CANADA ਪ੍ਰਧਾਨ ਮੰਤਰੀ ਮਾਰਕ ਕਾਰਨੀ ਮੰਗਲਵਾਰ ਨੂੰ ਨਵੀਂ ਕੈਬਨਿਟ ਦਾ ਕਰਨਗੇ ਐਲਾਨ
06:26 AM May 10, 2025 IST
ਸੁਰਿੰਦਰ ਮਾਵੀ
ਵਿਨੀਪੈਗ, 10 ਮਈ
ਪ੍ਰਧਾਨ ਮੰਤਰੀ ਮਾਰਕ ਕਾਰਨੀ ਮੰਗਲਵਾਰ ਨੂੰ ਆਪਣੀ ਨਵੀਂ ਕੈਬਨਿਟ ਦਾ ਐਲਾਨ ਕਰਨਗੇ। ਹਾਲ ਹੀ ਵਿਚ ਮੁਕੰਮਲ ਹੋਈਆਂ ਸੰਘੀ ਚੋਣਾਂ ਵਿਚ ਲਿਬਰਲ ਪਾਰਟੀ ਨੇ ਵੱਡੀ ਜਿੱਤ ਦਰਜ ਕੀਤੀ ਸੀ, ਹਾਲਾਂਕਿ ਪਾਰਟੀ ਇਕ ਦੋ ਸੀਟਾਂ ਨਾਲ ਸਪਸ਼ਟ ਬਹੁਮਤ ਤੋਂ ਖੁੰਝ ਗਈ ਸੀ। ਕੈਨੇਡਾ ਦੀ ਰਾਜਧਾਨੀ ਓਟਵਾ ਵਿਚ 13 ਮਈ ਨੂੰ ਲਿਬਰਲ ਆਗੂ ਮਾਰਕ ਕਾਰਨੀ ਦੀ ਅਗਵਾਈ 'ਚ ਨਵੀਂ ਸਰਕਾਰ ਦਾ ਗਠਨ ਹੋਣ ਸਬੰਧੀ ਰਸਮੀ ਤਿਆਰੀਆਂ ਨੂੰ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ।
ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਹੈ ਕਿ ਉਨ੍ਹਾਂ ਦੇ ਕੈਬਨਿਟ ਮੰਤਰੀਆਂ ਵਿੱਚ ਮਰਦਾਂ ਅਤੇ ਔਰਤਾਂ ਦੀ ਗਿਣਤੀ ਬਰਾਬਰ ਹੋਵੇਗੀ। ਕੈਬਨਿਟ ਨੂੰ ਮੰਗਲਵਾਰ ਸਵੇਰੇ 10:30 ਵਜੇ ਓਟਵਾ ਦੇ ਰਾਈਡੌ ਹਾਲ ਵਿਖੇ ਗਵਰਨਰ ਜਨਰਲ ਮੈਰੀ ਸਾਈਮਨ ਸਹੁੰ ਚੁਕਾਉਣਗੇ। ਉਨ੍ਹਾਂ ਦੀ ਪਹਿਲੀ ਕੈਬਨਿਟ ਵਿੱਚ ਸਿਰਫ਼ 24 ਮੰਤਰੀ ਸਨ, ਜਦ ਕਿ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ 39 ਮੈਂਬਰੀ ਕੈਬਨਿਟ ਹੁੰਦੀ ਸੀ। ਪ੍ਰਧਾਨ ਮੰਤਰੀ ਨੇ ਆਪਣੀ ਦੂਸਰੀ ਕੈਬਿਨਟ ਦੇ ਆਕਾਰ ਦੀ ਪੁਸ਼ਟੀ ਨਹੀਂ ਕੀਤੀ ਹੈ, ਪਰ ਕੁਝ ਨਵੇਂ ਚੁਣੇ ਗਏ ਐਮਪੀਜ਼ ਨੂੰ ਸ਼ਾਮਲ ਕਰਨ ਲਈ ਇਹ ਉਨ੍ਹਾਂ ਦੀ ਨਵੀਂ ਕੈਬਨਿਟ ਪਿਛਲੀ ਨਾਲੋਂ ਥੋੜ੍ਹੀ ਵੱਡੀ ਹੋ ਸਕਦੀ ਹੈ।
