ਯੂਨੀਵਰਸਿਟੀ ਵਿੱਚ ਜਾਗਰੂਕਤਾ ਸਮਾਗਮ
ਜਗਮੋਹਨ ਸਿੰਘ
ਰੂਪਨਗਰ, 25 ਮਾਰਚ
ਇੱਥੇ ਲੈਮਰਿਨ ਟੈੱਕ ਸਕਿੱਲਜ਼ ਯੂਨੀਵਰਸਿਟੀ ਪੰਜਾਬ ਵਿਖੇ ਟੀ.ਬੀ. ਦੀ ਬਿਮਾਰੀ ਦੀ ਰੋਕਥਾਮ ਸਬੰਧੀ ਜਾਗਰੂਕਤਾ ਸੈਮੀਨਾਰ ਕੀਤਾ ਗਿਆ। ਪ੍ਰੋਗਰਾਮ ਕੋਆਰਡੀਨੇਟਰ ਰਤਨ ਕੌਰ ਨੇ ਦੱਸਿਆ ਕਿ ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਜ਼ਿਲ੍ਹਾ ਟੀ.ਬੀ. ਅਫਸਰ ਸਰਕਾਰੀ ਹਸਪਤਾਲ ਰੂਪਨਗਰ ਡਾ. ਕਮਲ ਦੀਪ (ਐਮਬੀਬੀਐਸ, ਐਮਡੀ- ਪਲਮਨਰੀ ਮੈਡੀਸਿਨ/ਛਾਤੀ ਅਤੇ ਟੀ ਬੀ) ਸ਼ਾਮਲ ਹੋਏ। ਡਾ. ਕਮਲ ਦੀਪ ਨੇ ਟੀ.ਬੀ ਦੀਆਂ ਵੱਖ-ਵੱਖ ਕਿਸਮਾਂ, ਇਸ ਦੇ ਲੱਛਣਾਂ, ਉਪਲਬਧ ਇਲਾਜਾਂ ਅਤੇ ਡਾਇਗਨੌਸਟਿਕ ਟੈਸਟਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਬਿਮਾਰੀ ਨੂੰ ਫੈਲਣ ਤੋਂ ਰੋਕਣ ਲਈ ਜਲਦੀ ਡਾਕਟਰੀ ਸਹਾਇਤਾ ਪ੍ਰਾਪਤ ਕਰਨ ਲਈ ਕਿਹਾ। ਉਨ੍ਹਾਂ ਟੀਬੀ ਪ੍ਰਬੰਧਨ ਵਿੱਚ ਪੋਸ਼ਣ ਦੀ ਭੂਮਿਕਾ , ਰਿਕਵਰੀ ਵਿੱਚ ਸਹਾਇਤਾ, ਵਿਟਾਮਿਨ ਸੀ, ਈ, ਡੀ ਅਤੇ ਪ੍ਰੋਟੀਨ ਨਾਲ ਭਰਪੂਰ ਖੁਰਾਕ ਦੀ ਜ਼ਰੂਰਤ ਨੂੰ ਵੀ ਉਜਾਗਰ ਕੀਤਾ। ਸੈਮੀਨਾਰ ਦੌਰਾਨ ਡਾ: ਸੰਦੀਪ ਸਿੰਘ ਕੌੜਾ ਚਾਂਸਲਰ ਐਲਟੀਐਸਯੂ ਪੰਜਾਬ, ਡਾ: ਪਰਵਿੰਦਰ ਸਿੰਘ ਵਾਈਸ ਚਾਂਸਲਰ ਐਲਟੀਐਸਯੂ, ਨੇ ਵਿਦਿਆਰਥੀਆਂ ਅਤੇ ਸਟਾਫ ਦੀ ਭਲਾਈ ਲਈ ਅਜਿਹੇ ਜਾਣਕਾਰੀ ਭਰਪੂਰ ਪ੍ਰੋਗਰਾਮ ਲਈ ਐਨਐਸਐਸ ਟੀਮ ਦੁਆਰਾ ਕੀਤੇ ਗਏ ਉਪਰਾਲਿਆਂ ਦੀ ਸ਼ਲਾਘਾ ਕੀਤੀ।