ਛੱਤੀਸਗੜ੍ਹ: ਸੁਰੱਖਿਆ ਬਲਾਂ ਨਾਲ ਮੁਕਾਬਲਿਆਂ ’ਚ 30 ਨਕਸਲੀ ਹਲਾਕ
* ਬੀਜਾਪੁਰ ਤੇ ਕਾਂਕੇਰ ’ਚ ਮੁਕਾਬਲੇ
* ਪੁਲੀਸ ਮੁਲਾਜ਼ਮ ਸ਼ਹੀਦ
ਬੀਜਾਪੁਰ/ਕਾਂਕੇਰ, 20 ਮਾਰਚ
ਸੁਰੱਖਿਆ ਬਲਾਂ ਨੇ ਨਕਸਲੀਆਂ ਖ਼ਿਲਾਫ਼ ਕਾਰਵਾਈ ਕਰਦਿਆਂ ਬਸਤਰ ਖੇਤਰ ਵਿੱਚ ਦੋ ਮੁਕਾਬਲਿਆਂ ਵਿੱਚ ਪਾਬੰਦੀਸ਼ੁਦਾ ਸੀਪੀਆਈ (ਮਾਓਵਾਦੀ) ਦੇ ਘੱਟੋ-ਘੱਟ 30 ਮੈਂਬਰਾਂ ਨੂੰ ਮਾਰ ਦਿੱਤਾ। ਅਧਿਕਾਰੀਆਂ ਨੇ ਦੱਸਿਆ ਕਿ ਬੀਜਾਪੁਰ ਜ਼ਿਲ੍ਹੇ ਵਿੱਚ 26 ਨਕਸਲੀ ਮਾਰੇ ਗਏ, ਜਦੋਂ ਕਿ ਕਾਂਕੇਰ ਵਿੱਚ ਚਾਰ ਮਾਓਵਾਦੀ ਬੀਐੱਸਐੱਫ ਅਤੇ ਪੁਲੀਸ ਦੇ ਜ਼ਿਲ੍ਹਾ ਰਿਜ਼ਰਵ ਗਾਰਡ (ਡੀਆਰਜੀ) ਦੇ ਜਵਾਨਾਂ ਦੀ ਸਾਂਝੀ ਟੀਮ ਵੱਲੋਂ ਮਾਰੇ ਗਏ। ਅਧਿਕਾਰੀਆਂ ਨੇ ਦੱਸਿਆ ਕਿ ਬੀਜਾਪੁਰ ਵਿੱਚ ਮੁਕਾਬਲੇ ਦੌਰਾਨ ਇੱਕ ਪੁਲੀਸ ਜਵਾਨ ਵੀ ਸ਼ਹੀਦ ਹੋ ਗਿਆ। ਬੀਜਾਪੁਰ ਅਤੇ ਦਾਂਤੇਵਾੜਾ ਜ਼ਿਲ੍ਹਿਆਂ ਦੀ ਸਰਹੱਦ ’ਤੇ ਜੰਗਲ ਵਿੱਚ ਸਵੇਰੇ 7 ਵਜੇ ਜਦੋਂ ਸੁਰੱਖਿਆ ਬਲਾਂ ਦੀ ਸਾਂਝੀ ਟੀਮ ਬੀਜਾਪੁਰ ਦੇ ਗੰਗਲੂਰ ਥਾਣਾ ਖੇਤਰ ਵਿੱਚ ਨਕਸਲ ਵਿਰੋਧੀ ਕਾਰਵਾਈ ਕਰ ਰਹੀ ਸੀ ਤਾਂ ਨਕਸਲੀਆਂ ਨੇ ਗੋਲੀਆਂ ਚਲਾਈਆਂ। ਬਸਤਰ ਰੇਂਜ ਦੇ ਇੰਸਪੈਕਟਰ ਜਨਰਲ ਆਫ ਪੁਲੀਸ ਸੁੰਦਰਰਾਜ ਪੀ. ਨੇ ਦੱਸਿਆ ਕਿ ਘਟਨਾ ਸਥਾਨ ਤੋਂ ਹਥਿਆਰ ਅਤੇ ਧਮਾਕਾਖੇਜ਼ ਸਮੱਗਰੀ ਤੋਂ ਇਲਾਵਾ 26 ਨਕਸਲੀਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਗੋਲੀਬਾਰੀ ਵਿੱਚ ਡੀਆਰਜੀ ਯੂਨਿਟ ਦਾ ਜਵਾਨ ਵੀ ਮਾਰਿਆ ਗਿਆ।