ਲਿਬਰਲ ਸੂਤਰਾਂ ਨੇ ਦੱਸਿਆ ਕਿ ਕਾਰਨੀ ਕੈਬਨਿਟ ਵਿਚ ਸੀਨੀਅਰ ਮੰਤਰੀਆਂ ਦੇ ਨਾਲ ਰਾਜ ਮੰਤਰੀਆਂ ਦੇ ਅਹੁਦੇ ਵੀ ਹੋ ਸਕਦੇ ਹਨ । ਪਿਛਲੀਆਂ ਕਈ ਕੈਨੇਡੀਅਨ ਸਰਕਾਰਾਂ ਨੇ ਵੱਖ-ਵੱਖ ਸਮਰਥਕਾਂ ਵਿੱਚ ਰਾਜ ਮੰਤਰੀਆਂ ਦੀ ਵਰਤੋਂ ਕੀਤੀ ਹੈ। ਇਹ ਮਾਡਲ ਯੂਨਾਈਟਿਡ ਕਿੰਗਡਮ ਵਿੱਚ ਵੀ ਵਰਤਿਆ ਜਾਂਦਾ ਹੈ, ਜਿੱਥੇ ਕਾਰਨੀ ਬੈਂਕ ਆਫ਼ ਇੰਗਲੈਂਡ ਦੇ ਗਵਰਨਰ ਵਜੋਂ ਕੰਮ ਕਰਦੇ ਸੀ।
ਜ਼ਿਕਰਯੋਗ ਹੇ ਕੇ ਐੱਮਪੀ ਦੀ ਸਾਲਾਨਾ ਤਨਖ਼ਾਹ $209,800 ਹੁੰਦੀ ਹੈ, ਪਰ ਪ੍ਰਧਾਨ ਮੰਤਰੀ ਦੀ ਤਨਖ਼ਾਹ ਇਸ ਨਾਲੋਂ ਦੁੱਗਣੀ ਹੁੰਦੀ ਹੈ। ਕਾਰਨੀ ਦੇ ਕੈਬਨਿਟ ਮੰਤਰੀਆਂ ਦੀ ਮੂਲ ਤਨਖ਼ਾਹ ਵਿਚ $99,900 ਵਾਧੂ ਮਿਲਣਗੇ, ਜਦ ਕਿ ਕੈਬਨਿਟ ਵਿੱਚ ਸਟੇਟ ਸਕੱਤਰਾਂ ਨੂੰ $74,700 ਵਾਧੂ ਮਿਲਣਗੇ।28 ਅਪਰੈਲ ਨੂੰ ਹੋਈਆਂ ਫੈਡਰਲ ਚੋਣਾਂ ਤੋਂ ਬਾਅਦ ਇਸ ਮਹੀਨੇ 26 ਮਈ ਨੂੰ ਪਾਰਲੀਮੈਂਟ ਦੀ ਕਾਰਵਾਈ ਮੁੜ ਸ਼ੁਰੂ ਹੋ ਰਹੀ ਹੈ।
ਚੋਣ ਮੁਹਿੰਮ ਦੌਰਾਨ ਕਾਰਨੀ ਨੇ ਕਈ ਫਾਈਲਾਂ 'ਤੇ ਜਲਦੀ ਕਾਰਵਾਈ ਕਰਨ ਦਾ ਵਾਅਦਾ ਕੀਤਾ ਸੀ ਜਿਸ ਕਾਰਨ ਪਾਰਲੀਮੈਂਟ ਵਿੱਚ ਇਸ ਸੈਸ਼ਨ ਦੇ ਸ਼ੁਰੂ ਤੋਂ ਹੀ ਵਿਅਸਤ ਰਹਿਣ ਦੀ ਉਮੀਦ ਹੈ। ਇਨ੍ਹਾਂ ਵਾਅਦਿਆਂ ਵਿੱਚੋਂ ਕੁਝ ਵਿੱਚ ਕੈਨੇਡਾ ਦਿਵਸ ਤੱਕ ਅੰਤਰ-ਸੂਬਾਈ ਵਪਾਰ ਲਈ ਫੈਡਰਲ ਰੁਕਾਵਟਾਂ ਨੂੰ ਹਟਾਉਣਾ ਅਤੇ ਇੱਕ ਕੈਨੇਡਾ ਬਣਾਉਣਾ ਸ਼ਾਮਲ ਹੈ ਜੋ 17 ਸਾਲ ਅਤੇ ਇਸ ਤੋਂ ਘੱਟ ਉਮਰ ਦੇ ਨੌਜਵਾਨਾਂ ਨੂੰ ਆਪਣੇ ਮਾਪਿਆਂ ਨਾਲ ਯਾਤਰਾ ਕਰਨ ਵੇਲੇ VIA ਰੇਲ ’ਤੇ ਮੁਫ਼ਤ ਸੀਟਾਂ ਦੇ ਨਾਲ-ਨਾਲ ਰਾਸ਼ਟਰੀ ਗੈਲਰੀਆਂ ਅਤੇ ਅਜਾਇਬ ਘਰਾਂ ਤੱਕ ਮੁਫ਼ਤ ਪਹੁੰਚ ਪ੍ਰਦਾਨ ਕਰੇਗਾ।ਕਾਰਨੀ ਨੇ ਇਨ੍ਹਾਂ ਗਰਮੀਆਂ ਵਿੱਚ ਨੈਸ਼ਨਲ ਪਾਰਕਾਂ ਅਤੇ ਇਤਿਹਾਸਕ ਸਥਾਨਾਂ ਤੱਕ ਪਹੁੰਚ ਨੂੰ ਮੁਫ਼ਤ ਕਰਨ ਅਤੇ ਨਾਲ ਹੀ ਕੈਂਪਿੰਗ ਲਈ ਕੀਮਤਾਂ ਵਿੱਚ ਕਮੀ ਦਾ ਵਾਅਦਾ ਵੀ ਕੀਤਾ ਹੈ।
Advertisement
Advertisement