ ਨੂੰ ਸਮੇਂ ਦੇ ਹਾਣ ਦਾ ਨਹੀਂ ਬਣਾਇਆ ਤੇ ਨਾ ਹੀ ਬਣਨ ਲਈ ਤਿਆਰ ਹਨ। ਆਪਣੀ ਰਾਇ ਨੂੰ ਲੈ ਕੇ ਅੜੀਅਲ ਹਨ ਤੇ ਉਹ ਜੋ ਕਹਿੰਦੇ, ਸਮਝਦੇ ਹਨ, ਉਹੀ ਠੀਕ ਹੈ ਬਸ।

ਉਹ ਵੱਡੇ ਹਨ, ਉਨ੍ਹਾਂ ਨੇ ਫ਼ੈਸਲੇ ਲੈਣੇ ਹਨ, ਪਰ ਫ਼ੈਸਲਾ ਲੈਣ ਵੇਲੇ ਉਹ ਇਹ ਸੋਚਣ ਕਿ ਉਨ੍ਹਾਂ ਫ਼ੈਸਲਿਆਂ ਦੇ ਨਤੀਜੇ ਨੌਜਵਾਨਾਂ ਨੇ ਭੁਗਤਣੇ ਹਨ। ਨੌਜਵਾਨ ਹੋ ਰਹੇ ਬੱਚੇ ਚਾਹੁੰਦੇ ਤੇ ਕਹਿੰਦੇ ਹਨ: ”ਚਾਹੇ ਪੜ੍ਹਾਈ, ਪੇਸ਼ਾ ਚੁਣਨ ਦਾ ਫ਼ੈਸਲਾ ਹੋਵੇ ਜਾਂ ਕੋਈ ਹੋਰ (ਭਾਵ ਵਿਆਹ ਸਬੰਧੀ), ਫ਼ੈਸਲਾ ਲੈਣ ਵੇਲੇ ਉਹ ਸਾਨੂੰ ਵੀ ਸ਼ਾਮਲ ਕਰਨ। ਸਾਡੀ ਰਾਇ ਪੁੱਛੀ ਜਾਵੇ ਤੇ ਇਸ ਨੂੰ ਤਵੱਜੋ ਦਿੱਤੀ ਜਾਵੇ।”

ਨੌਜਵਾਨਾਂ ਦਾ ਕਹਿਣਾ ਹੈ: ”ਮਾਪਿਆਂ ਨੂੰ ਸਾਡੇ ‘ਤੇ ਵਿਸ਼ਵਾਸ ਨਹੀਂ ਹੈ। ਰਿਸ਼ਤੇਦਾਰ ਜਾਂ ਗੁਆਂਢੀ ਆ ਕੇ ਜੋ ਮਰਜ਼ੀ ਕਹਿ ਦੇਣ, ਇਸ ਬਾਰੇ ਸਾਡੇ ਨਾਲ ਗੱਲ ਨਹੀਂ ਕਰਦੇ ਸਗੋਂ ਸਾਨੂੰ ਪਹਿਲਾਂ ਹੀ ਗ਼ਲਤ ਸਮਝ ਬੈਠਦੇ ਹਨ। ਅਸੀਂ ਚਾਹੁੰਦੇ ਹਾਂ ਕਿ ਪਹਿਲਾਂ ਸਾਡੀ ਗੱਲ ਸੁਣਨ, ਇਸ ‘ਤੇ ਵਿਸ਼ਵਾਸ ਕਰਨ। ਰਿਸ਼ਤੇਦਾਰਾਂ ਜਾਂ ਹੋਰ ਲੋਕਾਂ ਦੇ ਦਖ਼ਲ ਨੂੰ ਬੇਹੱਦ ਸੰਜੀਦਗੀ ਨਾਲ ਲੈਂਦੇ ਹਨ ਤੇ ਆਪਸੀ ਗੱਲਬਾਤ ਨਾਲ ਤੈਅ ਹੋਈ ਗੱਲ ਤੋਂ ਵੀ ਥਿੜਕ ਜਾਂਦੇ ਹਨ।”

