ਅਲਵਿਦਾ ਪੇਲੇ...
ਜਗਵਿੰਦਰ ਜੋਧਾ
ਸਾਲ 1950 ਦੇ ਫੀਫਾ ਵਿਸ਼ਵ ਕੱਪ ਫਾਈਨਲ ਵਿਚ ਬ੍ਰਾਜ਼ੀਲ ਤੇ ਉਰੂਗੁਏ ਖੇਡਣ ਲਈ ਤਿਆਰ ਖੜ੍ਹੇ ਸਨ। ਇਹੀ ਉਹ ਇਕਲੌਤਾ ਵਿਸ਼ਵ ਕੱਪ ਸੀ ਜਿਸ ਲਈ ਭਾਰਤੀ ਫੁੱਟਬਾਲ ਟੀਮ ਨੇ ਕੁਆਲੀਫਾਈ ਕੀਤਾ ਸੀ ਪਰ ਆਖਿ਼ਰੀ ਸਮੇਂ ਖੇਡਣ ਨਹੀਂ ਗਈ ਸੀ। ਬ੍ਰਾਜ਼ੀਲ ਵਿਚ ਉਦੋਂ ਅੰਡੋਰਨੋ, ਸਿਸਿਓ ਤੇ ਰੂਦਿਓ ਫਿਓਲਾ ਵਰਗੇ ਖਿਡਾਰੀ ਖੇਡ ਰਹੇ ਸਨ। ਦੁਨੀਆ ਭਰ ਦੇ ਛਾਪੇਖਾਨੇ ਦੇ ਕਿਆਸ ਸਨ ਕਿ ਫਾਈਨਲ ਇਕਪਾਸੜ ਹੋਵੇਗਾ। ਉਰੂਗੁਏ ਦੇ ਖਿਡਾਰੀ ਕਾਗਜ਼ ‘ਤੇ ਕਿਸੇ ਪਾਸਿਓਂ ਵੀ ਬ੍ਰਾਜ਼ੀਲ ਦੇ ਨਾਮਵਰਾਂ ਨਾਲ ਬਰ ਨਹੀਂ ਸਨ ਮੇਚਦੇ ਪਰ ਉਰੂਗੁਏ ਦੇ ਸ਼ੁਰਲੀ ਫਾਰਵਰਡ ਘਿਗੀਆ ਨੇ ਕੁਝ ਹੋਰ ਹੀ ਸੋਚ ਰੱਖਿਆ ਸੀ। ਉਨ੍ਹਾਂ ਦੀ ਟੀਮ ਹੌਰੀਜ਼ੈਂਟਲ ਸਟਾਇਲ ਦਾ ਫੁੱਟਬਾਲ ਖੇਡੀ। ਮਰਿਓਸ ਨੇ ਵਧੀਆ ਗੋਲਕੀਪਿੰਗ ਕੀਤੀ। ਓਵੇਂਸ ਨੇ ਮੱਧ ਪੰਕਤੀ ਤੋਂ ਬਾਲ ਘਿਗਿਆ ਵੱਲ ਵਧਾਈ ਤੇ ਘਿਗਿਆ ਨੇ ਹਮਲਿਆਂ ਵਾਲੀ ਨ੍ਹੇਰੀ ਲਿਆ ਦਿੱਤੀ। ਉਰੂਗੁਏ ਮੈਚ ਜਿੱਤ ਗਿਆ।
ਫਿਓਲਾ ਦਾ ਵੱਡਾ ਭਰਾ ਇਤੈਲੋ ਫਿਓਲਾ ਬ੍ਰਾਜ਼ੀਲੀ ਕਲੱਬ ਸਾਂਟੋਸ ਦਾ ਕੋਚ ਸੀ। ਉਹਨੂੰ ਹਾਰ ਤੋਂ ਬਾਅਦ ਬ੍ਰਾਜ਼ੀਲ ਦਾ ਕੋਚ ਬਣਾਇਆ ਗਿਆ। ਉਹਨੇ ਇਕ ਸ਼ਾਮ ਮੈਦਾਨ ਵਿਚ ਇਕ ਮੁੰਡੇ ਨੂੰ ਫੁੱਟਬਾਲ ਦੇ ਟੱਪੇ ਪਾਉਂਦੇ ਦੇਖਿਆ। ਮੁੰਡਾ ਅੱਧੋਰਾਣੀ ਜਰਸੀ ਪਾ ਕੇ ਫਟੇ ਬੂਟਾਂ ਨਾਲ ਫੁੱਟਬਾਲ ਦੀਆਂ ਗੱਲਾਂ ਕਰਾਈ ਜਾਂਦਾ ਸੀ। ਫਿਓਲਾ ਨੇ ਉਸ ਮੁੰਡੇ ਦਾ ਨਾਂ ਪੁੱਛਿਆ। ਮੁੰਡਾ ਰਤਾ ਕੁ ਥਥਲਾ ਸੀ। ਕਿਸੇ ਹੋਰ ਨੇ ਉਹਦਾ ਨਾਂ ਦੱਸਿਆ- ਪੇਲੇ।
ਬਚਪਨ ਤੋਂ ਹੀ ਫੁੱਟਬਾਲ ਵਿਚ ਰੁਚੀ ਰੱਖਣ ਵਾਲੇ ਪੇਲੇ ਦਾ ਨਾਮ ਜਨਮ ਹੁੰਦਿਆਂ ਹੀ ਐਡੀਸਨ ਰੱਖ ਦਿੱਤਾ ਗਿਆ। ਉਸ ਦੇ ਪਰਿਵਾਰਕ ਮੈਂਬਰ ਵੀ ਉਸ ਨੂੰ ਪਿਆਰ ਨਾਲ ਡਿਕੋ ਕਹਿ ਕੇ ਬੁਲਾਉਂਦੇ ਸਨ। ਉਸ ਦੇ ਪਿਤਾ ਵੱਡੇ ਬ੍ਰਾਜ਼ੀਲੀਅਨ ਕਲੱਬ ਫਲੂਮਿਨੈਂਸ ਲਈ ਖੇਡੇ ਸਨ ਪਰ ਪੈਸੇ ਨਾ ਹੋਣ ਕਾਰਨ ਉਸ ਨੂੰ ਸਫਾਈ ਕਰਮਚਾਰੀ ਬਣਨਾ ਪਿਆ। ਪੇਲੇ ਆਪਣੇ ਇਲਾਕੇ ਦੇ ਸਥਾਨਕ ਕਲੱਬ ਵਾਸਕੋ ਡੇ ਗਾਮਾ ਦੇ ਗੋਲਕੀਪਰ ਬਿੱਲੇ ਦਾ ਪ੍ਰਸ਼ੰਸਕ ਸੀ। ਉਹ ਗੰਦੀਆਂ ਬਸਤੀਆਂ ਵਿਚ ਜੰਮਿਆ ਪਲਿਆ ਤੇ ਜਿ਼ੰਦਗੀ ਨੂੰ ਬਿਹਤਰ ਬਣਾਉਣ ਲਈ ਫੁੱਟਬਾਲ ਨੂੰ ਆਪਣਾ ਮਾਧਿਅਮ ਬਣਾਇਆ।
ਜਦੋਂ ਪੇਲੇ ਬਚਪਨ ਵਿਚ ਆਪਣੇ ਦੋਸਤਾਂ ਨਾਲ ਗਲੀ ਵਿਚ ਫੁੱਟਬਾਲ ਖੇਡਦਾ ਸੀ। ਫਿਰ ਗਰੀਬੀ ਕਾਰਨ ਉਸ ਨੂੰ ਮਜ਼ਾਕ ਸਹਿਣੇ ਪਏ। ਗਰੀਬੀ ਵਿਚ ਵੱਡੇ ਹੋਣ ਕਾਰਨ ਉਸ ਕੋਲ ਫੁੱਟਬਾਲ ਖਰੀਦਣ ਲਈ ਪੈਸੇ ਨਹੀਂ ਸਨ। ਇਸ ਕਾਰਨ ਉਹ ਆਪਣੀਆਂ ਜੁਰਾਬਾਂ ਵਿਚ ਅਖ਼ਬਾਰ ਭਰ ਕੇ, ਰੱਸੀ ਨਾਲ ਬੰਨ੍ਹ ਕੇ ਨੰਗੇ ਪੈਰੀਂ ਖੇਡਦਾ ਸੀ।
