ਦੋਸ਼ੀਆਂ ਨੂੰ ਸਜ਼ਾ ਦਿਵਾਉਣ ’ਚ ਚੰਡੀਗੜ੍ਹ ਪੁਲੀਸ ਮੋਹਰੀ: ਪੁਰੋਹਿਤ
ਆਤਿਸ਼ ਗੁਪਤਾ
ਚੰਡੀਗੜ੍ਹ, 15 ਨਵੰਬਰ
ਚੰਡੀਗੜ੍ਹ ਪੁਲੀਸ ਵੱਲੋਂ ਸੈਕਟਰ-26 ਸਥਿਤ ਪੁਲੀਸ ਲਾਈਨ ਵਿੱਚ 57ਵਾਂ ਸਥਾਪਨਾ ਮਨਾਇਆ ਗਿਆ। ਇਸ ਮੌਕੇ ਪੰਜਾਬ ਦੇ ਰਾਜਪਾਲ ਤੇ ਯੂਟੀ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਮੁੱਖ ਮਹਿਮਾਨ ਵਜੋਂ ਪਹੁੰਚੇ। ਇਸ ਮੌਕੇ ਪੁਲੀਸ ਦੀਆਂ 14 ਟੀਮਾਂ ਨੇ ਯੂਟੀ ਦੇ ਪ੍ਰਸ਼ਾਸਕ ਨੂੰ ਸਲਾਮੀ ਦਿੱਤੀ। ਇਨ੍ਹਾਂ ਵਿੱਚ ਡੌਗ ਸਕੁਐਡ, ਸਾਈਕਲ ਸੁਕਐਡ, ਐਕਟਿਵਾ ਸਕੂਟਰ ’ਤੇ ਪੁਲੀਸ, ਬੀਟ ਮੋਟਰਸਾਈਕਲਾਂ ’ਤੇ ਪੁਲੀਸ, ਇੰਟਰਸੈਪਟਰ, ਐਂਬੂਲੇਂਸ ਵੈਨ, ਵੱਜਰਾ ਅੱਥਰੂ ਗੈਸ, ਐਕਸ-ਰੇਅ ਮਸ਼ੀਨ, ਚਿਲਡਰਨ ਟਰੈਫਿਕ ਵੈਨ, ਬੰਬ ਸਕੁਐਡ, ਕਵਚ, ਵਾਟਰ ਕੈਨਨ, ਮੋਬਾਈਲ ਪੁਲੀਸ ਸਟੇਸ਼ਨ ਤੇ ਮੋਬਾਈਲ ਫੋਰੈਂਸਿਕ ਵੈਨ ਦੀਆਂ ਟੀਮਾਂ ਸ਼ਾਮਲ ਰਹੀਆਂ।
ਸ੍ਰੀ ਪੁਰੋਹਿਤ ਨੇ ਚੰਡੀਗੜ੍ਹ ਪੁਲੀਸ ਦੇ ਕਾਰਜਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਜੀ-20 ਸੰਮੇਲਨ ਦੌਰਾਨ ਚੰਡੀਗੜ੍ਹ ਪੁਲੀਸ ਦੀ ਮੁਸਤੈਦੀ ਦੀ ਸ਼ਲਾਘਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੱਤਰ ਲਿਖ ਕੇ ਕੀਤੀ ਹੈ ਜੋ ਕਿ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਗਲਤੀ ਕਰਨ ਵਾਲਿਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਵਿੱਚ ਚੰਡੀਗੜ੍ਹ ਪੁਲੀਸ ਦੀ ਦਰ ਹੋਰਨਾਂ ਸੂਬਿਆਂ ਨਾਲੋਂ ਕਾਫੀ ਜ਼ਿਆਦਾ ਹੈ ਤੇ ਇਹ ਪੁਲੀਸ ਦੀ ਸਖਤ ਮਹਿਨਤ ਨੂੰ ਦਰਸਾਉਂਦੀ ਹੈ।