ਘਰ ਦਾ ਮਾਹੌਲ ਡਰ ਤੋਂ ਰਹਿਤ ਹੋਵੇ ਤਾਂ ਜੋ ਬੱਚੇ ਕੋਈ ਗ਼ਲਤੀ ਕਰ ਵੀ ਬੈਠਣ ਤਾਂ ਇਸ ਬਾਰੇ ਘਰ ਦੱਸਣ ਤੋਂ ਨਾ ਡਰਨ। ਲੜਕੀਆਂ ਨੇ ਵਿਸ਼ੇਸ਼ ਤੌਰ ‘ਤੇ ਉਭਾਰਿਆ ਕਿ ਮੁੰਡੇ-ਕੁੜੀ ਵਿਚ ਵਿਤਕਰਾ ਸਾਫ਼ ਦਿਸਦਾ ਹੈ, ਚਾਹੇ ਲੜਕਿਆਂ ਦੇ ਖਰਚ ਦੀ ਗੱਲ, ਬਾਹਰ ਸਮਾਂ ਬਿਤਾਉਣ ਦੀ ਗੱਲ ਤੇ ਚਾਹੇ ਅੱਗੋਂ ਪੜ੍ਹਾਈ ਦੀ ਤੇ ਭਾਵੇਂ ਵਿਸ਼ਿਆਂ ਦੀ ਚੋਣ ਦੀ ਗੱਲ ਹੋਵੇ। ਇਕ ਲੜਕੀ ਨੇ ਇਹ ਵੀ ਇਤਰਾਜ਼ ਜਤਾਇਆ, ”ਮੈਨੂੰ ਬੁਰਾ ਲੱਗਦਾ ਹੈ ਜਦੋਂ ਮੈਨੂੰ ਪਾਪਾ ਕਹਿੰਦੇ ਹਨ, ਇਹ ਤਾਂ ਮੇਰਾ ਪੁੱਤ ਹੈ। ਇਸ ਨੂੰ ਅਸੀਂ ਪੁੱਤਾਂ ਵਾਂਗ ਪਾਲਿਆ ਹੈ। ਮਤਲਬ ਸਾਫ਼ ਹੈ ਕਿ ਉਨ੍ਹਾਂ ਨੂੰ ਕੁੜੀ ਪਸੰਦ ਨਹੀਂ ਹੈ।”

ਇਸ ਸਰਵੇਖਣ ਦੇ ਨਤੀਜਿਆਂ ਦੇ ਮੱਦੇਨਜ਼ਰ ਇਹ ਗੱਲ ਉੱਭਰ ਕੇ ਸਾਹਮਣੇ ਆਉਂਦੀ ਹੈ ਕਿ ਮਾਪਿਆਂ ਨੂੰ ਉਮਰ ਦੇ ਇਸ ਪੜਾਅ ਦੇ ਵਿਕਾਸ ਬਾਰੇ ਸਮਝ ਨਹੀਂ ਹੈ। ਮਾਪਿਆਂ ਨੂੰ ਬੱਚਿਆਂ ਦਾ ਕੱਦ-ਕਾਠ ਜ਼ਰੂਰ ਨਜ਼ਰ ਆਉਂਦਾ ਹੈ ਤੇ ਉਹ ਉਨ੍ਹਾਂ ਦੀ ਖੁਰਾਕ ਦੀ ਫ਼ਿਕਰ ਕਰਦੇ ਦਿਸਦੇ ਹਨ। ਪਰ ਇਸ ਉਮਰ ਵਿਚ ਮਨ ਦੇ ਅਹਿਸਾਸ ਵੀ ਨਵਾਂ ਰੂਪ ਲੈ ਰਹੇ ਹੁੰਦੇ ਹਨ ਤੇ ਨੌਜਵਾਨ ਦੀ ਆਪਸੀ ਰਿਸ਼ਤਿਆਂ ਪ੍ਰਤੀ ਸਮਝ ਵੀ ਨਵੇਂ ਰਾਹ ਤਲਾਸ਼ ਰਹੀ ਹੁੰਦੀ ਹੈ। ਸਭ ਤੋਂ ਅਹਿਮ ਅਤੇ ਬਹੁਤੀ ਪਰੇਸ਼ਾਨੀਆਂ ਦਾ ਸਬੱਬ ਇਸ ਉਮਰ ‘ਚ ਹੋ ਰਿਹਾ ਬੌਧਿਕ ਵਿਕਾਸ ਹੈ।

