ਬੀਐਸਐੱਫ ਵੱਲੋਂ ਸਰਹੱਦੀ ਖੇਤਰ ਵਿੱਚੋਂ ਡੇਢ ਕਿੱਲੋ ਹੈਰੋਇਨ ਬਰਾਮਦ
ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 10 ਅਪਰੈਲ
ਬੀਐਸਐਫ ਨੇ ਅੰਮ੍ਰਿਤਸਰ ਦੇ ਸਰਹੱਦੀ ਖੇਤਰ ਵਿੱਚੋਂ ਤਿੰਨ ਪੈਕੇਟ ਹੈਰੋਇਨ ਬਰਾਮਦ ਕੀਤੀ ਹੈ। ਬੀਐਸਐਫ ਦੇ ਅਧਿਕਾਰੀ ਨੇ ਦੱਸਿਆ ਕਿ ਬੀਐਸਐਫ ਦੇ ਜਵਾਨਾਂ ਵੱਲੋਂ ਸਰਹੱਦੀ ਪਿੰਡ ਹਾਸ਼ਮਪੁਰਾ ਦੇ ਇਲਾਕੇ ਵਿੱਚ ਡਰੋਨ ਦੀ ਹਲਚਲ ਦੇਖੀ ਗਈ ਸੀ ਜਿੱਥੇ ਜਾਂਚ ਮੁਹਿੰਮ ਆਰੰਭ ਕੀਤੀ ਗਈ। ਇਸ ਦੌਰਾਨ ਇੱਕ ਪੈਕੇਟ ਰਾਤ ਵੇਲੇ ਅਤੇ ਦੋ ਪੈਕੇਟ ਅੱਜ ਸਵੇਰ ਵੇਲੇ ਬਰਾਮਦ ਹੋਏ ਹਨ। ਤਿੰਨ ਪੈਕੇਟਾਂ ਵਿੱਚ ਲਗਪਗ ਇਕ ਕਿਲੋ 666 ਗਰਾਮ ਹੈਰੋਇਨ ਮਿਲੀ। ਇਸ ਦੌਰਾਨ ਜ਼ਿਲ੍ਹਾ ਦਿਹਾਤੀ ਪੁਲੀਸ ਦੇ ਸਪੈਸ਼ਲ ਸੈੱਲ ਨੇ ਸਰਹੱਦ ਪਾਰ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ ਹੇਠ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਕੋਲੋਂ 500 ਗ੍ਰਾਮ ਹੈਰੋਇਨ, ਇੱਕ ਪਿਸਤੌਲ ਅਤੇ ਦੋ ਮੈਗਜ਼ੀਨ ਸਮੇਤ 33 ਲੱਖ ਰੁਪਏ ਹਵਾਲਾ ਨਕਦੀ ਦੇ ਰੂਪ ਵਿੱਚ ਬਰਾਮਦ ਕੀਤੀ ਗਈ ਹੈ। ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਸ਼ਨਾਖਤ ਰਣਜੀਤ ਸਿੰਘ ਉਰਫ ਰਾਣਾ, ਗੁਰਦੇਵ ਸਿੰਘ ਅਤੇ ਸ਼ੈਲਿੰਦਰ ਸਿੰਘ ਉਰਫ ਸੇਲੂ ਵਜੋਂ ਹੋਈ ਹੈ। ਇਹ ਖੁਲਾਸਾ ਡੀਜੀਪੀ ਗੌਰਵ ਯਾਦਵ ਵੱਲੋਂ ਕੀਤਾ ਗਿਆ ਹੈ।