ਫਿਓਲਾ ਜਦੋਂ 1958 ਲਈ ਬ੍ਰਾਜ਼ੀਲ ਦੀ ਟੀਮ ਚੁਣ ਰਿਹਾ ਸੀ ਤਾਂ ਉਹਨੇ ਸਿਸੀਓ ਦੀ ਜਗ੍ਹਾ 18 ਸਾਲ ਦੇ ਪੇਲੇ ਨੂੰ ਚੁਣਿਆ। ਰਿਓ ਡੀ ਜਨੇਰੀਓ ਦੀ ਇਕ ਅਖ਼ਬਾਰ ਨੇ ਲਿਖਿਆ ਬ੍ਰਾਜ਼ੀਲ ਦੀ ਟੀਮ ਖੇਡਣ ਤੋਂ ਪਹਿਲਾਂ ਹੀ ਹਾਰ ਗਈ ਸਮਝੋ।
ਉਸ ਨੇ 1958 ਦੇ ਵਿਸ਼ਵ ਕੱਪ ਵਿਚ 17 ਸਾਲ 239 ਦਿਨ ਦੀ ਉਮਰ ਵਿਚ ਵੇਲਜ਼ ਦੇ ਖਿਲਾਫ ਕੁਆਰਟਰ ਫਾਈਨਲ ਮੈਚ ਵਿਚ ਆਪਣਾ ਪਹਿਲਾ ਵਿਸ਼ਵ ਕੱਪ ਗੋਲ ਕੀਤਾ। ਇਸ ਤਰ੍ਹਾਂ ਉਹ ਇਸ ਟੂਰਨਾਮੈਂਟ ਵਿਚ ਗੋਲ ਕਰਨ ਵਾਲਾ ਸਭ ਤੋਂ ਘੱਟ ਉਮਰ ਦਾ ਫੁਟਬਾਲਰ ਬਣ ਗਿਆ। ਉਸ ਨੇ 17 ਸਾਲ 244 ਦਿਨ ਦੀ ਉਮਰ ਵਿਚ 1958 ਵਾਲੇ ਵਿਸ਼ਵ ਕੱਪ ਦੇ ਸੈਮੀ ਫਾਈਨਲ ਵਿਚ ਫਰਾਂਸ ਖਿਲਾਫ ਹੈਟ੍ਰਿਕ ਵੀ ਬਣਾਈ ਸੀ।
ਇਸ ਦੇ ਨਾਲ ਹੀ ਪੇਲੇ ਹੈਟ੍ਰਿਕ ਲਗਾਉਣ ਵਾਲੇ ਸਭ ਤੋਂ ਘੱਟ ਉਮਰ ਦਾ ਖਿਡਾਰੀ ਵੀ ਬਣ ਗਿਆ। ਪੇਲੇ ਨੇ ਫਾਈਨਲ ਵਿਚ ਵੀ ਗੋਲ ਕਰ ਕੇ ਆਪਣੀ ਟੀਮ ਨੂੰ ਵਿਸ਼ਵ ਚੈਂਪੀਅਨ ਬਣਾਇਆ ਸੀ। ਪੇਲੇ 18 ਸਾਲ ਦੀ ਉਮਰ ਤੋਂ ਪਹਿਲਾਂ ਫੀਫਾ ਵਿਸ਼ਵ ਕੱਪ ਵਿਚ ਗੋਲ ਕਰਨ ਵਾਲਾ ਦੁਨੀਆ ਦਾ ਇਕਲੌਤਾ ਖਿਡਾਰੀ ਹੈ।
ਬ੍ਰਾਜ਼ੀਲ ਦੀ ਟੀਮ ਚੰਗੀ ਖੇਡੀ ਪਰ ਅਸਲ ਮੁਕਾਬਲਾ ਆਖਿ਼ਰੀ ਦੋ ਮੈਚਾਂ ਵਿਚ ਹੋਣਾ ਸੀ। ਫਿਓਲਾ ਨੇ ਸੈਮੀ ਫਾਈਨਲ ਤੋਂ ਪਹਿਲਾਂ ਪੇਲੇ ਨੂੰ ਕਲਾਵੇ ਵਿਚ ਲੈ ਕੇ ਕਿਹਾ- ਜੇ ਆਪਾਂ ਜਿੱਤੇ ਤਾਂ ਤੇਰਾ ਨਾਂ ਹਮੇਸ਼ਾ ਅਮਰ ਰਹੇਗਾ; ਹਾਰੇ ਤਾਂ ਮੈਂ ਤੇ ਤੂੰ ਹਨੇਰਾ ਢੋਣ ਲਈ ਬੇਵੱਸ ਹੋਵਾਂਗੇ। ਪੇਲੇ ਨੇ ਆਖਿ਼ਰੀ ਦੋ ਮੈਚਾਂ ਵਿਚ ਜੋ ਖੇਡ ਦਿਖਾਈ, ਉਹ ਸੰਸਾਰ ਦੇ ਇਤਿਹਾਸ ਦਾ ਸੁਨਹਿਰਾ ਅਧਿਆਇ ਹੈ। ਇਸ ਖੇਡ ਨੇ ਦੁਨੀਆ ਵਿਚ ਕਾਲੇ ਅਤੇ ਦੱਬੇ ਲੋਕਾਂ ਦੀ ਅਹਿਮੀਅਤ ਵਧਾਈ। ਅਮਰੀਕਾ ਤੱਕ ਪੇਲੇ ਦੀ ਗੂੰਜ ਸੁਣੀ। 1962 ਵਾਲਾ ਵਿਸ਼ਵ ਕੱਪ ਬ੍ਰਾਜ਼ੀਲ ਸੌਖਾ ਹੀ ਜਿੱਤ ਗਿਆ। ਫਿਰ 1970 ਵਿਚ ਬ੍ਰਾਜ਼ੀਲ ਨੇ ਉਸ ਦੀ ਮੌਜੂਦਗੀ ਵਿਚ ਜੁਲੀਏ ਰੀਮੇ ਟਰਾਫੀ ਨੂੰ ਚੁੰਮਿਆ। 1966 ਵਿਚ ਉਹ ਫੱਟੜ ਸੀ, ਇਸ ਲਈ ਟੀਮ ਦਾ ਮਨੋਬਲ ਕਮਜ਼ੋਰ ਰਿਹਾ।
ਪੇਲੇ ਦੇ ਸੱਜੇ ਖੱਬੇ ਬੜੇ ਸ਼ਾਨਦਾਰ ਵਿੰਗਰ ਖੇਡੇ। ਸੱਜੇ ਪਾਸੇ ਜਜਿਨੋਹ ਖੇਡਦਾ ਸੀ ਤੇ ਖੱਬੇ ਪਾਸੇ ਅਦਿਮੀਰ। ਦੋਵੇਂ ਬਾਲ ਨੂੰ ਭਜਾ ਕੇ ਪਾਸ ਪੇਲੇ ਨੂੰ ਦਿੰਦੇ। ਪੇਲੇ ਬਚੇ ਖਿਡਾਰੀਆਂ ਨੂੰ ਝਕਾਨੀ ਦੇ ਕੇ ਫੁੱਟਬਾਲ ਜਾਲ ਵਿਚ ਮਾਰਦਾ। ਉਹ ਸਾਰੀ ਉਮਰ ਸਾਂਟੋਸ ਲਈ ਖੇਡਿਆ। ਰਿਟਾਇਰ ਹੋ ਕੇ ਅਮਰੀਕਾ ਵਿਚ ਸ਼ੁਗਲ ਮੇਲੇ ਲਈ ਇਕ ਕਲੱਬ ਦਾ ਹਿੱਸਾ ਬਣਿਆ ਤੇ ਫਿਰ ਬ੍ਰਾਜ਼ੀਲ ਵਿਚ ਖੇਡਾਂ ਦੀ ਬਿਹਤਰੀ ਲਈ ਗਤੀਸ਼ੀਲ ਰਿਹਾ। ਪੇਲੇ ਨੇ 10 ਨੰਬਰ ਜਰਸੀ ਨੂੰ ਪ੍ਰਸਿੱਧ ਕਰ ਦਿੱਤਾ। ਅੱਜ ਤੱਕ ਸਭ ਤੋਂ ਵਧੀਆ ਖਿਡਾਰੀ ਨੂੰ ਇਹੀ ਨੰਬਰ ਦਿੱਤਾ ਜਾਂਦਾ ਹੈ। 1995 ‘ਚ ਵਿਦਵਾਨ ਫਰਨਾਂਡੋ ਕਰਦੋਸੋ ਬ੍ਰਾਜ਼ੀਲ ਦਾ ਰਾਸ਼ਟਰਪਤੀ ਬਣਿਆ ਤਾਂ ਉਹਨੇ ਪੇਲੇ ਨੂੰ ਖੇਡ ਮੰਤਰੀ ਬਣਾਇਆ। ਰਾਜਨੀਤੀ ‘ਚ ਜਿਵੇਂ ਹੁੰਦਾ ਹੈ, ਉਸ ਦਾ ਵਿਰੋਧ ਵੀ ਹੋਇਆ ਪਰ ਬ੍ਰਾਜ਼ੀਲ ਦੀ ਇਕ ਪੀੜ੍ਹੀ ਰੋਨਾਲਡੋ, ਰੀਵਾਲਡੋ, ਰੋਨਾਲਦੀਨਿਓ, ਰੋਬਰਟੋ ਕਾਰਲੋਸ ਉਸ ਫੁੱਟਬਾਲ ਅਕੈਡਮੀ ਨੇ ਪੈਦਾ ਕੀਤੇ ਜੋ ਪੇਲੇ ਦੇ ਪਸਾਰ ਪ੍ਰੋਗਰਾਮ ਰਾਹੀਂ ਬਣੀ ਸੀ।
ਉਹ ਪਿਛਲੇ ਸਮੇਂ ਤੋਂ ਬਿਮਾਰ ਸੀ। ਲੱਖਾਂ ਲੋਕ ਉਸ ਲਈ ਦੁਆ-ਗੋ ਸਨ। 29 ਦਸੰਬਰ 2022 ਨੂੰ ਉਹਨੇ ਆਖਿ਼ਰੀ ਸਾਹ ਲਿਆ। ਪੇਲੇ ਇਸ ਦੁਨੀਆ ਨੂੰ ਛੱਡ ਗਿਆ ਪਰ ਜਦ ਤਕ ਦੁਨੀਆ ‘ਤੇ ਫੁੱਟਬਾਲ ਖੇਡਿਆ ਜਾਏਗਾ, ਜਦ ਤਕ ਫੁੱਟਬਾਲ ਨੂੰ ਕਿੱਕ ਮਾਰਨ ਵਾਲਾ ਇਕ ਬੰਦਾ ਵੀ ਦੁਨੀਆ ‘ਤੇ ਰਹੇਗਾ, ਪੇਲੇ ਮੌਜੂਦ ਰਹੇਗਾ।… ਇਸ ਆਦਰਸ਼ ਖਿਡਾਰੀ ਨੂੰ ਨਮਨ।
ਸੰਪਰਕ: 94654-64502