ਸਾਹਿਤ ਸਿਰਜਣਾ ਮੰਚ ਵੱਲੋਂ ਪਲੇਠਾ ਸਨਮਾਨ ਸਮਾਰੋਹ
ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 17 ਮਾਰਚ
ਸਾਹਿਤ ਸਿਰਜਣਾ ਮੰਚ ਭਵਾਨੀਗੜ੍ਹ ਵੱਲੋਂ ਅੱਜ ਇਥੇ ਮਾਸਟਰ ਕਰਤਾਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਵਿੱਚ ਸ਼ਹੀਦ ਭਗਤ ਸਿੰਘ ਨੂੰ ਸਮਰਪਿਤ ਪਲੇਠਾ ਸਾਲਾਨਾ ਸਮਾਗਮ ਅਤੇ ਸਨਮਾਨ ਸਮਾਰੋਹ ਵਰਲਡ ਪੰਜਾਬੀ ਸੈਂਟਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਡਾਇਰੈਕਟਰ ਡਾ. ਭੀਮਇੰਦਰ ਸਿੰਘ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ। ਡਾ. ਅਰਵਿੰਦਰ ਕੌਰ ਕਾਕੜਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਮਾਗਮ ਵਿੱਚ ਗੁਰਮੁਖੀ ਲਿਪੀ ਤੇ ਖੋਜਪੂਰਨ ਕੰਮ ਕਰਨ ਵਾਲੇ ਜੰਗ ਸਿੰਘ ਫੱਟੜ, ਮੂਲ ਚੰਦ ਸ਼ਰਮਾ, ਕਰਮ ਸਿੰਘ ਜਖਮੀ, ਰਾਜਿੰਦਰ ਸਿੰਘ ਰਾਜਨ, ਬਾਲ ਸਾਹਿਤਕਾਰ ਜਗਜੀਤ ਸਿੰਘ ਲੱਡਾ, ਨਵਦੀਪ ਮੁੰਡੀ, ਅਰਵਿੰਦਰ ਕੌਰ ਸਾਬਕਾ ਸਰਪੰਚ ਪਿੰਡ ਫੱਗੂਵਾਲਾ, ਗੁਰਪ੍ਰੀਤ ਸਿੰਘ ਅਤੇ ਲੋਕ ਕਵੀ ਸੰਤ ਰਾਮ ਉਦਾਸੀ ਦੀ ਧੀ ਪ੍ਰਿੰਸੀਪਲ ਇਕਬਾਲ ਕੌਰ ਉਦਾਸੀ ਉਚੇਚੇ ਤੌਰ ’ਤੇ ਪਹੁੰਚੇ। ਡਾ. ਭੀਮਿੰਦਰ ਸਿੰਘ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਕਿਹਾ ਕਿ ਵਧੀਆ ਸਾਹਿਤ ਸਿਰਜਣਾ ਲਈ ਸਾਹਿਤ ਦਾ ਅਧਿਐਨ ਬੇਹੱਦ ਜ਼ਰੂਰੀ ਹੈ। ਉਨ੍ਹਾਂ ਭਗਤ ਸਿੰਘ ਦੇ ਵਿਚਾਰਾਂ ਦਾ ਹਾਣੀ ਬਣਨ ਅਤੇ ਉਨ੍ਹਾਂ ਦੇ ਸੁਫ਼ਨਿਆਂ ਦਾ ਦੇਸ਼ ਸਿਰਜਣ ਇਕਜੁੱਟ ਹੋ ਕੇ ਕੰਮ ਕਰਨ ਦੀ ਅਪੀਲ ਕੀਤੀ। ਸਾਹਿਤ ਸਿਰਜਣਾ ਮੰਚ ਵੱਲੋਂ ਸੁਖਵਿੰਦਰ ਪੱਪੀ ਨੂੰ ‘ਪ੍ਰੋ. ਦਲੀਪ ਕੌਰ ਟਿਵਾਣਾ ਗਲਪ ਪੁਰਸਕਾਰ’, ਗੁਰਪਿਆਰ ਹਰੀ ਨੌਂ ਨੂੰ ‘ਲੋਕ ਕਵੀ ਸੰਤ ਰਾਮ ਉਦਾਸੀ ਪੁਰਸਕਾਰ’, ਮੀਨਾ ਮਹਿਰੋਕ ਅਤੇ ਨਿਸ਼ਾਨੇਬਾਜ਼ੀ ਵਿੱਚ ਰਾਸ਼ਟਰੀ ਪੱਧਰ ’ਤੇ ਪਹਿਲੀ ਪੁਜੀਸ਼ਨ ਹਾਸਲ ਕਰਨ ਲਈ ਅਨੰਤਵੀਰ ਸਿੰਘ ਫੱਗੂਵਾਲਾ ਦਾ ‘ਪ੍ਰੋ. ਅਨੂਪ ਵਿਰਕ ਕਵਿਤਾ ਪੁਰਸਕਾਰ’ ਨਾਲ ਸਨਮਾਨ ਕੀਤਾ ਗਿਆ। ਇਸ ਮੌਕੇ ਇੱਕ ਵਿਸ਼ਾਲ ਕਵੀ ਦਰਬਾਰ ਵੀ ਕਰਵਾਇਆ ਗਿਆ। ਪ੍ਰਧਾਨ ਕੁਲਵੰਤ ਖਨੌਰੀ ਅਤੇ ਚੇਅਰਮੈਨ ਚਰਨ ਸਿੰਘ ਚੋਪੜਾ ਨੇ ਮਹਿਮਾਨਾਂ ਦਾ ਧੰਨਵਾਦ ਕੀਤਾ।