ਬਰਨਾਲਾ: ਮੀਤ ਹੇਅਰ ਤੇ ਕੇਵਲ ਢਿੱਲੋਂ ਦੇ ਘਰਾਂ ਅੱਗੇ ਤੀਜੇ ਦਿਨ ਲੱਗੇ ਕਿਸਨੀ ਧਰਨੇ ਤੇ ਫੂਕੀ ਅਰਥੀ
ਪਰਸ਼ੋਤਮ ਬੱਲੀ
ਬਰਨਾਲਾ, 13 ਸਤੰਬਰ
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਜ਼ਿਲ੍ਹੇ ਦੀਆਂ ਕਿਸਾਨ ਜਥੇਬੰਦੀਆਂ ਵਲੋਂ ਕਿਸਾਨੀ ਮੰਗਾਂ ਨੂੰ ਲੈ ਕੇ ਪੰਜਾਬ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਅਤੇ ਬੀਕੇਯੂ ਡਕੌਂਦਾ ਧਨੇਰ ਵੱਲੋਂ ਭਾਜਪਾ ਆਗੂ ਕੇਵਲ ਸਿੰਘ ਢਿੱਲੋਂ ਦੀ ਸਥਾਨਕ ਰਿਹਾਇਸ਼ਾਂ ਅੱਗੇ ਤਿੰਨ ਰੋਜ਼ਾ ਧਰਨੇ ਲਾਏ ਗਏ। ਮੰਤਰੀ ਮੀਤ ਹੇਅਰ ਦੀ ਕੋਠੀ ਅੱਗੇ ਲੱਗੇ ਧਰਨੇ ਨੂੰ ਗੁਰਨਾਮ ਸਿੰਘ ਠੀਕਰੀਵਾਲ,ਦਰਸ਼ਨ ਸਿੰਘ ਉੱਗੋਕੇ, ਕੁਲਦੀਪ ਸਿੰਘ ਬਰਨਾਲਾ, ਜੱਗਾ ਸਿੰਘ ਬਦਰਾ, ਯਾਦਵਿੰਦਰ ਸਿੰਘ ਯਾਦੀ, ਮਨਜੀਤ ਰਾਜ ਹੰਢਿਆਇਆ ਤੇ ਗੁਲਜ਼ਾਰ ਸਿੰਘ ਬਦਿਆਲਾ ਨੇ ਸੰਬੋਧਨ ਕੀਤਾ ਤੇ ਕਿਸਾਨੀ ਨੂੰ ਹੜ੍ਹਾਂ ਨਾਲ ਹੋਏ ਭਾਰੀ ਨੁਕਸਾਨ ਦੀ ਪੂਰਤੀ ਸਰਕਾਰਾਂ ਪਾਸੋਂ ਮੰਗੀ। ਕੇਂਦਰੀ ਮੋਦੀ ਸਰਕਾਰ ਤੋਂ ਸੂਬੇ ਲਈ ਦਸ ਹਜ਼ਾਰ ਕਰੋੜ ਦੇ ਪੈਕੇਜ ਦੀ ਵੀ ਮੰਗ ਕੀਤੀ।
ਅੱਜ ਅਖੀਰਲੇ ਦਿਨ ਸਰਕਾਰ ਦੀ ਅਰਥੀ ਵੀ ਫੂਕੀ। ਮੰਚ ਸੰਚਾਲਨ ਕੁਲਦੀਪ ਸਿੰਘ ਨੇ ਕੀਤਾ। ਇਸੇ ਤਰ੍ਹਾਂ ਬੀਕੇਯੂ ਡਕੌਂਦਾ (ਧਨੇਰ) ਵੱਲੋਂ ਭਾਜਪਾ ਆਗੂ ਕੇਵਲ ਸਿੰਘ ਢਿੱਲੋਂ ਦੀ ਸਥਾਨਕ ਕੋਠੀ ਅੱਗੇ ਤਿੰਨ ਰੋਜ਼ਾ ਲਗਾਇਆ ਗਿਆ। ਬੁਲਾਰਿਆਂ ਨੇ ਸਰਕਾਰਾਂ ਦੇ ਕਿਸਾਨੀ ਸਮੱਸਿਆਵਾਂ ਪ੍ਰਤੀ ਢਿੱਲੜ ਤੇ ਗੈਰ-ਗੰਭੀਰ ਰਵੱਈਏ ਦੀ ਜ਼ੋਰਦਾਰ ਨਿਖੇਧੀ ਕੀਤੀ ਤੇ ਹੜ੍ਹ ਪ੍ਰਭਾਵਿਤਾਂ ਲਈ ਫੌਰੀ ਰਾਹਤ ਤੇ ਮੁਆਵਜ਼ਾ ਦੇਣ ਦੀ ਮੰਗ ਕੀਤੀ। ਇਸ ਧਰਨੇ ਨੂੰ ਸੂਬਾ ਕਾਰਜਕਾਰੀ ਪ੍ਰਧਾਨ ਮਨਜੀਤ ਸਿੰਘ ਧਨੇਰ, ਬਲਵੰਤ ਸਿੰਘ ਉੱਪਲੀ,ਗੁਰਦੇਵ ਸਿੰਘ ਮਾਂਗੇਵਾਲ, ਕੁਲਵੰਤ ਸਿੰਘ ਭਦੌੜ, ਸਾਹਿਬ ਸਿੰਘ ਬਡਬਰ,ਜਗਰਾਜ ਸਿੰਘ ਹਰਦਾਸਪੁਰਾ, ਬਾਬੂ ਸਿੰਘ ਖੁੱਡੀ ਕਲਾਂ, ਸੰਦੀਪ ਸਿੰਘ ਚੀਮਾ, ਹਰਮੰਡਲ ਸਿੰਘ ਜੋਧਪੁਰ, ਪ੍ਰੇਮਪਾਲ ਕੌਰ,ਅਮਰਜੀਤ ਕੌਰ ਤੇ ਨਾਨਕ ਸਿੰਘ ਅਮਲਾ ਸਿੰਘ ਵਾਲਾ ਨੇ ਸੰਬੋਧਨ ਕੀਤਾ।