ਵਾਹੀਯੋਗ ਜ਼ਮੀਨ ਨੂੰ ਨੁਕਸਾਨ ਪਹੁੰਚਾਉਣ ਖ਼ਿਲਾਫ਼ ਸ਼ਿਕਾਇਤ
ਪੱਤਰ ਪ੍ਰੇਰਕ
ਮੁਕੇਰੀਆਂ, 19 ਅਗਸਤ
ਪਿੰਡ ਰੰਗਾ ਦੇ ਵਸਨੀਕ ਨੇ ਉਸਦੀ ਪਿੰਡ ਚੱਕ ਕਲਾਂ ਵਿੱਚ ਪੈਂਦੀ ਜ਼ਮੀਨ ਦੇ ਨਾਲ ਲੱਗਦੀ ਜ਼ਮੀਨ ’ਤੇ ਨਾਜਾਇਜ਼ ਖੁਦਾਈ ਕਰ ਕੇ ਉਸਦੀ ਵਾਹੀਯੋਗ ਜ਼ਮੀਨ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ ਲਗਾਏ ਹਨ। ਪੀੜਤ ਨੇ ਐੱਸਡੀਐੱਮ ਤੇ ਬੀਡੀਪੀਓ ਮੁਕੇਰੀਆਂ ਤੋਂ ਮਾਈਨਿੰਗ ਬੰਦ ਕਰਵਾ ਕੇ ਉਸਦੀ ਜ਼ਮੀਨ ਤਬਾਹ ਹੋਣੋਂ ਰੋਕਣ ਦੀ ਮੰਗ ਕੀਤੀ ਹੈ। ਐੱਸਡੀਐੱਮ ਮੁਕੇਰੀਆਂ ਨੂੰ ਸ਼ਿਕਾਇਤ ’ਚ ਕਰਨੈਲ ਸਿੰਘ ਨੇ ਦੱਸਿਆ ਕਿ ਉਸਦੀ ਜ਼ਮੀਨ ਪਿੰਡ ਚੱਕ ਕਲਾਂ ਵਿੱਚ ਪੈਂਦੀ ਹੈ ਜਿਸਦੇ ਨਾਲ ਵਾਲੀ ਜ਼ਮੀਨ ’ਤੇ ਉਸੇ ਪਿੰਡ ਦੇ ਰਸੂਖਦਾਰ ਸੁਦੇਸ਼ ਸਿੰਘ ਵੱਲੋਂ ਕਥਿਤ ਨਾਜਾਇਜ਼ ਮਾਈਨਿੰਗ ਕੀਤੀ ਜਾ ਰਹੀ ਹੈ। ਉਸ ਨੂੰ ਮਾਈਨਿੰਗ ਤੋਂ ਵਾਰ ਵਾਰ ਰੋਕਣ ਦੇ ਬਾਵਜੂਦ ਉਹ ਕਰੀਬ 5 ਤੋਂ 7 ਫੁੱਟ ਤੱਕ ਮਾਈਨਿੰਗ ਕਰ ਰਿਹਾ ਹੈ ਜਿਸ ਨਾਲ ਉਸਦੀ ਵਾਹੀਯੋਗ ਜ਼ਮੀਨ ਨੂੰ ਨੁਕਸਾਨ ਹੋ ਰਿਹਾ ਹੈ। ਉਸਨੇ ਦੱਸਿਆ ਕਿ 13 ਅਗਸਤ ਨੂੰ ਉਸਨੇ ਐੱਸਡੀਐੱਮ ਤੇ ਬੀਡੀਪੀਓ ਨੂੰ ਲਿਖਤੀ ਸ਼ਿਕਾਇਤ ਕੀਤੀ ਸੀ, ਜਿਸ ’ਤੇ ਬੀਤੇ ਦਿਨ ਕੁਝ ਪੁਲੀਸ ਮੁਲਾਜ਼ਮ ਆਏ ਪਰ ਮਹਿਜ਼ ਖਾਨਾਪੂਰਤੀ ਕਰਕੇ ਵਾਪਸ ਚਲੇ ਗਏ। ਦੂਜੇ ਪਾਸੇ ਸੁਦੇਸ਼ ਕੁਮਾਰ ਨੇ ਕਿਹਾ ਕਿ ਉਸ ਨੇ ਆਪਣੀ ਜ਼ਮੀਨੂੰ ਪੱਧਰ ਕਰਨ ਲਈ ਕੁਝ ਮਿੱਟੀ ਪੁਟਾਈ ਸੀ ਤੇ ਬੀਤੇ ਦਿਨ ਵਿਭਾਗੀ ਅਧਿਕਾਰੀਆਂ ਨੂੰ ਇਸ ਸਬੰਧੀ ਸਪੱਸ਼ਟੀਕਰਨ ਵੀ ਦੇ ਦਿੱਤਾ ਗਿਆ ਹੈ।