Canada News: ਕੈਨੇਡਾ: ਪ੍ਰਧਾਨ ਮੰਤਰੀ ਵੱਲੋਂ ਮੰਤਰੀ ਮੰਡਲ ਦਾ ਗਠਨ
ਗੁਰਮਲਕੀਅਤ ਸਿੰਘ ਕਾਹਲੋਂ
ਵੈਨਕੂਵਰ, 13 ਮਈ
ਕੈਨੇਡਾ ਦੀਆਂ ਫੈਡਰਲ ਚੋਣਾਂ ਤੋਂ ਦੋ ਹਫਤੇ ਬਾਅਦ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਆਪਣੇ ਮੰਤਰੀ ਮੰਡਲ ਦਾ ਗਠਨ ਕਰ ਲਿਆ ਹੈ ਜਿਸ ਵਿੱਚ ਸ਼ਾਮਲ ਕੀਤੇ ਮੰਤਰੀਆਂ ਵਿੱਚ ਦੋ ਦਰਜਨ ਨਵੇਂ ਚਿਹਰੇ ਸ਼ਾਮਲ ਕੀਤੇ ਗਏ ਹਨ ਤੇ ਇਸ ਵਿਚ ਔਰਤਾਂ ਅਤੇ ਖੇਤਰੀ ਪ੍ਰਤੀਨਿਧਤਾ ਦਾ ਵਿਸ਼ੇਸ਼ ਧਿਆਨ ਰੱਖਿਆ ਗਿਆ ਹੈ। ਕਈ ਸਾਲਾਂ ਬਾਅਦ (ਸਾਬਆ ਪ੍ਰਧਾਨ ਮੰਤਰੀ ਸਟੀਵਨ ਹਾਰਪਰ ਤੋਂ ਬਾਅਦ) ਕੁਝ ਸੰਸਦ ਮੈਂਬਰਾਂ ਨੂੰ ਰਾਜ ਮੰਤਰੀ (ਪ੍ਰਿੰਸੀਪਲ ਸਕੱਤਰ) ਵਜੋਂ ਨਿਵਾਜਿਆ ਗਿਆ ਹੈ। ਸਰੀ ਸੈਂਟਰ ਤੋਂ ਲਗਾਤਾਰ ਚੌਥੀ ਵਾਰ ਚੁਣ ਕੇ ਆਏ ਜਲੰਧਰ ਨੇੜਲੇ ਪਿੰਡ ਸਰਾਏ ਖਾਸ ਦੇ ਪਿਛੋਕੜ ਵਾਲੇ ਰਣਦੀਪ ਸਿੰਘ ਸਰਾਏ (ਪਗੜੀਧਾਰੀ) (ਰਾਜ ਮੰਤਰੀ ਅੰਤਰਰਾਸ਼ਟਰੀ ਵਿਕਾਸ ਵਿਭਾਗ), ਬਰੈਂਪਟਨ ਤੋਂ ਚੁਣੇ ਗਏ ਮਨਿੰਦਰ ਸਿੱਧੂ ( ਕੌਮਾਂਤਰੀ ਵਪਾਰ ਵਿਭਾਗ) ਅਤੇ ਰੂਬੀ ਸਹੋਤਾ (ਰਾਜ ਮੰਤਰੀ ਜੁਰਮ ਰੋਕੂ ਵਿਭਾਗ) ਨੂੰ ਸ਼ਾਮਲ ਕਰਕੇ ਪੰਜਾਬੀ ਭਾਈਚਾਰੇ ਦਾ ਮਾਣ ਵਧਾਇਆ ਗਿਆ ਹੈ। ਸਾਬਕਾ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਨੂੰ ਫਿਰ ਤੋਂ ਸ਼ਾਮਲ ਕਰਕੇ ਟਰਾਂਸਪੋਰਟ ਤੇ ਟਰੇਡ ਵਿਭਾਗ ਸੌਂਪਿਆ ਗਿਆ ਹੈ। ਓਂਟਾਰੀਓ ਦੇ ਟਰਾਂਟੋ ਖੇਤਰ ਤੋਂ 12 ਸੰਸਦ ਮੈਂਬਰਾਂ ਨੂੰ ਮੰਤਰੀ ਮੰਡਲ ਵਿੱਚ ਸ਼ਾਮਲ ਕੀਤਾ ਗਿਆ ਹੈ।
ਰਿਡਿਊ ਹਾਲ ਦੇ ਮੁੱਖ ਹਾਲ ਵਿੱਚ ਸਹੁੰ ਚੁੱਕ ਸਮਾਗਮ ਵਿੱਚ ਦਾਖਲੇ ਤੋਂ ਪਹਿਲਾਂ ਸ਼ਾਮਲ ਕੀਤੇ ਜਾਣ ਵਾਲੇ ਮੰਤਰੀਆਂ ਨੂੰ ਸਟੇਜ ਦੇ ਸਾਹਮਣੇ ਬਿਠਾਉਣ ਤੋਂ ਬਾਅਦ ਪ੍ਰਧਾਨ ਮੰਤਰੀ ਮਾਰਕ ਕਾਰਨੀ ਅਤੇ ਗਵਰਨਰ ਜਨਰਲ ਮੈਰੀ ਸਾਈਮਨ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ। ਸਾਢੇ 10 ਵਜੇ ਸ਼ੁਰੂ ਹੋਣ ਵਾਲਾ ਸਹੁੰ ਚੁੱਕ ਸਮਾਗਮ ਕੁਝ ਮਿੰਟ ਦੇਰੀ ਨਾਲ ਸ਼ੁਰੂ ਹੋਇਆ। ਮੰਤਰੀਆਂ ਦੀ ਗਿਣਤੀ ਕਿਆਫਿਆਂ ਦੇ ਨੇੜੇ ਹੀ ਰਹੀ। ਹਾਲਾਂ ਕਿ 14 ਮਾਰਚ ਨੂੰ ਪ੍ਰਧਾਨ ਮੰਤਰੀ ਬਣੇ ਮਾਰਕ ਕਾਰਨੀ ਨੇ 23 ਮੰਤਰੀ ਹੀ ਬਣਾਏ ਹਨ। ਮਿਲਾਨੀ ਜੌਲੀ ਤੇ ਸੀਆਨ ਫਰੇਜ਼ਰ ਫਿਰ ਤੋਂ ਮੰਤਰੀ ਬਣੇ ਹਨ। ਇੰਦਰਾ ਅਨੀਤਾ ਆਨੰਦ ਨੂੰ ਫਿਰ ਤੋਂ ਵਿਦੇਸ਼ ਵਿਭਾਗ ਦਿੱਤਾ ਗਿਆ ਹੈ। ਰੱਖਿਆ ਮੰਤਰਾਲਾ ਡੇਵਿਡ ਜੋਸਫ਼ ਨੂੰ ਦਿੱਤਾ ਗਿਆ ਹੈ। ਸ਼ਫਕਤੀ ਅਲੀ ਨੂੰ ਵੀ ਮੰਤਰੀ ਬਣਾਇਆ ਗਿਆ ਹੈ।