ਕੈਨੇਡਾ ਦੀ 45ਵੀਂ ਲੋਕ ਸਭਾ ਲਈ ਸੋਮਵਾਰ ਨੂੰ ਪੈਣਗੀਆਂ ਵੋਟਾਂ, ਲਿਬਰਲਜ਼ ਤੇ ਕੰਜ਼ਰਵੇਟਿਵਾਂ ਵਿਚਾਲੇ ਫਸਵੀਂ ਟੱਕਰ ਦੇ ਆਸਾਰ
ਗੁਰਮਲਕੀਅਤ ਸਿੰਘ ਕਾਹਲੋਂ
ਵੈਨਕੂਵਰ, 27 ਅਪਰੈਲ
ਕੈਨੇਡਾ ਦੀ 45ਵੀਂ ਲੋਕ ਸਭਾ ਲਈ ਸੋਮਵਾਰ ਨੂੰ ਵੋਟਾਂ ਪੈਣਗੀਆਂ। ਵੋਟਿੰਗ ਖ਼ਤਮ ਹੋਣ ਤੋਂ ਫੌਰੀ ਮਗਰੋਂ ਗਿਣਤੀ ਸ਼ੁਰੂ ਹੋ ਜਾਏਗੀ ਤੇ ਕੁਝ ਘੰਟਿਆਂ ਅੰਦਰ ਕਾਫੀ ਨਤੀਜਿਆਂ ਦਾ ਐਲਾਨ ਹੋ ਜਾਏਗਾ। 29 ਅਪਰੈਲ ਦਾ ਸੂਰਜ ਨਵੀਂ ਸਰਕਾਰ ਦੇ ਨਕਸ਼ਾਂ ਦੇ ਉਭਾਰ ਲੈ ਕੇ ਕੈਨੇਡਿਆਈ ਲੋਕਾਂ ਦੀਆਂ ਬਰੂਹਾਂ ਉੱਤੇ ਦਸਤਕ ਦੇਵੇਗਾ।
ਆਪਣੇ ਮਨਾਂ ਵਿੱਚ ਚੰਗੀ ਸਰਕਾਰ ਦੀ ਉਮੀਦ ਦਾ ਦੀਵਾ ਜਗਾ ਚੁੱਕੇ ਵੋਟਰ ਸਵੇਰੇ 9 ਵਜੇ ਤੋਂ ਰਾਤ 9 ਵਜੇ ਤੱਕ ਆਪਣੀ ਫੁਰਸਤ ਅਨੁਸਾਰ ਆਪਣੇ ਘਰਾਂ ਨੇੜਲੇ ਵੋਟ ਕੇਂਦਰਾਂ ’ਤੇ ਜਾ ਕੇ ਆਪਣੇ ਵੋਟ ਦੇ ਹੱਕ ਦੀ ਵਰਤੋਂ ਕਰਨਗੇ। ਬੇਸ਼ੱਕ ਚੋਣ ਅਖਾੜੇ ਦੇ ਸ਼ੁਰੂਆਤੀ ਦਿਨਾਂ ਤੋਂ ਹੀ ਸਰਵੇਖਣ ਏਜੰਸੀਆਂ ਸਰਗਰਮ ਸਨ, ਪਰ ਜਿਵੇਂ ਜਿਵੇਂ ਚੋਣਾਂ ਦਾ ਦਿਨ ਨੇੇੜੇ ਆਉਂਦਾ ਗਿਆ, ਦੋਹਾਂ ਪਾਰਟੀਆਂ ਲਿਬਰਲਜ਼ ਤੇ ਕੰਜ਼ਰਵੇਟਿਵ ਦਰਮਿਆਨ ਮੁਕਾਬਲਾ ਫਸਵਾਂ ਬਣ ਗਿਆ ਹੈ। ਬੇਸ਼ੱਕ ਹਵਾ ਦੀ ਘੁੰਮਣਘੇਰੀ ਵਿੱਚ ਫਸੇ ਵੋਟਰ ਪਸੰਦੀਦਾ ਪਾਰਟੀ ਬਾਰੇ ਮਨ ਬਣਾ ਕੇ ਹੀ ਵੋਟ ਕੇਂਦਰਾਂ ’ਤੇ ਜਾਣਗੇ, ਪਰ ਉਨ੍ਹਾਂ ’ਚੋਂ ਹੀ ਵੋਟਰਾਂ ਦਾ ਇੱਕ ਵਰਗ ਅਜਿਹਾ ਵੀ ਹੈ, ਜੋ ਵੋਟ ਕੇਂਦਰਾਂ ’ਤੇ ਜਾ ਕੇ ਹਵਾ ਦੇ ਵਹਿਣ ਵਿੱਚ ਵਹਿ ਕੇ ਫਸਵੀਂ ਟੱਕਰ ਦੇ ਨਤੀਜੇ ਪ੍ਰਭਾਵਤ ਕਰ ਸਕਣ ਦੇ ਸਮਰੱਥ ਹੈ।
