‘ਆਪ’ ਨੂੰ ਪਿੰਡਾਂ ਵਿਚ ਭਾਰੀ ਪੈਣ ਲੱਗੀ ਸਿੱਖਿਆ ਕਰਾਂਤੀ
ਮਨੋਜ ਸ਼ਰਮਾ
ਬਠਿੰਡਾ, 16 ਮਾਰਚ
ਬਠਿੰਡਾ ਹਲਕੇ ਦੇ ਕਈ ਪਿੰਡਾਂ ਵਿੱਚ ਸਕੂਲਾਂ ਅੰਦਰ ‘ਸਿੱਖਿਆ ਕਰਾਂਤੀ’ ਦੇ ਨਾਂ ’ਤੇ ਰੱਖੇ ਨੀਂਹ ਪੱਥਰ ਹੁਣ ‘ਆਪ’ ਸਰਕਾਰ ਲਈ ਮੁਸੀਬਤ ਬਣ ਰਹੇ ਹਨ। ਵਿਧਾਇਕਾਂ ਵੱਲੋਂ ਜਿੱਥੇ ਇਨ੍ਹਾਂ ਨੀਂਹ ਪੱਥਰਾਂ ਦੇ ਉਦਘਾਟਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਥੇ ਪਿੰਡਾਂ ਦੇ ਲੋਕਾਂ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਉਨ੍ਹਾਂ ਦਾ ਸਖ਼ਤ ਵਿਰੋਧ ਕੀਤਾ ਜਾ ਰਿਹਾ ਹੈ।
ਬੀਤੇ ਕੱਲ੍ਹ ਮੌੜ ਵਿਧਾਨ ਸਭਾ ਹਲਕੇ ਵਿੱਚ, ਬੀਕੇਯੂ ਸਿੱਧੂਪੁਰ ਦੇ ਵਰਕਰਾਂ ਵੱਲੋਂ ਵਿਧਾਇਕ ਸੁਖਬੀਰ ਸਿੰਘ ਮਾਈਸਰਖਾਨਾ ਨੂੰ ਪਿੰਡ ਵਿੱਚ ਘੇਰ ਕੇ ਉਨ੍ਹਾਂ ਤੋਂ ਕਈ ਗੰਭੀਰ ਸਵਾਲ ਪੁੱਛੇ ਗਏ। ਬੁੱਧਵਾਰ ਨੂੰ ਭੁੱਚੋ ਹਲਕੇ ਦੇ ਵਿਧਾਇਕ ਮਾਸਟਰ ਜਗਸੀਰ ਸਿੰਘ ਨੂੰ ਵੀ ਪਿੰਡ ਮਹਿਮਾ ਸਰਜਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਫਰਸ਼ ਦੇ ਉਦਘਾਟਨ ਦੌਰਾਨ ਵਿਰੋਧ ਦਾ ਸਾਹਮਣਾ ਕਰਨਾ ਪਿਆ।

ਵਿਰੋਧ ਕਰ ਰਹੇ ਕਿਸਾਨ ਆਗੂਆਂ ਗੇਜਾ ਸਿੰਘ ਲੱਖੀ ਜੰਗਲ, ਗੁਰਦੀਪ ਸਿੰਘ ਮਹਿਮਾ ਸਰਜਾ, ਲਖਵਿੰਦਰ ਸਿੰਘ, ਜਨਕ ਸਿੰਘ ਬਰਾੜ ਅਤੇ ਹੋਰਾਂ ਨੇ ਦੋਸ਼ ਲਗਾਇਆ ਕਿ 2023 ਤੋਂ ਬਾਅਦ ਕੋਈ ਗਰਾਂਟ ਨਹੀਂ ਆਈ ਤੇ ਵਿਧਾਇਕਾਂ ਨੇ ਸਕੂਲਾਂ ਦੀ ਭਲਾਈ ਲਈ ਕੁਝ ਨਹੀਂ ਕੀਤਾ। ਉਨ੍ਹਾਂ ਨੇ ਖਨੌਰੀ ਅਤੇ ਸ਼ੰਭੂ ਬਾਰਡਰ ’ਤੇ ਹੋਏ ਲਾਠੀਚਾਰਜ ਅਤੇ ਕਿਸਾਨੀ ਧਰਨਿਆਂ ’ਤੇ ਵੀ ਸਰਕਾਰ ਨੂੰ ਘੇਰਿਆ। ਕਿਸਾਨ ਆਗੂਆਂ ਨੇ ਕਣਕ ਦੀ ਗੜੇਮਾਰੀ ਮੁਆਵਜ਼ੇ ਸਬੰਧੀ ਵੀ ਸਵਾਲ ਪੁੱਛੇ। ਵਿਧਾਇਕ ਵੱਲੋਂ ਤਸੱਲੀਬਖ਼ਸ਼ ਜਵਾਬ ਨਾ ਮਿਲਣ ’ਤੇ ਬੀਕੇਯੂ ਵਰਕਰਾਂ ਨੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਅਤੇ ‘ਟਰਾਲੀ ਚੋਰ’ ਵਰਗੇ ਲਫ਼ਜ਼ ਵਰਤੇ।