ਯੂਕਰੇਨ ਵਿਚ 30 ਦਿਨਾਂ ਲਈ ਜੰਗਬੰਦੀ ਦੀ ਅਮਰੀਕੀ ਤਜਵੀਜ਼ ਨਾਲ ਸਿਧਾਂਤਕ ਤੌਰ ’ਤੇ ਸਹਿਮਤ: ਪੂਤਿਨ
ਮਾਸਕੋ, 13 ਮਾਰਚ
ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਵੀਰਵਾਰ ਨੂੰ ਕਿਹਾ ਕਿ ਉਹ ਯੂਕਰੇਨ ਵਿੱਚ 30 ਦਿਨਾਂ ਦੀ ਜੰਗਬੰਦੀ ਲਈ ਅਮਰੀਕੀ ਤਜਵੀਜ਼ ਨਾਲ ਸਿਧਾਂਤਕ ਤੌਰ ’ਤੇ ਸਹਿਮਤ ਹਨ, ਪਰ ਸ਼ਰਤਾਂ ’ਤੇ ਕੰਮ ਕਰਨ ਦੀ ਲੋੜ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਸ ਨਾਲ ਸਥਾਈ ਸ਼ਾਂਤੀ ਦਾ ਰਾਹ ਪੱਧਰਾ ਹੋਣਾ ਚਾਹੀਦਾ ਹੈ।
ਪੂਤਿਨ ਨੇ ਮਾਸਕੋ ਵਿਚ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ, ‘‘ਇਸ ਲਈ ਇਹ ਵਿਚਾਰ ਆਪਣੇ ਆਪ ਵਿੱਚ ਸਹੀ ਹੈ, ਅਤੇ ਅਸੀਂ ਯਕੀਨੀ ਤੌਰ ’ਤੇ ਇਸ ਦਾ ਸਮਰਥਨ ਕਰਦੇ ਹਾਂ।’’
ਰੂਸੀ ਸਦਰ ਨੇ ਕਿਹਾ, ‘‘ਪਰ ਕੁਝ ਮੁੱਦੇ ਹਨ ਜਿਨ੍ਹਾਂ ’ਤੇ ਸਾਨੂੰ ਚਰਚਾ ਕਰਨ ਦੀ ਲੋੜ ਹੈ, ਅਤੇ ਮੈਨੂੰ ਲੱਗਦਾ ਹੈ ਕਿ ਸਾਨੂੰ ਆਪਣੇ ਅਮਰੀਕੀ ਸਹਿਯੋਗੀਆਂ ਅਤੇ ਭਾਈਵਾਲਾਂ ਨਾਲ ਇਸ ’ਤੇ ਚਰਚਾ ਕਰਨ ਦੀ ਲੋੜ ਹੈ।’’
ਪੂਤਿਨ ਨੇ ਕਿਹਾ ਕਿ ਯੂਕਰੇਨੀ ਫੌਜਾਂ ਰੂਸ ਦੇ ਕੁਰਸਕ ਖੇਤਰ ਵਿੱਚ ਘਿਰੀਆਂ ਹੋਈਆਂ ਹਨ, ਅਤੇ ਜੰਗਬੰਦੀ ਤੋਂ ਪਹਿਲਾਂ ਇਹ ਪੱਕਾ ਕਰਨਾ ਜ਼ਰੂਰੀ ਹੈ ਕਿ ਕੀ ਉਹ ਹਥਿਆਰ ਰੱਖਣਗੇ ਅਤੇ ਆਤਮ ਸਮਰਪਣ ਕਰਨਗੇ। ਉਨ੍ਹਾਂ ਜੰਗਬੰਦੀ ਦੀਆਂ ਸੰਭਾਵੀ ਉਲੰਘਣਾਵਾਂ ਨੂੰ ਕੰਟਰੋਲ ਕਰਨ ਲਈ ਇੱਕ ਵਿਧੀ ਵਿਕਸਤ ਕਰਨ ਦੀ ਲੋੜ ’ਤੇ ਵੀ ਜ਼ੋਰ ਦਿੱਤਾ।
ਉਨ੍ਹਾਂ ਕਿਹਾ ਕਿ ਇੱਕ ਹੋਰ ਮੁੱਦਾ ਇਹ ਵੀ ਹੈ ਕਿ ਕੀ ਯੂਕਰੇਨ 30 ਦਿਨਾਂ ਦੀ ਜੰਗਬੰਦੀ ਦੀ ਵਰਤੋਂ ਲਾਮਬੰਦੀ ਅਤੇ ਮੁੜ ਹਥਿਆਰਬੰਦੀ ਜਾਰੀ ਰੱਖਣ ਲਈ ਕਰ ਸਕਦਾ ਹੈ। -ਏਪੀ