ਤੀਰਅੰਦਾਜ਼ੀ: ਭਜਨ ਕੌਰ ਪ੍ਰੀ-ਕੁਆਰਟਰਜ਼ ’ਚ ਪੁੱਜੀ
ਪੈਰਿਸ, 30 ਜੁਲਾਈ
ਭਾਰਤੀ ਤੀਰਅੰਦਾਜ਼ ਭਜਨ ਕੌਰ ਅੱਜ ਇੱਥੇ ਪੋਲੈਂਡ ਦੀ ਵਿਓਲੇਟਾ ਮਾਇਜ਼ੋਰ ਨੂੰ 6-0 ਨਾਲ ਹਰਾ ਕੇ ਪੈਰਿਸ ਓਲੰਪਿਕ ਦੇ ਮਹਿਲਾ ਸਿੰਗਲਜ਼ ਵਰਗ ਦੇ ਆਖਰੀ 16 ਵਿੱਚ ਪਹੁੰਚ ਗਈ ਜਦਕਿ ਅੰਕਿਤਾ ਦਾ ਸਫ਼ਰ ਇੱਥੇ ਹੀ ਖ਼ਤਮ ਹੋ ਗਿਆ ਹੈ। ਭਜਨ ਨੇ ਆਖ਼ਰੀ 32 ਦੇ ਗੇੜ ਵਿੱਚ ਮਾਇਜ਼ੋਰ ਨੂੰ ਹਰਾ ਕੇ ਅੰਕਿਤਾ ਭਕਤ ਦੀ ਹਾਰ ਦਾ ਬਦਲਾ ਲਿਆ। ਪੋਲੈਂਡ ਦੀ ਇਸ ਤੀਰਅੰਦਾਜ਼ ਨੇ ਇਸ ਤੋਂ ਪਹਿਲਾਂ ਆਖਰੀ-64 ਦੇ ਗੇੜ ਵਿੱਚ ਅੰਕਿਤਾ ਨੂੰ 6-4 ਨਾਲ ਹਰਾਇਆ ਸੀ।
ਭਜਨ ਨੇ ਦਿਨ ਦੇ ਆਪਣੇ ਸ਼ੁਰੂਆਤੀ ਮੈਚ ਵਿੱਚ ਇੰਡੋਨੇਸ਼ੀਆ ਦੀ ਸਾਇਫਾ ਨੂਰਫੀਫਾ ਕਮਾਲ ਨੂੰ 7-3 ਨਾਲ ਹਰਾਉਣ ਮਗਰੋਂ ਵਿਓਲੇਟਾ ਖ਼ਿਲਾਫ਼ ਆਪਣੀ ਲੈਅ ਜਾਰੀ ਰੱਖਦਿਆਂ ਇੱਕਪਾਸੜ ਜਿੱਤ ਦਰਜ ਕੀਤੀ। ਭਜਨ ਨੇ ਪਹਿਲੇ ਅਤੇ ਤੀਜੇ ਸੈੱਟ ਵਿੱਚ 10 ਅੰਕਾਂ ਵਾਲੇ ਇੱਕ-ਇੱਕ ਅਤੇ ਦੂਜੇ ਸੈੱਟ ਵਿੱਚ ਦੋ ਨਿਸ਼ਾਨੇ ਲਾ ਕੇ ਵਿਓਲੇਟਾ ’ਤੇ ਦਬਾਅ ਬਣਾਇਆ। ਉਸ ਨੇ 28-23, 29-26, 28-22 ਨਾਲ ਜਿੱਤ ਦਰਜ ਕੀਤੀ।
ਦੂਜੇ ਪਾਸੇ ਅੰਕਿਤਾ ਪੋਲੈਂਡ ਦੀ ਖਿਡਾਰਨ ਖ਼ਿਲਾਫ਼ ਲੀਡ ਲੈਣ ਤੋਂ ਬਾਅਦ ਲੈਅ ਗੁਆ ਬੈਠੀ। ਪਹਿਲਾ ਸੈੱਟ ਗੁਆਉਣ ਤੋਂ ਬਾਅਦ ਅੰਕਿਤਾ ਨੇ ਦੂਜਾ ਅਤੇ ਤੀਜਾ ਸੈੱਟ ਜਿੱਤ ਕੇ ਚੰਗੀ ਵਾਪਸੀ ਕੀਤੀ ਪਰ ਪੋਲੈਂਡ ਦੀ ਨਿਸ਼ਾਨੇਬਾਜ਼ ਨੇ ਆਖਰੀ ਦੋ ਸੈੱਟ ਜਿੱਤ ਲਏ। ਇਸ ਤੋਂ ਪਹਿਲਾਂ ਭਾਰਤ ਦੀਆਂ ਪੁਰਸ਼ ਅਤੇ ਮਹਿਲਾ ਟੀਮਾਂ ਨੂੰ ਕੁਆਰਟਰ ਫਾਈਨਲ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। -ਪੀਟੀਆਈ