ਕਲੱਬ ਵੱਲੋਂ ਸ਼ਹੀਦਾਂ ਦੀ ਯਾਦ ਵਿੱਚ ਸਮਾਗਮ
ਪੱਤਰ ਪ੍ਰੇਰਕ
ਅਮਲੋਹ, 25 ਮਾਰਚ
ਜਾਗਦਾ ਸਮਾਜ ਵੈਲਫੇਅਰ ਕਲੱਬ ਅਮਲੋਹ ਵੱਲੋਂ ਸ਼ਹੀਦ ਭਗਤ ਸਿਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਨ ਨੂੰ ਸਮਰਪਿਤ ਸਰਧਾਂਜਲੀ ਸਮਾਗਮ ਪ੍ਰਧਾਨ ਰਾਜੇਸ਼ ਕੁਮਾਰ ਅਮਲੋਹ ਅਤੇ ਸਰਪ੍ਰਸਤ ਪ੍ਰੇਮ ਚੰਦ ਸ਼ਰਮਾ ਦੀ ਅਗਵਾਈ ਵਿੱਚ ਕਰਵਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਨੇ ਦੇਸ਼ ਭਗਤੀ ਦੇ ਗੀਤ ਗਾਏ ਅਤੇ ਕਲੱਬ ਨੇ ਤਿਆਰ ਕੀਤੀਆਂ ਡਾਕੂਮੈਂਟਰੀਆਂ ਵੀ ਸਕਰੀਨ ’ਤੇ ਦਿਖਾਈਆਂ। ਇਸ ਮੌਕੇ ਹਰੇਕ ਸਾਲ ਦੀ ਤਰ੍ਹਾਂ ਕਲੱਬ ਵੱਲੋਂ ਦੋ ਕਰਮਯੋਗੀ ਸ਼ਖਸੀਅਤਾਂ ਮੈਡੀਕਲ ਅਫ਼ਸਰ ਡਾ. ਅਮਨਦੀਪ ਸਿੰਘ ਧੀਮਾਨ ਅਤੇ ਹੈਡ ਟੀਚਰ ਗੁਰਮੀਤ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਮੁੱਖ-ਬੁਲਾਰੇ ਅਤੇ ਉੱਘੇ ਸਿੱਖਿਆ ਸ਼ਾਸਤਰੀ ਪ੍ਰੋ. ਜੈਪਾਲ ਸਿੰਘ ਨੇ ਕਿਹਾ ਕਿ ਜਾਤ ਪਾਤ ਅਤੇ ਊਚ ਨੀਚ ਨੂੰ ਖਤਮ ਕਰਨਾ ਹੀ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਗੌਰਮਿੰਟ ਟੀਚਰਜ਼ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ ਨੇ ਰਾਸ਼ਟਰੀ ਸਿੱਖਿਆ 2020 ਨੂੰ ਤੁਰੰਤ ਰੱਦ ਕਰਨ ਦੀ ਮੰਗ ਕੀਤੀ। ਕਲੱਬ ਦੇ ਪ੍ਰਧਾਨ ਰਾਜੇਸ਼ ਕੁਮਾਰ ਅਮਲੋਹ ਨੇ ਸੰਬੋਧਨ ਕੀਤਾ।