ਫ਼ਸਲ ਤਬਾਹ ਕਰਨ ਦੇ ਦੋਸ਼ ਹੇਠ ਕੇਸ ਦਰਜ
ਪੱਤਰ ਪ੍ਰੇਰਕ
ਅਜਨਾਲਾ, 18 ਅਗਸਤ
ਥਾਣਾ ਅਜਨਾਲਾ ਦੀ ਪੁਲੀਸ ਨੇ ਸਰਹੱਦੀ ਪਿੰਡ ਬੱਲੜਵਾਲ ਦੀ ਆਬਾਦੀ ਹਰਨਾਮ ਸਿੰਘ ਵਿੱਚ ਇੱਕ ਮਕਾਨ ਦੀ ਉਸਾਰੀ ਨੂੰ ਲੈ ਕੇ ਹੋਏ ਝਗੜੇ ਵਿੱਚ ਇੱਕ ਵਿਅਕਤੀ ਦੀ ਕੁੱਟਮਾਰ ਕਰ ਕੇ ਉਸ ਦੀ ਕਮਾਦ ਦੀ ਫ਼ਸਲ ਨੂੰ ਤਬਾਹ ਕਰਨ ਦੇ ਦੋਸ਼ ਹੇਠ ਨੌਂ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਐੱਸਐੱਚਓ ਇੰਸਪੈਕਟਰ ਸਤੀਸ਼ ਕੁਮਾਰ ਨੇ ਦੱਸਿਆ ਕਿ ਪਿੰਡ ਬੱਲੜਵਾਲ ਦੀ ਆਬਾਦੀ ਹਰਨਾਮ ਸਿੰਘ ਦੇ ਵਾਸੀ ਕਰਮ ਸਿੰਘ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੋਸ਼ ਲਾਇਆ ਕਿ ਪਿੰਡ ਦੀ ਆਬਾਦੀ ਦੇ ਬੱਗਾ ਸਿੰਘ ਤੇ ਸੁੱਖਾ ਸਿੰਘ ਉਸ ਦੀ ਗਿਰਦਾਵਰੀ ਵਾਲੀ ਜ਼ਮੀਨ ਵਿੱਚ ਮਕਾਨ ਦੀ ਉਸਾਰੀ ਕਰ ਰਹੇ ਸਨ, ਜੋ ਕਿ ਨਾਜਾਇਜ਼ ਸੀ, ਜਿਸ ਨੂੰ ਉਹ 15 ਅਗਸਤ ਨੂੰ ਰੋਕਣ ਗਿਆ ਸੀ। ਉਸ ਨੇ ਦੋਸ਼ ਲਾਇਆ ਕਿ ਕਿੜ ਵਿੱਚ ਆ ਕੇ ਬੱਗਾ ਸਿੰਘ, ਸੁੱਖਾ ਸਿੰਘ, ਖਜ਼ਾਨ ਸਿੰਘ, ਨਿਸ਼ਾਨ ਸਿੰਘ, ਫੁੰਮਣ ਸਿੰਘ, ਮੁਖਤਾਰ ਸਿੰਘ, ਗੁਰਮੀਤ ਸਿੰਘ, ਪ੍ਰੀਤਾ ਸਿੰਘ, ਹਰਜੀਤ ਸਿੰਘ ਦੋ ਟਰੈਕਟਰਾਂ ’ਤੇ ਸਵਾਰ ਹੋ ਕੇ ਉਸ ਦੀ ਜ਼ਮੀਨ ਉਜਾੜਨ ਲੱਗ ਪਏ ਜਿਸ ਵਿੱਚ ਉਸ ਨੇ ਕਮਾਦ ਦੀ ਫ਼ਸਲ ਬੀਜੀ ਸੀ। ਉਸ ਨੇ ਦੱਸਿਆ ਕਿ ਉਸ ਨੇ ਉੱਥੇ ਜਾ ਕੇ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਪਰ ਇਨ੍ਹਾਂ ਵਿਅਕਤੀਆਂ ਨੇ ਉਸ ਦੀ ਇੱਕ ਨਾ ਸੁਣੀ ਤੇ ਉਸ ਨੂੰ ਨਾਲ ਲਿਆਂਦੇ ਰਵਾਇਤੀ ਹਥਿਆਰਾਂ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ।