Canada: ਕੈਲਗਰੀ ਦੇ ਬੋਅ ਵੈਲੀ ਕਾਲਜ ਰੇਲਵੇ ਸਟੇਸ਼ਨ ’ਤੇ ਭਾਰਤੀ ਮੁਟਿਆਰ ਦਾ ਗਲਾ ਘੁੱਟਣ ਦੀ ਕੋਸ਼ਿਸ਼
ਸੁਰਿੰਦਰ ਮਾਵੀ
ਵਿਨੀਪੈਗ, 25 ਮਾਰਚ
ਕੈਨੇਡਾ ਵਿਚ ਪਿਛਲੇ ਚਾਰ ਸਾਲਾਂ ਵਿੱਚ ਕੌਮਾਂਤਰੀ ਵਿਦਿਆਰਥੀਆਂ ਤੇ ਦੱਖਣੀ ਏਸ਼ਿਆਈ ਲੋਕਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਅਪਰਾਧਾਂ ਵਿੱਚ ਵਾਧਾ ਹੋਇਆ ਹੈ।
ਇਸੇ ਕੜੀ ਵਿਚ ਪਿਛਲੇ ਦਿਨੀਂ ਕੈਨੇਡਾ ਦੇ ਕੈਲਗਰੀ ਤੋਂ ਇਕ ਵੀਡੀਓ ਸਾਹਮਣੇ ਆਇਆ ਹੈ, ਜਿੱਥੇ ਇਕ ਵਿਅਕਤੀ ਨੇ ਬੋ ਵੈਲੀ ਕਾਲਜ ਟਰੇਨ ਸਟੇਸ਼ਨ ਦੇ ਪਲੈਟਫ਼ਾਰਮ ’ਤੇ ਲੜਕੀ ਦਾ ਗਲ਼ਾ ਘੁੱਟਣ ਦੀ ਕੋਸ਼ਿਸ਼ ਕੀਤੀ। ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਿਹਾ ਹੈ। ਕਈ ਸੋਸ਼ਲ ਮੀਡੀਆ ਪੋਸਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਪੀੜਤ ਲੜਕੀ ਭਾਰਤੀ ਹੈ।
ਆਨਲਾਈਨ ਵਾਇਰਲ ਹੋ ਰਹੀ ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਨੀਲੇ ਰੰਗ ਦੀ ਜੈਕੇਟ ਅਤੇ ਗੂੜ੍ਹੇ ਸਲੇਟੀ ਰੰਗ ਦਾ ਟਰਾਊਜ਼ਰ ਪਾਈ ਇਕ ਵਿਅਕਤੀ ਨੇ ਲੜਕੀ ’ਤੇ ਹਮਲਾ ਕਰ ਦਿੱਤਾ। ਉਂਝ ਅਜੇ ਤੱਕ ਹਮਲਾਵਰ ਦੀ ਪਛਾਣ ਨਹੀਂ ਹੋ ਸਕੀ ਹੈ।
ਹੈਰਾਨੀ ਦੀ ਗੱਲ ਹੈ ਕਿ ਹਮਲੇ ਦੌਰਾਨ ਨੇੜੇ ਖੜ੍ਹਾ ਕੋਈ ਵੀ ਵਿਅਕਤੀ ਇਸ ਲੜਕੀ ਦੀ ਮਦਦ ਲਈ ਅੱਗੇ ਨਹੀਂ ਆਇਆ। ਹਮਲਾਵਰ ਨੇ ਪਲੈਟਫ਼ਾਰਮ ’ਤੇ ਮੌਜੂਦ ‘ਭਾਰਤੀ’ ਲੜਕੀ ’ਤੇ ਹਮਲਾ ਕਿਉਂ ਕੀਤਾ, ਇਸ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।