ਅਕਾਲੀ ਦਲ ਵੱਲੋਂ ਮਨਜੀਤ ਕਾਕਾ ਦੀ ਮੈਂਬਰਸ਼ਿਪ ਮੁਅੱਤਲ ਕਰਨ ਦਾ ਵਿਰੋਧ
ਗੁਰਦੀਪ ਸਿੰਘ ਲਾਲੀ
ਸੰਗਰੂਰ, 17 ਮਾਰਚ
ਟਰੱਕ ਯੂਨੀਅਨ ਭਵਾਨੀਗੜ੍ਹ ਦੀ ਚੋਣ ’ਚ ਕਥਿਤ ਪੈਸੇ ਦੇ ਲੈਣ-ਦੇਣ ਦੇ ਮਾਮਲੇ ’ਚ ਜਿਥੇ ਇੱਕ ਪਾਸੇ ਸਿਆਸਤ ਭਖੀ ਹੋਈ ਹੈ ਉਥੇ ਇਹ ਮਾਮਲਾ ਧਾਰਮਿਕ ਸਥਾਨਾਂ ਦੀਆਂ ਬਰੂਹਾਂ ’ਤੇ ਪੁੱਜ ਗਿਆ ਹੈ। ਪ੍ਰਧਾਨਗੀ ਦੇ ਚਾਹਵਾਨ ਟਰੱਕ ਅਪਰੇਟਰ ਮਨਜੀਤ ਸਿੰਘ ਕਾਕਾ ਜ਼ਿਲ੍ਹਾ ਪਟਿਆਲਾ ’ਚ ਪੈਂਦੇ ਪਿੰਡ ਰੋੜੇਵਾਲ ਦੇ ਧਾਰਮਿਕ ਸਥਾਨ ’ਤੇ ਲਗਾਤਾਰ ਪਰਿਵਾਰ ਸਮੇਤ ਜਾ ਰਹੇ ਹਨ ਉਥੇ ਟਰੱਕ ਯੂਨੀਅਨ ਭਵਾਨੀਗੜ੍ਹ ਦੇ ਪ੍ਰਧਾਨ ਜਤਿੰਦਰ ਸਿੰਘ ਵਿੱਕੀ ਬਾਜਵਾ ਵੀ ਪਿੰਡ ਨਾਗਰਾ ਦੇ ਧਾਰਮਿਕ ਸਥਾਨ ’ਤੇ ਪੁੱਜ ਕੇ ਸਪੱਸ਼ਟ ਕਰ ਚੁੱਕੇ ਹਨ ਕਿ ਉਨ੍ਹਾਂ ਵੱਲੋਂ ਪ੍ਰਧਾਨਗੀ ਲਈ ਕਿਸੇ ਨੂੰ ਕੋਈ ਪੈਸਾ ਨਹੀਂ ਦਿੱਤਾ ਗਿਆ। ਮਾਮਲੇ ਦੀ ਜਾਂਚ ਲਈ ਜ਼ਿਲ੍ਹਾ ਪੁਲੀਸ ਵੱਲੋਂ ਐੱਸਪੀ ਨਵਰੀਤ ਸਿੰਘ ਵਿਰਕ ਦੀ ਅਗਵਾਈ ਹੇਠ ਤਿੰਨ ਮੈਂਬਰੀ ਐੱਸਆਈਟੀ ਵੀ ਬਣਾਈ ਗਈ ਹੈ ਪਰ ਇਸ ਸਭ ਦੇ ਬਾਵਜੂਦ ਮਾਮਲਾ ਲਗਾਤਾਰ ਭਖਿਆ ਹੋਇਆ ਹੈ।