ਕਾਂਕੇਰ ਅਤੇ ਨਾਰਾਇਣਪੁਰ ਜ਼ਿਲ੍ਹਿਆਂ ਦੀ ਸਰਹੱਦ ਨਾਲ ਲੱਗਦੇ ਜੰਗਲ ਵਿੱਚ ਸਵੇਰੇ ਇੱਕ ਹੋਰ ਮੁਕਾਬਲਾ ਹੋਇਆ। ਕਾਂਕੇਰ ਦੀ ਪੁਲੀਸ ਸੁਪਰਡੈਂਟ ਇੰਦਰਾ ਕਲਿਆਣ ਨੇ ਦੱਸਿਆ ਕਿ ਸਵੇਰੇ ਕਾਂਕੇਰ ਅਤੇ ਨਾਰਾਇਣਪੁਰ ਜ਼ਿਲ੍ਹਿਆਂ ਦੀ ਸਰਹੱਦ ਨਾਲ ਲੱਗਦੇ ਜੰਗਲ ਵਿੱਚ ਨਕਸਲੀਆਂ ਨੇ ਸੁਰੱਖਿਆ ਬਲਾਂ ’ਤੇ ਗੋਲੀਆਂ ਚਲਾਈਆਂ। ਜਵਾਬੀ ਕਾਰਵਾਈ ਵਿਚ ਚਾਰ ਨਕਸਲੀਆਂ ਦੀ ਮੌਤ ਹੋ ਗਈ। ਸੁਰੱਖਿਆ ਬਲਾਂ ਨੇ ਉਨ੍ਹਾਂ ਦੇ ਸਵੈਚਾਲਿਤ ਹਥਿਆਰ ਬਰਾਮਦ ਕੀਤੇ ਹਨ। -ਪੀਟੀਆਈ
ਨਕਸਲੀਆਂ ਵੱਲੋਂ ਧਮਾਕਾ; ਸੁਰੱਖਿਆ ਮੁਲਾਜ਼ਮ ਵਾਲ-ਵਾਲ ਬਚੇ
ਨਾਰਾਇਣਪੁਰ:
ਛੱਤੀਸਗੜ੍ਹ ਦੇ ਨਾਰਾਇਣਪੁਰ ਜ਼ਿਲ੍ਹੇ ਵਿੱਚ ਅੱਜ ਸਵੇਰੇ ਨਕਸਲੀਆਂ ਵੱਲੋਂ ਆਈਈਡੀ ਧਮਾਕਾ ਕੀਤਾ ਗਿਆ, ਜਿਸ ਤੋਂ ਸੁਰੱਖਿਆ ਬਲਾਂ ਦੀ ਟੀਮ ਵਾਲ-ਵਾਲ ਬਚ ਗਈ। ਧਮਾਕੇ ਕਾਰਨ ਸੁਰੱਖਿਆ ਬਲਾਂ ਨੂੰ ਗੰਭੀਰ ਨੁਕਸਾਨ ਨਹੀਂ ਹੋਇਆ ਪਰ ਧਮਾਕੇ ਕਾਰਨ ਧੂੜ ਦਾ ਗੁਬਾਰ ਬਣਨ ਨਾਲ ਸੁਰੱਖਿਆ ਬਲ ਦੇ ਮੁਲਾਜ਼ਮਾਂ ਦੀਆਂ ਅੱਖਾਂ ਵਿਚ ਰੇਤਾ ਚਲਾ ਗਿਆ ਤੇ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਇੱਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਤੜਕੇ 3 ਵਜੇ ਦੇ ਕਰੀਬ ਉਦੋਂ ਵਾਪਰੀ ਜਦੋਂ ਛੱਤੀਸਗੜ੍ਹ ਪੁਲੀਸ ਦੀ ਜ਼ਿਲ੍ਹਾ ਰਿਜ਼ਰਵ ਗਾਰਡ (ਡੀਆਰਜੀ) ਯੂਨਿਟ ਅਤੇ ਸਪੈਸ਼ਲ ਟਾਸਕ ਫੋਰਸ (ਐੱਸਟੀਐੱਫ) ਦੀ ਇੱਕ ਸਾਂਝੀ ਟੀਮ ਨਕਸਲ ਵਿਰੋਧੀ ਕਾਰਵਾਈ ’ਤੇ ਜਾ ਰਹੀ ਸੀ। -ਪੀਟੀਆਈ