ਯੂਨੀਵਰਸਿਟੀ ਤੇ ਕੈਨੇਡਾ ਦੇ ਕਾਲਜ ਦਰਮਿਆਨ ਸਮਝੌਤਾ
ਪੱਤਰ ਪ੍ਰੇਰਕ
ਅੰਮ੍ਰਿਤਸਰ, 21 ਮਾਰਚ
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. ਕਰਮਜੀਤ ਸਿੰਘ ਨੇ ਯੂਨੀਵਰਸਿਟੀ ਤੇ ਕੈਨੇਡਾ ਦੇ ਓਲਡਜ਼ ਕਾਲਜ ਆਫ਼ ਐਗਰੀਕਲਚਰ ਐਂਡ ਟੈਕਨਾਲੋਜੀ ਦੇ ਸਮਝੌਤੇ ਉਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਹ ਦੋਵੇਂ ਸੰਸਥਾਵਾਂ ਅੰਤਰਰਾਸ਼ਟਰੀ ਆਦਾਨ-ਪ੍ਰਦਾਨ ਰਾਹੀਂ ਲਾਭ ਉਠਾਉਣਗੀਆਂ।
ਇਸ ਸਮਝੌਤੇ ’ਤੇ ਪ੍ਰੋ. ਪਲਵਿੰਦਰ ਸਿੰਘ ਡੀਨ, ਅਕਾਦਮਿਕ ਮਾਮਲੇ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਡਾ. ਕੇਰਨ ਡਾਂਸੀ, ਡਾਇਰੈਕਟਰ ਭਾਰਤੀ ਅਤੇ ਅੰਤਰਰਾਸ਼ਟਰੀ ਸਬੰਧ, ਓਲਡਜ਼ ਕਾਲਜ ਕੈਨੇਡਾ ਨੇ ਯੂਨੀਵਰਸਿਟੀ ਦੇ ਵਾਈਸ-ਚਾਂਸਲਰ, ਪ੍ਰੋਫੈਸਰ ਕਰਮਜੀਤ ਸਿੰਘ ਦੀ ਮੌਜੂਦਗੀ ਵਿੱਚ ਦਸਤਖ਼ਤ ਕੀਤੇ। ਇਸ ਤੋਂ ਪਹਿਲਾ ਓਲਡਜ਼ ਕਾਲਜ ਆਫ਼ ਐਗਰੀਕਲਚਰ ਐਂਡ ਟੈਕਨਾਲੋਜੀ ਕੈਨੇਡਾ ਦੇ ਡਾਇਰੈਕਟਰ ਡਾ. ਕੇਰਨ ਡਾਂਸੀ ਅਤੇ ਡਾ. ਤਾਸ਼ੂਨਵਾਲ ਦੀ ਅਗਵਾਈ ਹੇਠ ਇੱਕ ਉੱਚ ਪੱਧਰੀ ਵਫ਼ਦ ਨੇ ਅੱਜ ਯੂਨੀਵਰਸਿਟੀ ਦਾ ਦੌਰਾ ਕੀਤਾ। ਡਾ. ਪ੍ਰੀਤ ਮੋਹਿੰਦਰ ਸਿੰਘ ਬੇਦੀ, ਕੋਆਰਡੀਨੇਟਰ ਯੂਨੀਵਰਸਿਟੀ ਇੰਡਸਟਰੀ ਲਿੰਕੇਜ ਪ੍ਰੋਗਰਾਮ ਨੇ ਕਿਹਾ ਅਕਾਦਮਿਕ ਅਤੇ ਵਿਦਿਆਰਥੀ ਆਦਾਨ-ਪ੍ਰਦਾਨ ਪ੍ਰੋਗਰਾਮਾਂ ਨੂੰ ਅੱਗੇ ਵਧਾਉਣ ਨਾਲ ਓਲਡਜ਼ ਕਾਲਜ ਅਤੇ ਜੀਐਨਡੀਯੂ ਦੋਵਾਂ ਭਾਈਚਾਰਿਆਂ ਨੂੰ ਅਮੀਰ ਬਣਾਇਆ ਜਾਵੇਗਾ, ਜਿਸ ਨਾਲ ਉਹ ਬੌਧਿਕ, ਸੱਭਿਆਚਾਰਕ ਅਤੇ ਸਮਾਜਿਕ ਤੌਰ ’ਤੇ ਵਿਕਾਸ ਕਰ ਸਕਣਗੇ ਅਤੇ ਖੇਤੀਬਾੜੀ ਅਤੇ ਪ੍ਰਬੰਧਨ ਦੇ ਖੇਤਰ ਵਿੱਚ ਦੁਨੀਆ ਦੇ ਸਭ ਤੋਂ ਮਸ਼ਹੂਰ ਸੰਸਥਾਨਾਂ ਵਿੱਚੋਂ ਇੱਕ, ਵਿੱਚ ਸਾਂਝ ਸਥਾਪਤ ਕਰਨਗੇ।