ਪ੍ਰਸ਼ਾਸਕ ਨੇ ਕਿਹਾ ਕਿ ਸਖਤ ਮਿਹਨਤ ਤੇ ਯਤਨਾਂ ਸਦਕਾ ਅੱਜ ਚੰਡੀਗੜ੍ਹ ਪੁਲੀਸ ਦਾ ਨਾਮ ਦੇਸ਼ ਭਰ ਵਿੱਚ ਮੋਹਰੀ ਪੁਲੀਸ ਫੋਰਸ ਵਜੋਂ ਆਉਂਦਾ ਹੈ। ਉਨ੍ਹਾਂ ਕਿਹਾ ਕਿ ਪੁਲੀਸ ਵੱਲੋਂ ਸ਼ਹਿਰ ਵਿੱਚ ਅਮਨ ਤੇ ਕਾਨੂੰਨ ਦੀ ਸਥਿਤੀ ਬਰਕਾਰ ਰੱਖਣ ਅਤੇ ਟਰੈਫਿਕ ਨਿਯਮਾਂ ਦੀ ਪਾਲਣਾ ਯਕੀਨੀ ਬਨਾਉਣ ਲਈ ਵਧੇਰੇ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਸ਼ਹਿਰ ਵਿੱਚੋਂ ਨਸ਼ਿਆਂ ਤੇ ਅਪਰਾਧ ਦੇ 100 ਫ਼ੀਸਦ ਖਾਤਮੇ ਲਈ ਪੁਲੀਸ ਭਵਿੱਖ ਵਿੱਚ ਹੋਰ ਮਿਹਨਤ ਕਰੇਗੀ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਪੁਲੀਸ ਸਾਈਬਰ ਸੁਰੱਖਿਆ ਅਤੇ ਨਸ਼ਿਆਂ ’ਤੇ ਨੱਥ ਪਾਉਣ ਲਈ ਜ਼ੋਰ-ਸ਼ੋਰ ਨਾਲ ਕੰਮ ਕਰ ਰਹੀ ਹੈ।
ਡੀਜੀਪੀ ਪਰਵੀਰ ਰੰਜਨ ਨੇ ਚੰਡੀਗੜ੍ਹ ਪੁਲੀਸ ਵੱਲੋਂ ਕੀਤੇ ਜਾਣ ਵਾਲੇ ਕੰਮਾਂ ਬਾਰੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਅੱਜ ਚੰਡੀਗੜ੍ਹ ਵਿੱਚ ਪਾਸਪੋਰਟ ਵੈਰੀਫਿਕੇਸ਼ਨ 24 ਘੰਟਿਆਂ ਵਿੱਚ ਹੋ ਰਹੀ ਹੈ। ਇਸ ਤੋਂ ਇਲਾਵਾ ਸਾਈਬਰ ਅਪਰਾਧ ਤੇ ਨਸ਼ਾ ਤਸਕਰਾਂ ਵਿਰੁੱਧ ਵੀ ਪੁਲੀਸ ਵੱਲੋਂ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਸੜਕੀ ਨਿਯਮਾਂ ਦੀ ਪਾਲਣਾ ਲਈ ਵੀ ਪੁਲੀਸ ਵੱਲੋਂ ਵਧੇਰੇ ਕਾਰਜ ਕੀਤੇ ਜਾ ਰਹੇ ਹਨ। ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਚਲਾਨ ਕਰ ਕੇ ਆਨਲਾਈਨ ਭੇਜੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਪੁਲੀਸ ਨੂੰ ਹਾਈਟੈਕ ਕਰਨ ਲਈ ਹੋਰ ਵਧੇਰੇ ਪ੍ਰਾਜੈਕਟ ਵਿਚਾਰ ਅਧੀਨ ਹਨ, ਜਿਨ੍ਹਾਂ ਨੂੰ ਜਲਦੀ ਸ਼ੁਰੂ ਕਰ ਦਿੱਤੀ ਜਾਵੇਗਾ।
