ਅਕਸ਼ੈ ‘ਬੈੱਲਬੌਟਮ’ ਦੀ ਸ਼ੂਟਿੰਗ ਲਈ ਤਿਆਰ
ਮੁੰਬਈ, 27 ਜੁਲਾਈ
ਬੌਲੀਵੁੱਡ ਸਟਾਰ ਅਕਸ਼ੈ ਕੁਮਾਰ ਆਪਣੀ ਫ਼ਿਲਮ ‘ਬੈੱਲਬੌਟਮ’ ਦੀ ਸ਼ੂਟਿੰਗ ਲਈ ਜਲਦੀ ਯੂਕੇ ਰਵਾਨਾ ਹੋਣਗੇ। ਅਕਸ਼ੈ ਨੇ ਕਿਹਾ ਕਿ ਨਿਰਮਾਤਾਵਾਂ ਨੇ ਕਰੋਨਾਵਾਇਰਸ ਮਹਾਮਾਰੀ ਦੇ ਮੱਦੇਨਜ਼ਰ ਸਾਰੇ ਸਟਾਫ਼ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਵਿਆਪਕ ਯੋਜਨਾਬੰਦੀ ਕੀਤੀ ਹੈ। ‘ਬੈੱਲਬੌਟਮ’ ਵਿਚ ਅਕਸ਼ੈ ਤੋਂ ਇਲਾਵਾ ਵਾਨੀ ਕਪੂਰ, ਹੁਮਾ ਕੁਰੈਸ਼ੀ ਤੇ ਲਾਰਾ ਦੱਤਾ ਦੀ ਅਹਿਮ ਭੂਮਿਕਾ ਹੈ। ਟੀਮ ਅਗਸਤ ’ਚ ਯੂਕੇ ਜਾ ਕੇ ਸ਼ੁਰੂ ਤੋਂ ਅਖ਼ੀਰ ਤੱਕ ਸ਼ੂਟਿੰਗ ਦਾ ਸਾਰਾ ਸ਼ਡਿਊਲ ਮੁਕੰਮਲ ਕਰੇਗੀ। ਫ਼ਿਲਮ ਦਾ ਨਿਰਮਾਣ ਵਾਸ਼ੂ ਭਗਨਾਨੀ ਦੀ ਪੂਜਾ ਐਂਟਰਟੇਨਮੈਂਟ ਕਰ ਰਹੀ ਹੈ। ਲੌਕਡਾਊਨ ਮਗਰੋਂ ਸ਼ੂਟਿੰਗ ਆਰੰਭਣ ਦਾ ਐਲਾਨ ਕਰਨ ਵਾਲੀਆਂ ਪਹਿਲੀਆਂ ਫ਼ਿਲਮਾਂ ’ਚੋਂ ‘ਬੈੱਲਬੌਟਮ’ ਇਕ ਹੈ। ਅਕਸ਼ੈ ਨੇ ਕਿਹਾ ਕਿ ਜਨਿ੍ਹਾਂ ਢੰਗ-ਤਰੀਕਿਆਂ ਨਾਲ ਹੁਣ ਕੰਮ ਕਰਨਾ ਪੈ ਰਿਹਾ ਹੈ, ਇਨ੍ਹਾਂ ਬਾਰੇ ਕਦੇ ਕਲਪਨਾ ਵੀ ਨਹੀਂ ਕੀਤੀ ਸੀ। ਉਨ੍ਹਾਂ ਕਿਹਾ ਕਿ ਸੈੱਟ ’ਤੇ ਵਾਪਸੀ ਕਰ ਕੇ ਉਹ ਖ਼ੁਸ਼ ਹਨ ਪਰ ਇਸ ਦੇ ਨਾਲ ਹੀ ਸਾਨੂੰ ਸਾਰਿਆਂ ਨੂੰ ਇਕ-ਦੂਜੇ ਦਾ ਖ਼ਿਆਲ ਵੀ ਰੱਖਣਾ ਪਵੇਗਾ। ਪ੍ਰੋਡਕਸ਼ਨ ਹਾਊਸ ਨੇ ਸਾਰੀ ਯੂਨਿਟ ਲਈ ਚਾਰਟਰ ਉਡਾਣ ਦਾ ਪ੍ਰਬੰਧ ਕੀਤਾ ਹੈ। ਸਿਹਤ ਸੰਭਾਲ ਨਾਲ ਜੁੜੇ ਸਾਰੇ ਇੰਤਜ਼ਾਮ ਕੀਤੇ ਜਾ ਰਹੇ ਹਨ। ਮੈਡੀਕਲ ਗਰੇਡ ਮਾਸਕ, ਫੇਸ ਸ਼ੀਲਡ ਵਰਤੇ ਜਾਣਗੇ। ਸਾਰੀ ਯੂਨਿਟ ਇਕ ਹੱਥ ਘੜੀ ਪਹਨਿੇਗੀ ਜੋ ਲਗਾਤਾਰ ਆਕਸੀਜ਼ਨ ਦਾ ਪੱਧਰ, ਤਾਪਮਾਨ, ਬਲੱਡ ਪ੍ਰੈਸ਼ਰ, ਤਣਾਅ ਦਾ ਪੱਧਰ ਤੇ ਨਬਜ਼ ਦੀ ਰਫ਼ਤਾਰ ਦੱਸੇਗੀ। ਇਕ ਕੇਂਦਰੀ ਡੈਸ਼ਬੋਰਡ ਸਾਰਿਆਂ ਦਾ ਰਿਕਾਰਡ ਰੱਖੇਗਾ ਤੇ ਰੀਡਿੰਗ ਵਿਚ ਤਬਦੀਲੀ ਨੋਟ ਕਰੇਗਾ। -ਪੀਟੀਆਈ