ਹਥਿਆਰਬੰਦ ਲੁਟੇਰਿਆਂ ਨੇ ਦੁਕਾਨਦਾਰ ਨੂੰ ਜ਼ਖ਼ਮੀ ਕਰ ਕੇ ਨਗਦੀ ਲੁੱਟੀ
ਹਤਿੰਦਰ ਮਹਿਤਾ
ਜਲੰਧਰ, 3 ਸਤੰਬਰ
ਇੱਥੋਂ ਦੀ ਬਸਤੀ ਪੀਰ ਦਾਦ ਰੋਡ ’ਤੇ ਬੀਤੀ ਰਾਤ ਹਥਿਆਰਬੰਦ ਲੁਟੇਰਿਆਂ ਨੇ ਕੈਮਿਸਟ ਦੀ ਦੁਕਾਨ ’ਤੇ ਹਮਲਾ ਕਰ ਕੇ ਦੁਕਾਨਦਾਰ ਨੂੰ ਜ਼ਖ਼ਮੀ ਕਰ ਦਿੱਤਾ ਤੇ ਉਸ ਇੱਕ ਲੱਖ ਰੁਪਏ ਦੀ ਲੁੱਟ ਕੀਤੀ। ਜਾਣਕਾਰੀ ਅਨੁਸਾਰ ਰਾਤ ਕਰੀਬ 9.15 ਵਜੇ ਬਸਤੀ ਪੀਰ ਦਾਦ ਰੋਡ ’ਤੇ ਨਹਿਰ ਦੇ ਪੁਲ ਨੇੜੇ ਸਥਿਤ ਜੀਐਸ ਮੈਡੀਕੋਜ਼ ਦਾ ਮਾਲਕ ਵਿੱਕੀ ਆਪਣੀ ਦੁਕਾਨ ਬੰਦ ਕਰਨ ਜਾ ਰਿਹਾ ਸੀ। ਇਸ ਦੌਰਾਨ ਅਚਾਨਕ ਹਥਿਆਰਬੰਦ ਲੁਟੇਰੇ ਆਏ ਤੇ ਉਨ੍ਹਾਂ ਨੇ ਦਵਾਈ ਵਿਕਰੇਤਾ ਦੀ ਕੁੱਟਮਾਰ ਕੀਤੀ ਅਤੇ ਉਸ ਤੋਂ ਇੱਕ ਲੱਖ ਰੁਪਏ ਦੇ ਕਰੀਬ ਨਗਦੀ ਲੁੱਟ ਕੇ ਮੌਕੇ ਤੋਂ ਫ਼ਰਾਰ ਹੋ ਗਏ। ਵਿੱਕੀ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ।
ਪੀੜਤ ਨੇ ਦੱਸਿਆ ਕਿ ਚਾਰ ਲੁਟੇਰੇ ਦੋ ਮੋਟਰਸਾਈਕਲਾਂ ’ਤੇ ਸਵਾਰ ਹੋ ਕੇ ਆਏ ਤੇ ਉਸ ’ਤੇ ਹਮਲਾ ਕਰ ਦਿੱਤਾ। ਲੁਟੇਰੇ ਉਸ ਕੋਲੋਂ ਇੱਕ ਲੱਖ ਰੁਪਏ ਦੀ ਨਗਦੀ ਲੁੱਟ ਕੇ ਫ਼ਰਾਰ ਹੋ ਗਏ। ਕੈਮਿਸਟ ਦੀ ਦੁਕਾਨ ਦੇ ਨਾਲ ਲਗਦੀ ਇੱਕ ਡੇਅਰੀ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਤੋਂ ਪਤਾ ਲੱਗਾ ਹੈ ਕਿ ਲੁਟੇਰਿਆਂ ਵਿੱਚੋਂ ਇਕ ਨੇ ਲਾਲ ਰੰਗ ਦੀ ਪੱਗ ਅਤੇ ਚਿਹਰੇ ਦਾ ਮਾਸਕ ਪਾਇਆ ਹੋਇਆ ਸੀ।
ਸਥਾਨਕ ਦੁਕਾਨਦਾਰਾਂ ਅਤੇ ਇਲਾਕੇ ਦੇ ਨੇਤਾ ਪ੍ਰਦੀਪ ਖੁੱਲਰ ਨੇ ਵਿਗੜ ਰਹੀ ਕਾਨੂੰਨ ਵਿਵਸਥਾ ਦੀ ਸਥਿਤੀ ਡੂੰਘੀ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਇਕਜੁੱਟਤਾ ਜ਼ਾਹਿਰ ਕਰਦਿਆਂ ਸੜਕ ’ਤੇ ਧਰਨਾ ਲਗਾ ਕੇ ਦੋਸ਼ੀਆਂ ਨੂੰ ਜਲਦੀ ਫੜਨ ਦੀ ਮੰਗ ਕੀਤੀ ਅਤੇ ਸਿਟੀ ਪੁਲੀਸ ਖ਼ਿਲਾਫ਼ ਰੋਸ ਜ਼ਾਹਿਰ ਕੀਤਾ।
ਇਸੇ ਦੌਰਾਨ ਵਿਧਾਇਕ ਪੱਛਮੀ ਸ਼ੀਤਲ ਅੰਗੁਰਾਲ ਘਟਨਾ ਸਥਾਨ ’ਤੇ ਪਹੁੰਚੇ ਅਤੇ ਦੁਕਾਨਦਾਰਾਂ ਨੂੰ ਦੋਸ਼ੀਆਂ ਖ਼ਿਲਾਫ਼ ਬਣਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਵਿਧਾਇਕ ਅੰਗੁਰਾਲ ਨੇ ਪੁਲੀਸ ਅਧਿਕਾਰੀਆਂ ਨੂੰ ਕਿਹਾ ਕਿ ਇਲਾਕੇ ਵਿਚ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਸਖ਼ਤੀ ਕੀਤੀ ਜਾਵੇ ਤਾਂ ਜੋ ਲੋਕ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਨ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਲੁਟੇਰਿਆਂ ਵਿਰੁੱਧ ਪਹਿਲ ਦੇ ਆਧਾਰ ’ਤੇ ਕਾਰਵਾਈ ਕੀਤੀ ਜਾਵੇ। ਬਸਤੀ ਬਾਵਾ ਖੇਲ ਦੇ ਪੁਲੀਸ ਅਧਿਕਾਰੀਆਂ ਨੇ ਅਣਪਛਾਤਿਆਂ ਖ਼ਿਲਾਫ਼ ਐਫਆਈਆਰ ਦਰਜ ਕਰਨ ਦੀ ਪੁਸ਼ਟੀ ਕੀਤੀ ਹੈ। ਪੁਲੀਸ ਅਨੁਸਾਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।