ਇਸ ਦੌਰਾਨ ਡੀਜੀਪੀ ਬੈਸਟ ਪੁਲੀਸ ਐਵਾਰਡ ਸ਼ੁਰੂ ਕੀਤਾ ਗਿਆ। ਇਸ ਤਹਿਤ ਇੰਡਸਟਰੀਅਲ ਏਰੀਆ ਥਾਣੇ ਨੂੰ ਸਭ ਤੋਂ ਵਧੀਆ ਥਾਣੇ ਦਾ ਐਵਾਰਡ ਦਿੱਤਾ ਗਿਆ। ਇਸ ਥਾਣੇ ਨੂੰ 25 ਹਜ਼ਾਰ ਰੁਪਏ ਨਕਦ ਇਨਾਮ ਵੀ ਦਿੱਤਾ ਗਿਆ। ਥਾਣਾ ਸੈਕਟਰ-26 ਦੂਜੇ ਸਥਾਨ ’ਤੇ ਰਿਹਾ ਤੇ ਇਸ ਨੂੰ 15 ਹਜ਼ਾਰ ਰੁਪਏ ਅਤੇ ਤੀਜੇ ਸਥਾਨ ’ਤੇ ਰਹੇ ਸੈਕਟਰ-11 ਦੇ ਥਾਣੇ ਨੂੰ 11 ਹਜ਼ਾਰ ਰੁਪਏ ਦਾ ਨਕਦ ਇਨਾਮ ਦਿੱਤਾ ਗਿਆ। ਵਧੀਆ ਜਾਂਚ ਕਰਨ ਲਈ ਏਐੱਸਆਈ ਮੋਹਿੰਦਰ ਸਿੰਘ ਨੂੰ 25 ਹਜ਼ਾਰ ਰੁਪਏ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ। ਇਸੇ ਤਰ੍ਹਾਂ ਏਐੱਸਆਈ ਜਤਿੰਦਰ ਸਿੰਘ ਤੇ ਸੁਖਵਿੰਦਰ ਸਿੰਘ ਨੂੰ ਲੜੀਵਾਰ 15 ਹਜ਼ਾਰ ਤੇ 10 ਹਜ਼ਾਰ ਰੁਪਏ ਦਾ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ ਹੈ।
ਚੰਡੀਗੜ੍ਹ ਪੁਲੀਸ ਦੀ ਭਰਤੀ ’ਚ ਮੇਰੀ ਵੀ ਨਹੀਂ ਚੱਲੀ: ਪ੍ਰਸ਼ਾਸਕ
ਯੂਟੀ ਦੇ ਪ੍ਰਸ਼ਾਸਕ ਸ੍ਰੀ ਬਨਵਾਰੀ ਲਾਲ ਪੁਰੋਹਿਤ ਨੇ ਕਿਹਾ ਕਿ ਚੰਡੀਗੜ੍ਹ ਪੁਲੀਸ ਪਾਰਦਰਸ਼ੀ ਤੇ ਨਿਰਪੱਖ ਢੰਗ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਆਪਣਾ ਤਜਰਬਾ ਸਾਂਝਾ ਕਰਦਿਆਂ ਕਿਹਾ ਕਿ ਚੰਡੀਗੜ੍ਹ ਪੁਲੀਸ ਵਿੱਚ ਸਿਪਾਹੀ ਦੀ ਭਰਤੀ ਦੌਰਾਨ ਇਕ ਵਾਰ ਉਨ੍ਹਾਂ ਡੀਜੀਪੀ ਚੰਡੀਗੜ੍ਹ ਨੂੰ ਇਕ ਸਿਪਾਹੀ ਦੀ ਭਰਤੀ ਲਈ ਸਿਫਾਰਿਸ਼ ਕੀਤੀ ਤਾਂ ਡੀਜੀਪੀ ਨੇ ਉਮੀਦਵਾਰ ਦਾ ਨੰਬਰ ਪਿੱਛੇ ਹੋਣ ਕਰ ਕੇ ਉਸ ਨੂੰ ਭਰਤੀ ਕਰਨ ਤੋਂ ਜਵਾਬ ਦੇ ਦਿੱਤਾ ਸੀ। ਉਨ੍ਹਾਂ ਕਿਹਾ ਕਿ ਇਸ ਤੋਂ ਪਤਾ ਲੱਗਦਾ ਹੈ ਕਿ ਚੰਡੀਗੜ੍ਹ ਪੁਲੀਸ ਕਿੰਨੇ ਪਾਰਦਰਸ਼ੀ ਢੰਗ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ, ‘‘ਚੰਡੀਗੜ੍ਹ ਪੁਲੀਸ ਦੀ ਭਰਤੀ ਵਿੱਚ ਤਾਂ ਮੇਰੀ ਵੀ ਨਹੀਂ ਚੱਲੀ।’’