ਪਰਾਲੀ ਸਾੜਨ ਵਾਲੇ ਕਿਸਾਨਾਂ ਤੋਂ ਜੁਰਮਾਨੇ ਦੀ ਵਸੂਲੀ ਸ਼ੁਰੂ
ਟ੍ਰਿਬਿਊਨ ਨਿਉੂਜ਼ ਸਰਵਿਸ
ਅੰਮ੍ਰਤਿਸਰ, 3 ਨਵੰਬਰ
ਖੇਤਾਂ ਵਿੱਚ ਪਰਾਲੀ ਨੂੰ ਅੱਗ ਲਾਉਣ ਤੋਂ ਰੋਕਣ ਲਈ ਡਿਪਟੀ ਕਮਿਸ਼ਨਰ ਘਣਸ਼ਾਮ ਥੋਰੀ ਦੀ ਅਗਵਾਈ ਹੇਠ ਟੀਮਾਂ ਵੱਲੋਂ ਕਿਸਾਨਾਂ ਨੂੰ ਲਗਾਏ ਗਏ ਜੁਰਮਾਨੇ ਦੀ ਉਗਰਾਹੀ ਵੀ ਸ਼ੁਰੂ ਕਰ ਦਿੱਤੀ ਹੈ। ਕੱਲ੍ਹ ਸ਼ਾਮ ਤੱਕ ਜੁਰਮਾਨਾ 9 ਲੱਖ 57500 ਰੁਪਏ ਲਗਾਇਆ ਗਿਆ ਸੀ ਅਤੇ ਉਸ ਦੀ ਰਿਕਵਰੀ ਲਈ ਟੀਮਾਂ ਨੇ ਆਪਣਾ ਕੰਮ ਸ਼ੁਰੂ ਕਰ ਦਿੱਤਾ ਹੈ।
ਅੱਜ ਫਿਰ ਸਾਰੇ ਐੱਸਡੀਐੱਮ ਨੇ ਆਪੋ-ਆਪਣੇ ਹਲਕੇ ਵਿਚ ਟੀਮਾਂ ਨਾਲ ਮੀਟਿੰਗਾਂ ਕਰਕੇ ਮੌਜੂਦਾ ਸਥਤਿੀ ਦੀ ਰਣਨੀਤੀ ਉਲੀਕੀ। ਮਾਲ ਵਿਭਾਗ ਦੇ ਅਧਿਕਾਰੀਆਂ ਸਮੇਤ ਖੇਤੀ ਅਤੇ ਪ੍ਰਦੂਸ਼ਣ ਬੋਰਡ ਦੇ ਅਧਿਕਾਰੀ ਆਪੋ-ਆਪਣੇ ਇਲਾਕੇ ਵਿਚ ਪਰਾਲੀ ਦੀ ਅੱਗ ਨੂੰ ਮੌਕੇ ’ਤੇ ਜਾ ਕੇ ਬੁਝਾਉਂਦੇ ਰਹੇ। ਕਈ ਥਾਵਾਂ ’ਤੇ ਫਾਇਰ ਬ੍ਰਿਗੇਡ ਅਤੇ ਕਈ ਥਾਵਾਂ ’ਤੇ ਕਿਸਾਨਾਂ ਨੂੰ ਨਾਲ ਲੈ ਕੇ ਪਰਾਲੀ ਦੀ ਅੱਗ ਬੁਝਾਈ ਗਈ। ਇਸੇ ਦੌਰਾਨ ਥਾਣਾ ਕੱਥੂਨੰਗਲ ਦੀ ਪੁਲੀਸ ਨੇ ਤਿੰਨ ਕਿਸਾਨਾਂ ਵਿਰੁੱਧ ਧਾਰਾ 188 ਅਧੀਨ ਕੇਸ ਦਰਜ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਸਰਹਾਲਾ ਵਿਖੇ ਬਲਵਿੰਦਰ ਸਿੰਘ, ਨਿਹਾਲ ਸਿੰਘ ਤੇ ਹਰਜੀਤ ਸਿੰਘ ਨੇ ਆਪਣੇ ਖੇਤਾਂ ਵਿਚ ਪਰਾਲੀ ਨੂੰ ਅੱਗ ਲਗਾਈ ਸੀ। ਇ ਸ ਮਾਮਲੇ ਵਿਚ ਮੌਕੇ ਉਤੇ ਪੁੱਜੇ ਖੇਤੀ ਵਿਸਥਾਰ ਅਫਸਰ ਤਿਲਕ ਰਾਜ ਤੇ ਸਾਰੀ ਟੀਮ ਨੇ ਪੁਲੀਸ ਥਾਣੇ ਵਿਚ ਲਿਖਤੀ ਸ਼ਿਕਾਇਤ ਦਤਿੀ ,ਜਿਸਦੇ ਆਧਾਰ ’ਤੇ ਪੁਲੀਸ ਨੇ ਧਾਰਾ 188 ਅਧੀਨ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸੇ ਦੌਰਾਨ ਨਾਇਬ ਤਹਿਸੀਲਦਾਰ ਅਟਾਰੀ ਵੱਲੋਂ ਰਣੀਕੇ ਪਿੰਡ ਵਿੱਚ 32 ਕਨਾਲ ਰਕਬੇ ਵਿੱਚ ਪਰਾਲੀ ਨੂੰ ਅੱਗ ਲੱਗਣ ਦੀ ਸੂਚਨਾ ਮਿਲਣ ਉਤੇ ਫਾਇਰ ਬਿ੍ਗੇਡ ਨਾਲ ਅੱਗ ਬੁਝਾਈ ਗਈ ਅਤੇ ਪੁਲੀਸ ਦੀ ਤਫਤੀਸ਼ ਮਗਰੋਂ ਅਣਪਛਾਤੇ ਵਿਅਕਤੀ ਵਿਰੁੱਧ ਧਾਰਾ 188 ਦੀ ਉਲੰਘਣਾ ਦੇ ਦੋਸ਼ ਹੇਠ ਕੇਸ ਦਰਜ ਕੀਤਾ। ਇਸ ਤੋਂ ਪਹਿਲਾਂ ਚਾਰ ਐੱਫਆਈਆਰ ਵਾਤਵਰਨ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ ਹੇਠ ਦਰਜ ਕੀਤੀਆਂ ਜਾ ਚੁੱਕੀਆਂ ਹਨ। ਇਸੇ ਤਰ੍ਹਾਂ ਪੰਜ ਸ਼ਿਕਾਇਤਾਂ, ਜਿਸ ਵਿਚ 10 ਕਿਸਾਨਾਂ ਦੇ ਨਾਮ ਹਨ, ਵਿਰੁੱਧ ਵਾਤਾਵਰਨ ਵਿਭਾਗ ਨੇ ਚੀਫ ਜੁਡੀਸ਼ੀਅਲ ਮੈਜਿਸਟਰੇਟ ਦੀ ਅਦਾਲਤ ਵਿਚ ਅਪਰਾਧਿਕ ਸ਼ਿਕਾਇਤ ਵੀ ਦਰਜ ਕਰਵਾਈ ਹੈ। ਇਸ ਦੌਰਾਨ ਇਸ ਮਾਮਲੇ ਨੂੰ ਲੈ ਕੇ ਡਿਪਟੀ ਕਮਿਸ਼ਨਰ ਵੱਲੋਂ ਅੱਜ ਸ਼ਾਮ ਨੂੰ ਮੁੜ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਹੈ। ਇਸ ਵਿੱਚ ਉਨ੍ਹਾਂ ਸਖਤ ਚੌਕਸੀ ਵਰਤਣ ਅਤੇ ਕਾਰਵਾਈ ਦੇ ਨਿਰਦੇਸ਼ ਦਿੱਤੇ ਹਨ।
ਅੱਗ ਬੁਝਾਊ ਟੀਮ ਨੇ ਪਿੰਡ ਤੇਹਿੰਗ ਵਿੱਚ ਖੇਤਾਂ ਨੂੰ ਲੱਗੀ ਅੱਗ ਬੁਝਾਈ