ਅੱਜ ਪ੍ਰੈੱਸ ਕਾਨਫਰੰਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਵਿਨਰਜੀਤ ਸਿੰਘ ਗੋਲਡੀ ਨੇ ਟਰੱਕ ਯੂਨੀਅਨ ਭਵਾਨੀਗੜ੍ਹ ਦੀ ਕਮੇਟੀ ਵਲੋਂ ਯੂਨੀਅਨ ’ਚੋ ਮਨਜੀਤ ਸਿੰਘ ਕਾਕਾ ਦੀ ਮੈਂਬਰਸ਼ਿਪ ਮੁਅੱਤਲ ਕਰਨ ਦੀ ਨਿਖੇਧੀ ਕਰਦਿਆਂ ਕਿਹਾ ਕਿ ਇੱਕ ਟਰੱਕ ਅਪਰੇਟਰ ਦੇ ਰੁਜ਼ਗਾਰ ’ਤੇ ਲੱਤ ਮਾਰਨੀ ਨਿੰਦਣਯੋਗ ਕਾਰਵਾਈ ਹੈ। ਸ੍ਰੀ ਗੋਲਡੀ ਨੇ ਕਿਹਾ ਕਿ ਭਾਵੇਂ ਜ਼ਿਲ੍ਹਾ ਪੁਲੀਸ ਵਲੋਂ ਮਾਮਲੇ ਦੀ ਜਾਂਚ ਲਈ ਸਿੱਟ ਬਣਾਈ ਗਈ ਹੈ ਪਰ ਹਾਲੇ ਤੱਕ ਮਨਜੀਤ ਸਿੰੰਘ ਕਾਕਾ ਦੇ ਬਿਆਨ ਦਰਜ ਨਹੀਂ ਹੋਏ। ਉਨ੍ਹਾਂ ਕਿਹਾ ਕਿ ਮਨਜੀਤ ਸਿੰਘ ਕਾਕਾ ਨੂੰ ਇਨਸਾਫ਼ ਦਿਵਾਉਣ ਲਈ ਸਿੱਟ ਦੀ ਕਾਰਵਾਈ ਦੀ ਉਡੀਕ ਹੈ। ਜੇਕਰ ਐੱਸਆਈਟੀ ਦੀ ਕਾਰਵਾਈ ਤੋਂ ਸੰਤੁਸ਼ਟੀ ਨਾ ਹੋਈ ਤਾਂ ਵਫ਼ਦ ਦੇ ਰੂਪ ਵਿਚ ਰਾਜਪਾਲ ਪੰਜਾਬ ਨੂੰ ਮਿਲਾਂਗੇੇ। ਉਨ੍ਹਾਂ ਕਿਹਾ ਕਿ ਇਸ ਮਾਮਲੇ ’ਚ ਮੁੱਖ ਮੰਤਰੀ ਪੰਜਾਬ, ਵਿੱਤ ਮੰਤਰੀ ਪੰਜਾਬ ਅਤੇ ‘ਆਪ’ ਪ੍ਰਧਾਨ ਨੂੰ ਆਪਣਾ ਸਟੈਂਡ ਸਪੱਸ਼ਟ ਕਰਨਾ ਚਾਹੀਦਾ ਹੈ। ਇਸ ਮੌਕੇ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਤੇਜਿੰਦਰ ਸਿੰਘ ਸੰਘਰੇੜੀ, ਇਸਤਰੀ ਅਕਾਲੀ ਦਲ ਦੇ ਆਗੂ ਪਰਮਜੀਤ ਕੌਰ ਵਿਰਕ, ਐਡਵੋਕੇਟ ਸੁਖਵੀਰ ਸਿੰਘ ਪੂਨੀਆ, ਰੁਪਿੰਦਰ ਸਿੰਘ ਰੰਧਾਵਾ, ਹਰਵਿੰਦਰ ਸਿੰਘ ਗੋਲਡੀ ਤੂੂਰ, ਜਤਿੰਦਰ ਸਿੰਘ ਵਿੱਕੀ, ਪ੍ਰਿੰਸੀਪਲ ਨਰੇਸ਼ ਕੁਮਾਰ ਤੇ ਐਡਵੋਕੇਟ ਰਣਧੀਰ ਸਿੰਘ ਆਦਿ ਮੌਜੂਦ ਸਨ।