ਭਾਰਤੀ ਮੂਲ ਦੀ ਅਵਨੀ ਦੋਸ਼ੀ 2020 ਦੇ ਬੁੱਕਰ ਪੁਰਸਕਾਰ ਦੀ ਦੌੜ ਵਿੱਚ ਸ਼ਾਮਲ
ਲੰਡਨ, 28 ਜੁਲਾਈ
ਦੁਬਈ ਵਸਦੀ ਭਾਰਤੀ ਮੂਲ ਦੀ ਲੇਖਿਕਾ ਅਵਨੀ ਦੋਸ਼ੀ 2020 ਦੇ ਬੁੱਕਰ ਪੁਰਸਕਾਰਾਂ ਲਈ ਨਾਮਜ਼ਦ 13 ਲੇਖਕਾਂ ਦੀ ਲੰਬੀ ਸੂੂਚੀ ਵਿਚ ਸ਼ਾਮਲ ਹੈ। ਉਸ ਨੂੰ ਇਸ ਪੁਰਸਕਾਰ ਵਾਸਤੇ ਆਪਣੇ ਪਲੇਠੇ ਨਾਵਲ ‘ਬਰਨਟ ਸ਼ੂਗਰ’ ਲਈ ਨਾਮਜ਼ਦ ਕੀਤਾ ਗਿਆ ਹੈ। ਦੋ ਵਾਰ ਬੁੱਕਰ ਪੁਰਸਕਾਰ ਜਿੱਤ ਚੁੱਕੀ ਹਿਲੇਰੀ ਮੈਂਟੇਲ ਵੀ ਇਸ ਵਰ੍ਹੇ ਆਪਣੇ ਨਾਵਲ ‘ਦਿ ਮਿਰਰ ਐਂਡ ਦਿ ਲਾਈਟ’ ਲਈ ਇਸ ਦੌੜ ਵਿੱਚ ਸ਼ਾਮਲ ਹੈ। ਬੁੱਕਰ ਦੀ ਦੌੜ ਵਿੱਚ ਸ਼ਾਮਲ ਲੇਖਿਕਾਂ ਦੇ ਨਾਵਾਂ ਤੋਂ ਮੰਗਲਵਾਰ ਨੂੰ ਪਰਦਾ ਚੁੱਕਿਆ ਗਿਆ। ਜੱਜਾਂ ਨੇ ਯੂਕੇ ਅਤੇ ਆਇਰਲੈਂਡ ਵਿੱਚ ਅਕਤੂਬਰ 2019 ਤੋਂ ਸਤੰਬਰ 2020 ਦੌਰਾਨ ਛਪੇ 162 ਨਾਵਲਾਂ ਦਾ ਮੁਲਾਂਕਣ ਕੀਤਾ। ਇਸ ਸੂਚੀ ਵਿੱਚੋਂ ਸਤੰਬਰ ਤੱਕ ਛੇ ਲੇਖਕ ਚੁਣੇ ਜਾਣਗੇ। ਅਵਨੀ ਦੋਸ਼ੀ ਦੀ ਪੁਸਤਕ ਦੇ ਇਸ ਸੂਚੀ ਵਿੱਚ ਸ਼ਾਮਲ ਹੋਣ ਬਾਰੇ ਇੱਕ ਜੱਜ ਨੇ ਕਿਹਾ, ‘‘ਮਾਂ-ਧੀ ਦੇ ਗੁੰਝਲਦਾਰ ਅਤੇ ਵਿਲੱਖਣ ਰਿਸ਼ਤੇ ਦੀ ਕਹਾਣੀ ਨੂੰ ਇਮਾਨਦਾਰੀ ਤੇ ਬੇਝਿਜਕ ਸੱਚਾਈ ਨਾਲ ਬਿਆਨਿਆ ਗਿਆ ਹੈ, ਜੋ ਪੜ੍ਹਨ ਲਈ ਬੰਨ੍ਹ ਕੇ ਬਿਠਾਈ ਰੱਖਦੀ ਹੈ— ਇਹ ਕਹਾਣੀ ਕਈ ਵਾਰ ਜਜ਼ਬਾਤੀ ਤੌਰ ’ਤੇ ਝੰਜੋੜ ਦਿੰਦੀ ਹੈ ਪਰ ਨਾਲ ਹੀ ਅੰਦਰੋਂ ਸ਼ੁੱਧ ਕਰਦੀ ਹੈ, ਜਿਸ ਨੂੰ ਸ਼ਿੱਦਤ ਅਤੇ ਯਾਦਗਾਰੀ ਢੰਗ ਨਾਲ ਲਿਖਿਆ ਗਿਆ ਹੈ।’’
-ਪੀਟੀਆਈ