ਫਿਲੌਰ (ਸਰਬਜੀਤ ਗਿੱਲ): ਸਥਾਨਕ ਪ੍ਰਸ਼ਾਸਨ ਨੇ ਪਰਾਲੀ ਨੂੰ ਲੱਗੀ ਅੱਗ ਬੁਝਾਉਣ ਲਈ ਅੱਜ ਫਾਇਰ ਬ੍ਰਿਗੇਡ ਵਾਹਨ ਸਮੇਤ ਪਿੰਡਾਂ ਵਿੱਚ ਦਸਤਕ ਦਿੱਤੀ। ਇਸ ਟੀਮ ਵਿੱਚ ਪੁਲੀਸ ਤੋਂ ਇਲਾਵਾ ਖੇਤੀਬਾੜੀ ਅਤੇ ਪੇਂਡੂ ਵਿਕਾਸ ਦੇ ਅਧਿਕਾਰੀ ਸ਼ਾਮਲ ਸਨ। ਇਸ ਟੀਮ ਦੀ ਅਗਵਾਈ ਐੱਸਡੀਐੱਮ ਫਿਲੌਰ ਅਮਨਪਾਲ ਸਿੰਘ ਖੁਦ ਕਰ ਰਹੇ ਸਨ। ਉਨ੍ਹਾਂ ਦੱਸਿਆ ਕਿ ਇਸ ਟੀਮ ਨੇ ਪਿੰਡ ਤੇਹਿੰਗ ਵਿੱਚ ਖੇਤਾਂ ਨੂੰ ਲੱਗੀ ਅੱਗ ਬੁਝਾਈ। ਉਨ੍ਹਾਂ ਦੱਸਿਆ ਕਿ ਪਹਿਲਾਂ ਕਿਸਾਨਾਂ ਨੇ ਇਸ ਦਾ ਵਿਰੋਧ ਕੀਤਾ ਪਰ ਜਦੋਂ ਕਿਸਾਨਾਂ ਨੂੰ ਸਮਝਾਇਆ ਤਾਂ ਉਨ੍ਹਾਂ ਅੱਗ ਬੁਝਾਉਣ ਦਾ ਵਾਅਦਾ ਕੀਤਾ। ਇਸ ਦੌਰਾਨ ਪੁੱਜੀ ਫਾਇਰ ਬ੍ਰਿਗੇਡ ਨੇ ਕਾਫੀ ਅੱਗ ਬੁਝਾ ਦਿੱਤੀ ਸੀ। ਇਸ ਤਰ੍ਹਾਂ ਪਿੰਡ ਸ਼ਾਹਪੁਰ ਵਿੱਚ ਵੀ ਇਸ ਟੀਮ ਨੇ ਲੱਗੀ ਅੱਗ ਨੂੰ ਬੁਝਾਉਣ ਲਈ ਕਿਸਾਨਾਂ ਨੂੰ ਕਿਹਾ। ਇਸ ਲਈ ਕਿਸਾਨਾਂ ਸਮੇਤ ਪਿੰਡ ਦੇ ਸਰਪੰਚ ਅਤੇ ਹੋਰ ਮੋਹਤਬਰਾਂ ਨੇ ਯਕੀਨ ਦਿਵਾਇਆ ਕਿ ਅੱਗ ਬੁਝਾ ਦਿੱਤੀ ਜਾਵੇਗੀ। ਇਸ ਟੀਮ ਨਾਲ ਪੁੱਜੇ ਪਟਵਾਰੀ ਨੇ ਮੌਕੇ ’ਤੇ ਮਾਲਕ ਦਾ ਨਾਮ ਨੋਟ ਕਰਕੇ ਅਧਿਕਾਰੀਆਂ ਨੂੰ ਜਾਣਕਾਰੀ ਦਿੱਤੀ। ਐੱਸਡੀਐੱਮ ਨੇ ਮੌਕੇ ’ਤੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕੱਲ੍ਹ ਦਾ ਪ੍ਰੋਗਰਾਮ ਬਣਾ ਕੇ ਉਨ੍ਹਾਂ ਨੂੰ ਸੂਚਤਿ ਕੀਤਾ ਜਾਵੇ। ਇਸ ਤਹਤਿ ਸਵੇਰ ਵੇਲੇ ਲੋਕਾਂ ਨੂੰ ਜਾਗਰੂਕ ਕਰਨ ਅਤੇ ਬਾਅਦ ਦੁਪਹਿਰ ਅੱਗ ਲਾਉਣ ਵਾਲੇ ਕਿਸਾਨਾਂ ਖ਼ਿਲਾਫ਼ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਇਲਾਕੇ ਵਿੱਚ ਅੱਗ ਲਾਉਣ ਕਾਰਨ ਧੂੰਏਂ ਨਾਲ ਅਸਮਾਨ ਭਰਿਆ ਰਿਹਾ।