Sensex and Nifty recorded their biggest single-day gains: ਭਾਰਤ-ਪਾਕਿਸਤਾਨ: ਤਣਾਅ ਘਟਣ ਨਾਲ ਸ਼ੇਅਰ ਬਾਜ਼ਾਰਾਂ ’ਚ ਇਕ ਦਿਨ ’ਚ ਸਭ ਤੋਂ ਵੱਡਾ ਵਾਧਾ ਦਰਜ
ਮੁੰਬਈ, 12 ਮਈ
ਭਾਰਤ ਅਤੇ ਪਾਕਿਸਤਾਨ ਦਰਮਿਆਨ ਜੰਗ ਟਲਣ ਤੋਂ ਬਾਅਦ ਭਾਰਤੀ ਸਟਾਕ ਮਾਰਕੀਟ ਚਾਰ ਫੀਸਦੀ ਦੇ ਵਾਧੇ ’ਤੇ ਬੰਦ ਹੋਈ। ਇਸ ਤੋਂ ਇਲਾਵਾ ਅਮਰੀਕਾ ਅਤੇ ਚੀਨ ਵੱਲੋਂ ਹਾਂਪੱਖੀ ਐਲਾਨਾਂ ਤੋਂ ਬਾਅਦ ਦੇਸ਼ ਤੇ ਵਿਦੇਸ਼ ਦੀਆਂ ਸਟਾਕ ਮਾਰਕੀਟਾਂ ਵਿਚ ਵਾਧਾ ਦੇਖਣ ਨੂੰ ਮਿਲਿਆ। ਸਟਾਕ ਸੂਚਕਅੰਕ ਸੈਂਸੈਕਸ ਅਤੇ ਨਿਫਟੀ ਨੇ ਅੱਜ 4 ਫੀਸਦੀ ਦੇ ਕਰੀਬ ਆਪਣਾ ਸਭ ਤੋਂ ਵੱਡਾ ਇੱਕ ਦਿਨ ਦਾ ਵਾਧਾ ਦਰਜ ਕੀਤਾ। 30 ਸ਼ੇਅਰਾਂ ਵਾਲਾ ਬੀਐਸਈ ਸੈਂਸੈਕਸ 2,975.43 ਅੰਕ ਜਾਂ 3.74 ਫੀਸਦੀ ਵਧ ਕੇ 82,429.90 ਦੇ ਸੱਤ ਮਹੀਨਿਆਂ ਤੋਂ ਸਭ ਤੋਂ ਉਚਲੇ ਪੱਧਰ ’ਤੇ ਬੰਦ ਹੋਇਆ।
ਐਨਐਸਈ ਦਾ 50 ਅੰਕਾਂ ਵਾਲਾ ਨਿਫਟੀ 916.70 ਅੰਕ ਜਾਂ 3.82 ਫੀਸਦੀ ਦੇ ਵਾਧੇ ਨਾਲ 24,924.70 ’ਤੇ ਬੰਦ ਹੋਇਆ। ਸੈਂਸੈਕਸ ਅਤੇ ਨਿਫਟੀ ਨੇ ਆਈ.ਟੀ., ਮੈਟਲ, ਰੀਐਲਟੀ ਅਤੇ ਟੈਕ ਸ਼ੇਅਰਾਂ ਵਿਚ ਵਾਧਾ ਦਰਜ ਕੀਤਾ। ਸੈਂਸੈਕਸ ਨੇ ਇਸ ਤੋਂ ਪਹਿਲਾਂ 3 ਜੂਨ, 2024 ਨੂੰ 2,507.45 ਅੰਕ ਅਤੇ ਨਿਫਟੀ ਨੇ 733.20 ਅੰਕਾਂ ਦਾ ਆਪਣਾ ਸਭ ਤੋਂ ਵੱਡਾ ਇੱਕ ਦਿਨ ਦਾ ਵਾਧਾ ਦਰਜ ਕੀਤਾ ਸੀ। ਸਟਾਕ ਬਾਜ਼ਾਰਾਂ ਨੇ ਸ਼ਨਿਚਰਵਾਰ ਨੂੰ ਭਾਰਤ ਅਤੇ ਪਾਕਿਸਤਾਨ ਵਿਚਾਲੇ ਗੋਲੀਬੰਦੀ ਅਤੇ ਫੌਜੀ ਕਾਰਵਾਈਆਂ ਨੂੰ ਰੋਕਣ ਲਈ ਹੋਏ ਸਮਝੌਤਾ ਦਾ ਸਵਾਗਤ ਕੀਤਾ।
ਜ਼ਿਕਰਯੋਗ ਹੈ ਕਿ ਪਹਿਲਗਾਮ ਹਮਲੇ ਦਾ ਬਦਲਾ ਲੈਣ ਲਈ ਭਾਰਤ ਨੇ 7 ਮਈ ਨੂੰ ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿਚ ਨੌਂ ਅਤਿਵਾਦੀ ਟਿਕਾਣੇ ਤਬਾਹ ਕਰਨ ਲਈ ਅਪਰੇਸ਼ਨ ਸਿੰਧੂਰ ਸ਼ੁਰੂ ਕੀਤਾ ਸੀ।