ਲੰਘੇ ਹਫਤੇ ਅਗਾਊਂ ਵੋਟਾਂ ਮੌਕੇ ਇਸ ਵਾਰ 26 ਫੀਸਦ ਦਾ ਵਾਧਾ ਦਰਜ ਹੋਇਆ, ਜਿਸ ਨੂੰ ਸਿਆਸੀ ਸੂਝ ਵਾਲੇ ਲੋਕ ਸਰਕਾਰ ਦੇ ਬਦਲਾਅ ਦਾ ਸੰਕੇਤ ਮੰਨ ਰਹੇ ਹਨ। ਇਸ ਤਰ੍ਹਾਂ ਦਾ ਰੁਝਾਨ ਭਾਰਤ ਸਮੇਤ ਕਈ ਦੇਸ਼ਾਂ ਵਿੱਚ ਸਾਬਤ ਵੀ ਹੋ ਚੁੱਕਾ ਹੈ। ਪਰ ਕੁਝ ਹੋਰ ਇਸ ਨੂੰ ਅਮਰੀਕਨ ਰਾਸ਼ਟਰਪਤੀ ਦੇ ਟੈਰਿਫ ਨਾਲ ਸਿੱਝਣ ਦੀ ਯੋਗਤਾ ਵਾਲੇ ਆਗੂ ਦੇ ਹੱਥ ਮਜ਼ਬੂਤ ਕੀਤੇ ਜਾਣ ਦੇ ਉਤਸ਼ਾਹ ਵਜੋਂ ਲੈ ਰਹੇ ਹਨ। ਬਿਨਾਂ ਸ਼ੱਕ ਪਾਰਟੀ ਆਗੂਆਂ ਵਲੋਂ ਚੋਣ ਪ੍ਰਚਾਰ ਵਿੱਚ ਕੋਈ ਕਸਰ ਨਹੀਂ ਛੱਡੀ ਗਈ, ਪਰ ਚੋਣ ਮੈਦਾਨ ਵਿੱਚ ਕੁੱਦੇ ਉਮੀਦਵਾਰਾਂ ਵਲੋਂ ਇਸ ਵਾਰ ਪਹਿਲਾਂ ਵਾਂਗ ਜ਼ੋਰ ਨਹੀਂ ਲਗਾਇਆ ਗਿਆ।
ਸ਼ਹਿਰਾਂ ਵਿੱਚ ਵਿਚਰਦਿਆਂ ਉਮੀਦਵਾਰਾਂ ਵਲੋਂ ਸਮਰਥਕਾਂ ਦੇ ਘਰਾਂ ਮੂਹਰੇ ਤਖ਼ਤੀਆਂ ਜ਼ਰੂਰ ਲਗਾਈਆਂ ਗਈਆਂ ਹਨ, ਪਰ ਨਾ ਤਾਂ ਵੱਡੇ ਵੱਡੇ ਹੋਰਡਿੰਗ ਕਿਧਰੇ ਵਿਖਾਈ ਦਿੰਦੇ ਹਨ ਤੇ ਨਾ ਹੀ ਚੋਣ ਸਮਾਗਮ ਜਾਂ ਘਰ ਘਰ ਚੋਣ ਮੁਹਿੰਮ ਚਲਦੀ ਵੇਖੀ ਗਈ ਹੈ। ਦੇਸ਼ ਦੇ ਪ੍ਰਮੁੱਖ ਰੇਡੀਓ ਟੀਵੀ ਚੈਨਲਾਂ ਨੂੰ ਫੋਨ ਕਰਦੇ ਰਹਿਣ ਵਾਲੇ ਬਹੁਤੇ ਕਾਲਰ ਬਦਲਾਅ ਦੀ ਉਮੀਦ ਲਾਈ ਬੈਠੇ ਹਨ। ਹੁਣ ਇਹ ਪਤਾ ਲੱਗਣ ਵਿੱਚ ਕੁਝ ਘੰਟੇ ਹੀ ਬਾਕੀ ਹਨ ਕਿ ਬਹੁਗਿਣਤੀ ਵੋਟਰਾਂ ਨੇ ਦੇਸ਼ ਦੀ ਸੱਤਾ ਸੰਭਾਲਣ ਲਈ ਕਿਹੜੀ ਪਾਰਟੀ ਨੂੰ ਯੋਗ ਸਮਝਿਆ ਤੇ ਕਿਹੜੇ ਕਿਹੜੇ ਉਮੀਦਵਾਰਾਂ ਨੂੰ ਓਟਵਾ ਸਥਿਤ ਕੈਨੇਡਾ ਦੇ ਪਾਰਲੀਮੈਂਟ ਹਾਊਸ ਦਾ ਗੇਟ ਲੰਘਣ ਦੇ ਯੋਗ ਬਣਾਇਆ।