ਪੰਜਾਬੀ ਯੂਨੀਵਰਸਿਟੀ ਵਿੱਚ ‘ਪੁਸਤਕ ਮੇਲਾ’ ਸ਼ੁਰੂ
05:07 AM Apr 02, 2025 IST
ਖੇਤਰੀ ਪ੍ਰਤੀਨਿਧ
ਪਟਿਆਲਾ, 1 ਅਪਰੈਲ
ਪੰਜਾਬੀ ਯੂਨੀਵਰਸਿਟੀ ਵਿੱਚ ‘ਗਿਆਰ੍ਹਵਾਂ ਪੁਸਤਕ ਮੇਲਾ’ ਅੱਜ ਸ਼ੁਰੂ ਹੋ ਗਿਆ ਹੈ। ਪਬਲੀਕੇਸ਼ਨ ਬਿਊਰੋ ਵੱਲੋਂ ਲਗਾਏ ਇਸ ਮੇਲੇ ਦਾ ਉਦਘਾਟਨ ਡੀਨ (ਅਕਾਦਮਿਕ ਮਾਮਲੇ) ਪ੍ਰੋ. ਨਰਿੰਦਰ ਕੌਰ ਮੁਲਤਾਨੀ, ਰਜਿਸਟਰਾਰ ਪ੍ਰੋ. ਸੰਜੀਵ ਪੁਰੀ ਅਤੇ ਵਿੱਤ ਅਫ਼ਸਰ ਡਾ. ਪ੍ਰਮੋਦ ਅਗਰਵਾਲ ਵੱਲੋਂ ਕੀਤਾ ਗਿਆ।
ਪ੍ਰੋ. ਨਰਿੰਦਰ ਕੌਰ ਮੁਲਤਾਨੀ ਨੇ ਕਿਹਾ ਕਿ ਦਸ ਸਾਲਾਂ ਤੋਂ ਲੱਗਦੇ ਆ ਰਹੇ ਇਸ ਪੁਸਤਕ ਮੇਲੇ ਨੇ ਆਪਣੀ ਵਿਸ਼ੇਸ਼ ਪਛਾਣ ਬਣਾਈ ਹੈ। ਵੱਖ-ਵੱਖ ਇਲਾਕਿਆਂ ਦੇ ਪਾਠਕ ਇਸ ਮੇਲੇ ਦੀ ਉਤਸੁਕਤਾ ਨਾਲ ਪੂਰਾ ਸਾਲ ਉਡੀਕ ਕਰਦੇ ਹਨ ਅਤੇ ਇਸ ਮੇਲੇ ਵਿੱਚੋਂ ਪੁਸਤਕਾਂ ਖਰੀਦਣ ਲਈ ਪਹੁੰਚਦੇ ਹਨ। ਪਬਲੀਕੇਸ਼ਨ ਬਿਊਰੋ ਦੇ ਇੰਚਾਰਜ ਪੱਪੂ ਸਿੰਘ ਨੇ ਦੱਸਿਆ ਕਿ ਪੰਜ ਦਿਨ ਚੱਲਣ ਵਾਲੇ ਇਸ ਪੁਸਤਕ ਮੇਲੇ ਵਿੱਚ ਇਸ ਵਾਰ ਪੁਸਤਕਾਂ ਦੀ ਵਿਕਰੀ ਨਾਲ਼ ਸਬੰਧਤ 90 ਸਟਾਲ ਹਨ। ਇਸ ਤੋਂ ਇਲਾਵਾ 10 ਸਟਾਲ ਖਾਣ-ਪੀਣ ਦੇ ਸਾਮਾਨ ਨਾਲ ਸਬੰਧਤ ਅਤੇ 15 ਸਟਾਲ ਵੱਖ-ਵੱਖ ਕਲਾਤਮਿਕ ਮਹੱਤਵ ਵਾਲੇ ਸਾਮਾਨ ਦੀ ਵਿੱਕਰੀ ਨਾਲ ਸਬੰਧਤ ਹਨ।
ਰਜਿਸਟਰਾਰ ਪ੍ਰੋ. ਸੰਜੀਵ ਪੁਰੀ ਨੇ ਕਿਹਾ ਕਿ ਯੂਨੀਵਰਸਿਟੀ ਦੇ ਪੁਸਤਕ ਮੇਲੇ ਦਾ ਆਪਣਾ ਵੱਖਰਾ ਅਤੇ ਵੱਕਾਰੀ ਮਹੱਤਵ ਹੈ। ਯੂਨੀਵਰਸਿਟੀ ਵੱਲੋਂ ਦਸ ਸਾਲਾਂ ਤੋਂ ਇਸ ਮੇਲੇ ਦੀ ਲਗਾਤਾਰਤਾ ਨੂੰ ਬਣਾ ਕੇ ਰੱਖਿਆ ਗਿਆ ਹੈ ਤਾਂ ਕਿ ਪਾਠਕ ਇਸ ਤੋਂ ਲਾਭ ਲੈ ਸਕਣ। ਇਸ ਮੇਲੇ ਵਿੱਚ ਵੱਖ-ਵੱਖ ਵਿਸ਼ਿਆਂ, ਭਾਸ਼ਾਵਾਂ, ਖੇਤਰਾਂ ਆਦਿ ਨਾਲ਼ ਸਬੰਧਤ ਦੁਨੀਆਂ ਭਰ ਦੀਆਂ ਚੰਗੀਆਂ ਪੁਸਤਕਾਂ ਉਪਲੱਬਧ ਹੁੰਦੀਆਂ ਹਨ। ਉਦਘਾਟਨੀ ਰਸਮ ਮੌਕੇ ਵਿੱਤ ਅਫ਼ਸਰ ਡਾ. ਪ੍ਰਮੋਦ ਅਗਰਵਾਲ ਵੀ ਹਾਜ਼ਰ ਰਹੇ।
Advertisement
Advertisement