ਬਰਨਾਲਾ: ਕਿਸਾਨਾਂ ਦਾ ਧਰਨਾ ਜਾਰੀ, 6 ਤੋਂ ਬਾਅਦ ਵੱਡੇ ਸੰਘਰਸ਼ ਦਾ ਐਲਾਨ
ਪਰਸ਼ੋਤਮ ਬੱਲੀ
ਬਰਨਾਲਾ, 31 ਅਗਸਤ
ਪਿੰਡ ਪੱਖੋਕੇ ਤੇ ਮੱਲ੍ਹੀਆਂ ਦੀ ਸਾਂਝੀ ਖੇਤੀਬਾੜੀ ਸਹਿਕਾਰੀ ਸੁਸਾਇਟੀ 'ਚ ਕਥਿਤ ਗਬਨ ਦੀ ਨਿਰਪੱਖ ਜਾਂਚ ਤੇ ਮਿਲੀਭੁਗਤ ਕਰਨ ਵਾਲੇ ਵਿਭਾਗੀ ਮੁਲਾਜ਼ਮਾਂ ਤੇ ਅਧਿਕਾਰੀਆਂ ਖਿਲਾਫ਼ ਫੌਜਦਾਰੀ ਕਾਰਵਾਈ ਦੀ ਮੰਗ ਨੂੰ ਲੈ ਕੇ ਬੀਕੇਯੂ ਉਗਰਾਹਾਂ ਤੇ ਕਾਦੀਆਂ ਦੀ ਅਗਵਾਈ ਹੇਠ ਕਾਰਕੁਨ ਤੇ ਪੀੜਤ ਮੈਂਬਰ ਇੱਥੇ ਡੀਸੀ ਦਫ਼ਤਰ ਅੱਗੇ ਲੱਗੇ ਪੱਕੇ ਮੋਰਚੇ ਦੇ 15ਵੇਂ ਦਿਨ ਵੀ ਡਟੇ ਰਹੇ। ਅੱਜ ਦੇ ਧਰਨੇ ਨੂੰ ਉਗਰਾਹਾਂ ਦੇ ਬਲਾਕ ਸ਼ਹਿਣਾ ਪ੍ਰਧਾਨ ਸੁਖਦੇਵ ਸਿੰਘ ਭੋਤਨਾ, ਬਰਨਾਲਾ ਬਲਾਕ ਪਧਾਨ ਬਲੌਰ ਸਿੰਘ ਛੰਨਾ, ਜ਼ਿਲ੍ਹਾ ਜਨਰਲ ਸਕੱਤਰ ਜਰਨੈਲ ਸਿੰਘ ਬਦਰਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਡੇਢ ਸਾਲ ਤੋਂ ਸੁਸਾਇਟੀ ਵਿੱਚ ਹੋਏ ਕਰੋੜਾਂ ਦੇ ਗਬਨ ਨੂੰ ਲੈ ਕੇ ਠੋਸ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ। ਬੁਲਾਰਿਆਂ ਚਿਤਾਵਨੀ ਦਿੱਤੀ ਕਿ ਜੇ ਪੀੜਤਾਂ ਨੂੰ ਜਲਦ ਇਨਸਾਫ਼ ਨਾ ਮਿਲਿਆ ਤਾਂ 6 ਸਤੰਬਰ ਤੋਂ ਬਾਅਦ ਵੱਡੇ ਇੱਕਠ ਕਰਕੇ ਸੰਘਰਸ਼ ਹੋਰ ਵੀ ਤਿੱਖਾ ਕੀਤਾ ਜਾਵੇਗਾ ਅਤੇ ਉੱਚ ਅਧਿਕਾਰੀਆਂ ਦਾ ਘਿਰਾਓ ਕੀਤਾ ਜਾਵੇਗਾ। ਅੱਜ ਧਰਨੇ ਨੂੰ ਜ਼ਿਲ੍ਹਾ ਕਨਵੀਨਰ ਕਮਲਜੀਤ ਕੌਰ ਬਰਨਾਲਾ, ਅਮਰਜੀਤ ਕੌਰ ਬਡਬਰ, ਲਖਵੀਰ ਕੌਰ ਧਨੌਲਾ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਹਰਪ੍ਰੀਤ ਸਿੰਘ, ਰੂਪ ਸਿੰਘ, ਕੁਲਦੀਪ ਸਿੰਘ, ਨਾਹਰ ਸਿੰਘ, ਨੈਬ ਸਿੰਘ, ਗੁਰਮੇਲ ਸਿੰਘ ਚੂੰਘਾਂ ਹਾਜ਼ਰ ਸਨ।