Punjab News: ਮਾਮੂਲੀ ਤਕਰਾਰ ਦੇ ਚਲਦਿਆਂ ਭਾਣਜੇ ਵੱਲੋਂ ਮਾਮੇ ਦਾ ਗੋਲੀ ਮਾਰ ਕੇ ਕਤਲ
ਸੰਜੀਵ ਹਾਂਡਾ
ਫ਼ਿਰੋਜ਼ਪੁਰ, 13 ਜੂਨ
ਜ਼ਿਲ੍ਹੇ ਦੇ ਪਿੰਡ ਅੱਕੂ ਮਸਤੇ ਕੇ ਵਿੱਚ ਅੱਜ ਇੱਕ ਮਾਮੂਲੀ ਤਕਰਾਰ ਨੇ ਖ਼ੂਨੀ ਰੂਪ ਧਾਰ ਲਿਆ, ਜਿਸ ਦੇ ਨਤੀਜੇ ਵਜੋਂ ਇੱਕ ਨੌਜਵਾਨ ਨੇ ਆਪਣੇ ਮਾਮੇ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਮ੍ਰਿਤਕ ਦੀ ਪਛਾਣ ਮੁਖ਼ਤਿਆਰ ਸਿੰਘ ਵਜੋਂ ਹੋਈ ਹੈ। ਘਟਨਾ ਨੂੰ ਅੰਜਾਮ ਦੇਣ ਵਾਲਾ ਮੁਲਜ਼ਮ ਸੁਖਦੇਵ ਸਿੰਘ ਵਾਰਦਾਤ ਤੋਂ ਬਾਅਦ ਫ਼ਰਾਰ ਹੋ ਗਿਆ ਹੈ। ਥਾਣਾ ਆਰਿਫ਼ ਕੇ ਪੁਲੀਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਮੁਖ਼ਤਿਆਰ ਸਿੰਘ ਅੱਜ ਆਪਣੇ ਖੇਤ ਵਿੱਚ ਝੋਨਾ ਲਾਉਣ ਲਈ ਜ਼ਮੀਨ ਤਿਆਰ ਕਰ ਰਿਹਾ ਸੀ। ਖੇਤ ਵਿੱਚ ਸੁਹਾਗਾ ਮਾਰਨ ਦੌਰਾਨ ਕੁਝ ਪਾਣੀ ਅਤੇ ਗਾਰਾ ਨਾਲ ਲੱਗਦੇ ਸੁਖਦੇਵ ਸਿੰਘ ਦੇ ਖੇਤ ਵਿੱਚ ਲੱਗੇ ਝੋਨੇ 'ਤੇ ਪੈ ਗਿਆ, ਜਿਸ ਕਾਰਨ ਝੋਨੇ ਦੇ ਕੁਝ ਬੂਟੇ ਖ਼ਰਾਬ ਹੋ ਗਏ। ਇਸੇ ਗੱਲ ਨੂੰ ਲੈ ਕੇ ਸੁਖਦੇਵ ਸਿੰਘ ਅਤੇ ਉਸ ਦੇ ਮਾਮੇ ਮੁਖ਼ਤਿਆਰ ਸਿੰਘ ਵਿਚਕਾਰ ਬਹਿਸ ਹੋ ਗਈ।
ਮੁਖ਼ਤਿਆਰ ਸਿੰਘ ਆਪਣਾ ਟਰੈਕਟਰ ਖੇਤ ਵਿੱਚ ਹੀ ਛੱਡ ਕੇ ਘਰ ਪਰਤ ਆਇਆ। ਕੁਝ ਸਮੇਂ ਬਾਅਦ, ਜਦੋਂ ਉਹ ਦੁਬਾਰਾ ਖੇਤ ਜਾ ਰਿਹਾ ਸੀ, ਤਾਂ ਸੁਖਦੇਵ ਸਿੰਘ ਨੇ ਰਸਤੇ ਵਿੱਚ ਹੀ ਉਸ ਨੂੰ ਗੋਲੀ ਮਾਰ ਦਿੱਤੀ। ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਗੋਲੀ ਮਾਰਨ ਤੋਂ ਬਾਅਦ ਵੀ ਮੁਖ਼ਤਿਆਰ ਸਿੰਘ ਨਾਲ ਕੁੱਟਮਾਰ ਕੀਤੀ ਗਈ। ਜ਼ਖ਼ਮੀ ਹਾਲਤ ਵਿੱਚ ਮੁਖ਼ਤਿਆਰ ਸਿੰਘ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।
ਮੁਲਜ਼ਮ ਦੀ ਭਾਲ ਜਾਰੀ: ਐਸਐਸਪੀ
ਘਟਨਾ ਦੀ ਸੂਚਨਾ ਮਿਲਦਿਆਂ ਹੀ ਐਸਐਸਪੀ ਭੁਪਿੰਦਰ ਸਿੰਘ ਸਿੱਧੂ ਸਮੇਤ ਹੋਰ ਸੀਨੀਅਰ ਪੁਲੀਸ ਅਧਿਕਾਰੀ ਮੌਕੇ 'ਤੇ ਪਹੁੰਚ ਗਏ। ਐਸਐਸਪੀ ਨੇ ਦੱਸਿਆ ਕਿ ਪੁਲੀਸ ਵੱਲੋਂ ਇਸ ਘਟਨਾ ਦੀ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਿਆ ਸੀ, ਜਿਸ ਦੀ ਭਾਲ ਜਾਰੀ ਹੈ।