ਜਦੋਂ ਬੱਚਾ ਮਾਂ-ਪਿਉ ਨਾਲ ਤਰਕ ਕਰਦਾ ਹੈ ਤਾਂ ਉਹ ਮਾਪਿਆਂ ਦੀ ਬੇਇੱਜ਼ਤੀ ਨਹੀਂ ਕਰ ਰਿਹਾ ਹੁੰਦਾ। ਮਾਪਿਆਂ ਨੂੰ ਖ਼ੁਸ਼ੀ ਮਨਾਉਣੀ ਚਾਹੀਦੀ ਹੈ ਕਿ ਬੱਚਾ ਸਿਆਣਾ ਹੁੰਦਾ ਜਾ ਰਿਹਾ ਹੈ। ਜੇ ਬੱਚਾ ਮਾਂ-ਪਿਉ ਦੀ ਗੱਲ ਨੂੰ ਕੱਟ ਸਕਦਾ ਹੈ ਤਾਂ ਸਾਫ਼ ਹੈ ਕਿ ਉਹ ਉਨ੍ਹਾਂ ਤੋਂ ਇਕ ਕਦਮ ਅੱਗੇ ਜਾ ਰਿਹਾ ਹੈ।

ਜਦੋਂ ਨੌਜਵਾਨ ਆਪਣੀ ਤੁਲਨਾ ਕਿਸੇ ਹੋਰ ਨਾਲ ਨਹੀਂ ਹੋਣ ਦੇਣਾ ਚਾਹੁੰਦੇ ਤਾਂ ਮਤਲਬ ਹੈ ਕਿ ਉਨ੍ਹਾਂ ਦੇ ਅਹਿਸਾਸਾਂ ਨੂੰ ਸੱਟ ਲੱਗਦੀ ਹੈ। ਉਸ ਦੀ ਹਸਤੀ, ਬਣ ਰਹੀ ਪਛਾਣ ਜਾਂ ਜੋ ਪਛਾਣ ਉਹ ਬਣਾਉਣ ਦਾ ਇਛੁੱਕ ਹੈ, ਉਹ ਪਿੱਛੇ ਪੈ ਰਹੀ ਹੁੰਦੀ ਹੈ। ਮਾਪਿਆਂ ਦੇ ਰਵੱਈਏ ਤੋਂ ਉਸ ਨੂੰ ਲੱਗਦਾ ਹੈ ਕਿ ਉਸ ਦੀ ਆਪਣੀ ਨਿਵੇਕਲੀ ਪਛਾਣ ਨੂੰ ਨਕਾਰਿਆ ਜਾ ਰਿਹਾ ਹੈ।

ਰਿਸ਼ਤੇਦਾਰਾਂ ਦਾ ਆਪਣੇ ਪਰਿਵਾਰਾਂ ਜਾਂ ਨਿੱਜੀ ਜ਼ਿੰਦਗੀ ਵਿਚ ਦਖਲ ਨਾ ਦੇਣ ਦੀ ਖ਼ੁਆਹਿਸ਼ ਇਹ ਦਰਸਾਉਂਦੀ ਹੈ ਕਿ ਉਹ ਸਮਾਜਿਕ ਰਿਸ਼ਤਿਆਂ ਪ੍ਰਤੀ ਸੁਚੇਤ ਹੋ ਰਿਹਾ ਹੈ। ਉਹ ਇਹ ਬਰਦਾਸ਼ਤ ਕਰਨ ਨੂੰ ਤਿਆਰ ਹੈ ਕਿ ਘਰ ਵਿਚ ਮਾਂ-ਪਿਉ ਜਾਂ ਹੋਰ ਵੱਡੇ ਭੈਣ ਭਰਾ, ਪਰਿਵਾਰ ਦੀ ਕੇਂਦਰੀ ਇਕਾਈ ਵਾਲੇ ਮੈਂਬਰ, ਉਨ੍ਹਾਂ ਨੂੰ ਚਾਹੇ ਜਿਸ ਤਰ੍ਹਾਂ ਮਰਜ਼ੀ ਸਮਝਾ ਲੈਣ, ਝਿੜਕ ਲੈਣ, ਪਰ ਦੂਸਰੇ-ਤੀਸਰੇ ਘੇਰੇ ਵਾਲੇ ਲੋਕਾਂ ਨੂੰ ਤਰਜੀਹ ਦੇਣ ਤੋਂ ਪਹਿਲਾਂ ਮਾਪਿਆਂ ਨੂੰ ਆਪਣੇ ਬੱਚੇ ‘ਤੇ ਯਕੀਨ ਹੋਵੇ। ਕਿਸੇ ਵੀ ਹਾਲਤ ਵਿਚ ਮਾਂ ਪਿਉ ਬੱਚੇ ਦੇ ਨਾਲ ਖੜ੍ਹਨ, ਉਸ ‘ਤੇ ਯਕੀਨ ਜਤਾਉਣ।

