ਹਕੀਮਪੁਰ ਖੱਟੜਾ ਵਾਸੀਆਂ ਨੇ ਨਸ਼ਾ ਤਸਕਰਾਂ ਖ਼ਿਲਾਫ਼ ਮੋਰਚਾ ਖੋਲ੍ਹਿਆ
ਪਰਮਜੀਤ ਸਿੰਘ ਕੁਠਾਲਾ
ਮਲੇਰਕੋਟਲਾ, 17 ਮਾਰਚ
ਪਿੰਡ ਹਕੀਮਪੁਰ ਖੱਟੜਾ ਵਿੱਚ ਵਰ੍ਹਿਆਂ ਤੋਂ ਬੇਖੌਫ਼ ਚੱਲ ਰਹੇ ਨਸ਼ੇ ਦੇ ਕਾਲੇ ਧੰਦੇ ਤੋਂ ਖਫ਼ਾ ਹਕੀਮਪੁਰ ਖੱਟੜਾ ਤੇ ਨੇੜਲੇ ਪਿੰਡਾਂ ਦੇ ਵੱਡੀ ਗਿਣਤੀ ਮੋਹਤਬਰਾਂ ਨੇ ਲਿਖਤੀ ਸ਼ਿਕਾਇਤ ਰਾਹੀਂ ਨਸ਼ਾ ਤਸਕਰਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕਰਦਿਆਂ ਐੱਸਐੱਸਪੀ ਮਲੇਰਕੋਟਲਾ ਗਗਨਅਜੀਤ ਸਿੰਘ ਨੂੰ ਅਪੀਲ ਕੀਤੀ ਕਿ ਨਸ਼ੇ ਵੇਚ ਕੇ ਬਣਾਈ ਕਰੋੜਾਂ ਰੁਪਏ ਦੀ ਨਾਮੀ ਅਤੇ ਬੇਨਾਮੀ ਜਾਇਦਾਦ ਜ਼ਬਤ ਕਰ ਕੇ ਤਸਕਰਾਂ ਦੇ ਬੈਂਕ ਖਾਤਿਆਂ ਦੀ ਜਾਂਚ ਕਰਵਾਈ ਜਾਵੇ। ਪਿੰਡ ਹਕੀਮਪੁਰਾ ਖੱਟੜਾ ਅਤੇ ਅਖਤਿਆਰਪੁਰਾ ਨਾਲ ਸਬੰਧਤ ਇਸ ਵਫ਼ਦ ਨੇ ਜ਼ਿਲ੍ਹਾ ਪੁਲੀਸ ਮੁਖੀ ਨੂੰ ਚਾਰ ਔਰਤਾਂ ਸਮੇਤ ਅੱਠ ਨਸ਼ਾ ਤਸਕਰਾਂ ਦੀ ਸੂਚੀ ਸੌਂਪੀ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਹਰ ਵੇਲੇ ਵਿਹਲੇ ਘੁੰਮਦੇ ਇਨ੍ਹਾਂ ਲੋਕਾਂ ਕੋਲ ਮਹਿੰਗੀਆਂ ਕਾਰਾਂ, ਦੋਪਹੀਆ ਵਾਹਨ, ਮਹਿੰਗੇ ਮੋਬਾਈਲ ਅਤੇ ਇਨ੍ਹਾਂ ਦੇ ਨੌਜਵਾਨਾਂ ਵੱਲੋਂ ਘਰਾਂ ਤੋਂ ਚੋਰੀ ਕਰ ਕੇ ਵੇਚੇ ਭਾਰੀ ਮਾਤਰਾ ਵਿਚ ਸੋਨੇ ਦੇ ਗਹਿਣੇ ਹਨ। ਨਸ਼ੇ ਦੇ ਧੰਦੇ ਵਿਚ ਸ਼ਾਮਲ ਦੱਸੇ ਜਾਂਦੇ ਇਨ੍ਹਾਂ ਲੋਕਾਂ ਦੀਆਂ ਰਜਿਸਟ੍ਰੇਸ਼ਨ ਨੰਬਰਾਂ ਸਮੇਤ ਕਾਰਾਂ ਦੀ ਪਛਾਣ ਦਸਦਿਆਂ ਲੋਕਾਂ ਨੇ ਜ਼ਿਲ੍ਹਾ ਪੁਲੀਸ ਮੁਖੀ ਨੂੰ ਦੱਸਿਆ ਕਿ ਇਹ ਲੋਕ ਆਪਣੀਆਂ ਕਾਰਾਂ ’ਤੇ ਪੁਲੀਸ ਦੇ ਸਟਿੱਕਰ ਲਗਾ ਕੇ ਕਥਿਤ ਨਾਜਾਇਜ਼ ਅਸਲੇ ਸਮੇਤ ਘੁੰਮਦੇ ਹਨ। ਇਨ੍ਹਾਂ ਲੋਕਾਂ ਵੱਲੋਂ ਬਣਾਈਆਂ ਆਲੀਸ਼ਾਨ ਕੋਠੀਆਂ, ਖਰੀਦੇ ਪਲਾਟਾਂ ਤੇ ਜ਼ਮੀਨਾਂ ਦੀ ਬਾਕਾਇਦਾ ਨਿਸ਼ਾਨਦੇਹੀ ਕਰਦਿਆਂ ਵਫਦ ਨੇ ਦੱਸਿਆ ਕਿ ਜੇਕਰ ਪੜਤਾਲ ਕੀਤੀ ਜਾਵੇ ਤਾਂ ਪਿੰਡੋਂ ਬਾਹਰ ਵੀ ਵੱਡੀਆਂ ਜਾਇਦਾਦਾਂ ਦੇ ਖੁਲਾਸੇ ਹੋ ਸਕਦੇ ਹਨ। ਇਸ ਦੌਰਾਨ ਪਿੰਡ ਵਾਸੀਆਂ ਨੇ ਦੱਸਿਆ ਕਿ ਅਕਤੂਬਰ 2024 ਤੋਂ ਮਾਰਚ 2025 ਤੱਕ ਇਕੱਲੇ ਪਿੰਡ ਹਕੀਮਪੁਰਾ ਖੱਟੜਾ ਦੇ ਦੋ ਨੌਜਵਾਨਾਂ ਨੂੰ ਨਸ਼ਿਆਂ ਨੇ ਨਿਗਲ ਲਿਆ ਹੈ।ਪੁਲੀਸ ਵੱਲੋਂ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਤੋਂ ਡਰਦਿਆਂ ਨਸ਼ਿਆਂ ਦੇ ਧੰਦੇ ਵਿਚ ਲੱਗੇ ਪਿੰਡ ਹਕੀਮਪੁਰ ਖੱਟੜਾ ਦੇ ਤਸਕਰ ਘਰਾਂ ਨੂੰ ਤਾਲੇ ਲਾ ਕੇ ਪਿੰਡ ਛੱਡ ਗਏ ਹਨ। ਇਨ੍ਹਾਂ ਵਿਚੋਂ ਇਕ ਮਹਿਲਾ ਨੂੰ ਲੱਗਦੇ ਜ਼ਿਲ੍ਹੇ ਦੀ ਪੁਲੀਸ ਵੱਲੋਂ ਗ੍ਰਿਫ਼ਤਾਰ ਕਰਨ ਦੀ ਸੂਚਨਾ ਵੀ ਮਿਲੀ ਹੈ।