ਚੰਡੀਗੜ੍ਹ ਦੀ ਮਰਸਿਡੀਜ਼ ਨੇ ਛੇ ਮਜ਼ਦੂਰਾਂ ਨੂੰ ਟੱਕਰ ਮਾਰੀ, ਚਾਰ ਦੀ ਮੌਤ
ਟ੍ਰਿਬਿਊਨ ਨਿਊਜ਼ ਸਰਵਿਸ/ਪੀਟੀਆਈ
ਚੰਡੀਗੜ੍ਹ/ ਦੇਹਰਾਦੂਨ, 13 ਮਾਰਚ
ਦੇਹਰਾਦੂਨ ਦੀ ਰਾਜਪੁਰ ਰੋਡ ’ਤੇ ਬੁੱਧਵਾਰ ਰਾਤ ਤੇਜ਼ ਰਫ਼ਤਾਰ ਕਾਰ ਨੇ ਸੜਕ ਕੰਢੇ ਪੈਦਲ ਜਾ ਰਹੇ ਛੇ ਮਜ਼ਦੂਰਾਂ ਨੂੰ ਟੱਕਰ ਮਾਰ ਦਿੱਤੀ। ਹਾਦਸੇ ਵਿੱਚ ਚਾਰ ਮਜ਼ਦੂਰਾਂ ਨੇ ਮੌਕੇ ’ਤੇ ਹੀ ਦਮ ਤੋੜ ਦਿੱਤਾ, ਜਦੋਂਕਿ ਦੋ ਹੋਰ ਗੰਭੀਰ ਜ਼ਖ਼ਮੀ ਹੋ ਗਏ। ਹਾਦਸੇ ਮਗਰੋਂ ਕਾਰ ਦਾ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਮਰਸਿਡੀਜ਼ ਕਾਰ ਚੰਡੀਗੜ੍ਹ ਨੰਬਰ ਦੀ ਹੈ ਤੇ ਇਸ ਵਿੱਚ ਪੰਜ ਵਿਅਕਤੀ ਸਵਾਰ ਸਨ। ਪੁਲੀਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ।
ਹਾਦਸਾ ਬੁੱਧਵਾਰ ਰਾਤ ਨੂੰ ਸਾਈਂ ਮੰਦਰ ਕੋਲ ਉੱਤਰਾਂਚਲ ਹਸਪਤਾਲ ਦੇ ਸਾਹਮਣੇ ਵਾਪਰਿਆ। ਮਸੂਰੀ ਵੱਲੋਂ ਆ ਰਹੀ ਤੇਜ਼ ਰਫ਼ਤਾਰ ਕਾਲੇ ਰੰਗ ਦੀ ਮਰਸਿਡੀਜ਼ ਕਾਰ ਬੇਕਾਬੂ ਹੋ ਕੇ ਫੁਟਪਾਥ ’ਤੇ ਚੜ੍ਹੀ ਤੇ ਮਜ਼ਦੂਰਾਂ ਨੂੰ ਪਿੱਛਿਓਂ ਟੱਕਰ ਮਾਰੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਉਹ ਕਈ ਫੁੱਟ ਦੂਰ ਜਾ ਡਿੱਗੇ। ਇਸ ਮਗਰੋਂ ਕਾਰ ਕੋਲ ਖੜ੍ਹੀ ਸਕੂਟੀ ਨਾਲ ਟਕਰਾਅ ਗਈ, ਜਿਸ ਨਾਲ ਸਕੂਟੀ ਸਵਾਰ ਦੋ ਵਿਅਕਤੀ ਵੀ ਜ਼ਖ਼ਮੀ ਹੋ ਗਏ। ਸੂਚਨਾ ਮਿਲਣ ’ਤੇ ਪੁਲੀਸ ਫੌਰੀ ਮੌਕੇ ’ਤੇ ਪਹੁੰਚੀ ਤੇ ਜ਼ਖ਼ਮੀਆਂ ਨੂੰ ਹਸਪਤਾਲ ਭੇਜਿਆ, ਜਿੱਥੇ ਡਾਕਟਰਾਂ ਨੇ ਚਾਰ ਮਜ਼ਦੂਰਾਂ ਨੂੰ ਮ੍ਰਿਤਕ ਐਲਾਨ ਦਿੱਤਾ। ਦੋ ਜ਼ਖ਼ਮੀ ਜ਼ੇਰੇ ਇਲਾਜ ਹਨ। ਚਸ਼ਮਦੀਦਾਂ ਮੁਤਾਬਕ ਹਾਦਸੇ ਵਿੱਚ ਸ਼ਾਮਲ ਕਾਰ ਚੰਡੀਗੜ੍ਹ ਨੰਬਰ ਦੀ ਸੀ। ਪੁਲੀਸ ਮੁਤਾਬਕ ਸ਼ਹਿਰ ਦੀਆਂ ਸਾਰੀਆਂ ਪ੍ਰਮੁੱਖ ਸੜਕਾਂ ’ਤੇ ਨਾਕੇਬੰਦੀ ਕਰਕੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਹਾਦਸੇ ਮਗਰੋਂ ਸਥਾਨਕ ਲੋਕਾਂ ਨੇ ਗੁੱਸੇ ਦਾ ਇਜ਼ਹਾਰ ਕਰਦਿਆਂ ਪੁਲੀਸ ’ਤੇ ਅਣਗਹਿਲੀ ਵਰਤਣ ਦਾ ਦੋਸ਼ ਲਾਉਂਦਿਆਂ ਵਿਰੋਧ ਪ੍ਰਦਰਸ਼ਨ ਕੀਤਾ। ਐੱਸਐੱਸਪੀ ਅਜੈ ਸਿੰਘ ਨੇ ਦੱਸਿਆ ਕਿ ਘਟਨਾ ਸਬੰਧੀ 11-12 ਵਾਹਨਾਂ ਨੂੰ ਟਰੈਕ ਕੀਤਾ ਗਿਆ ਹੈ। ਉਨ੍ਹਾਂ ਫਰਾਰ ਹੋਏ ਚਾਲਕ ਨੂੰ ਜਲਦੀ ਕਾਬੂ ਕਰ ਲਏ ਜਾਣ ਦਾ ਦਾਅਵਾ ਕੀਤਾ ਹੈ।