ਇਸ ਤਰ੍ਹਾਂ ਸ਼ੁਰੂ ਵਿਚ ਕਹੀ ਗਈ ਗੱਲ ਜਾਣ ਕੇ ਜਾਪਦਾ ਹੈ ਜਿਵੇਂ ਮਾਂ ਆਪਣੇ ਬੱਚੇ ਨੂੰ ਮਸ਼ੀਨ ਸਮਝਦੀ ਹੈ ਕਿ ਉਹ ਖਰਾਬ ਹੋ ਗਈ ਤੇ ਮੁਰੰਮਤ ਕਰ ਕੇ ਵਾਪਸ ਮੋੜ ਦਿੱਤੀ ਜਾਵੇ। ਦੂਸਰਾ ਹੈ ਕਿ ਡਰ ਦਾ ਮਾਹੌਲ ਬਣਾ ਕੇ ਪਰਿਵਾਰ ਚਲਾਉਣਾ ਕੋਈ ਸਿਆਣਪ ਨਹੀਂ ਹੈ। ਸਿਆਣਪ ਆਪਸੀ ਸੰਵਾਦ, ਮਿਲ-ਬੈਠ ਕੇ ਗੱਲਬਾਤ, ਇਕ-ਦੂਸਰੇ ਦੀਆਂ ਭਾਵਨਾਵਾਂ ਦੀ ਕਦਰ ਕਰਨ ਵਿਚ ਹੈ।

ਮਾਪਿਆਂ ਅਤੇ ਅਧਿਆਪਕਾਂ ਨੂੰ ਵਿਕਾਸ ਦੇ ਇਨ੍ਹਾਂ ਪਹਿਲੂਆਂ ਦਾ ਪਤਾ ਹੋਵੇ ਤੇ ਬੱਚਾ ਉਨ੍ਹਾਂ ਵਿਚੋਂ ਲੰਘ ਰਿਹਾ ਹੋਵੇ ਤਾਂ ਉਹ ਆਪਣੇ ਵਿਹਾਰ ਨੂੰ ਉਸ ਮੁਤਾਬਿਕ ਢਾਲਣ। ਮਾਪਿਆਂ ਨੂੰ ਬੱਚੇ ਦੀ ਚੁੱਪ ਤੋਂ ਹੀ ਪਤਾ ਲੱਗੇ ਕਿ ਉਸ ਦੀ ਕੀ ਉਲਝਣ ਹੈ। ਸਰੀਰਕ ਵਿਕਾਸ ਅਹਿਮ ਹੈ, ਪਰ ਨਾਲ ਹੀ ਉਸ ਦਾ ਮਾਨਸਿਕ ਵਿਕਾਸ (ਅਹਿਸਾਸ), ਸਮਾਜਿਕ ਵਿਕਾਸ (ਰਿਸ਼ਤਿਆਂ ਦੀ ਸਮਝ) ਅਤੇ ਬੌਧਿਕ ਵਿਕਾਸ (ਤਰਕ ਕਰਨ ਦਾ ਗੁਣ) ਆਦਿ ਵੀ ਬਰਾਬਰ ਦੇ ਅਹਿਮ ਪਹਿਲੂ ਹਨ। ਇਨ੍ਹਾਂ ਸਭਨਾਂ ਦੀ ਇਕੋ ਜਿਹੀ ਜ਼ਰੂਰਤ ਦੇ ਮੱਦੇਨਜ਼ਰ ਹੀ ਨੌਜਵਾਨਾਂ ਦਾ ਸਰਬਪੱਖੀ ਵਿਕਾਸ ਸੰਭਵ ਹੈ। ਇਸ ਤਰ੍ਹਾਂ ਅਸੀਂ ਸੂਝਵਾਨ ਤੇ ਜ਼ਿੰਮੇਵਾਰ ਨਾਗਰਿਕ ਤਿਆਰ ਕਰ ਰਹੇ ਹੋਵਾਂਗੇ।

ਸੰਪਰਕ: 98158-08506

Advertisement
Advertisement