ਪ੍ਰਾਪਰਟੀ ਡੀਲਰ ਤੋਂ ਫ਼ਿਰੌਤੀ ਲੈਣ ਆਏ ਦੋ ਨੌਜਵਾਨ ਗ੍ਰਿਫ਼ਤਾਰ
ਪਰਮਜੀਤ ਸਿੰਘ ਕੁਠਾਲਾ
ਮਾਲੇਰਕੋਟਲਾ, 20 ਅਪਰੈਲ
ਇਥੋਂ ਦੇ ਪ੍ਰਾਪਰਟੀ ਡੀਲਰ ਕੋਲੋਂ ਗੈਂਗਸਟਰ ਦਵਿੰਦਰ ਬੰਬੀਹਾ ਗਰੁੱਪ ਦੇ ਨਾਂ ’ਤੇ 5 ਕਰੋੜ ਰੁਪਏ ਦੀ ਫਿਰੌਤੀ ਹਾਸਲ ਕਰਨ ਆਏ ਦੋ ਨੌਜਵਾਨਾਂ ਨੂੰ ਮਾਲੇਰਕੋਟਲਾ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮਾਂ ਦੀ ਪਛਾਣ ਗੁਰਪ੍ਰੀਤ ਸਿੰਘ ਉਰਵ ਗੋਪੀ ਵਾਸੀ ਬੁਆਣੀ ਥਾਣਾ (ਦੋਰਾਹਾ) ਅਤੇ ਲਵਪ੍ਰੀਤ ਸਿੰਘ ਉਰਫ ਵਿੱਕੀ ਵਾਸੀ ਪਿੰਡ ਬੁਟਾਹਰੀ (ਡੇਹਲੋਂ) ਵਜੋਂ ਹੋਈ ਹੈ। ਸੀਨੀਅਰ ਕਪਤਾਨ ਪੁਲੀਸ ਮਾਲੇਰਕੋਟਲਾ ਗਗਨਅਜੀਤ ਸਿੰਘ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਮਾਲੇਰਕੋਟਲਾ ਦੇ ਮਾਡਲ ਟਾਊਨ ਵਾਸੀ ਪ੍ਰਾਪਰਟੀ ਡੀਲਰ ਬਲਤੇਜ ਸਿੰਘ ਨੂੰ ਕੈਨੇਡਾ ਦੇ ਵਟਸਐਪ ਨੰਬਰ ਤੋਂ 12 ਅਪਰੈਲ ਨੂੰ ਫੋਨ ਆਇਆ ਸੀ, ਜਿਸ ’ਚ ਉਸ ਕੋਲੋਂ ਦਵਿੰਦਰ ਬੰਬੀਹਾ ਗਰੁੱਪ ਦੇ ਨਾਂ ’ਤੇ ਪੰਜ ਕਰੋੜ ਰੁਪਏ ਦੀ ਫਿਰੌਤੀ ਮੰਗੀ ਗਈ ਸੀ। ਰਕਮ ਨਾ ਦੇਣ ’ਤੇ ਗੋਲੀ ਮਾਰਨ ਦੀ ਧਮਕੀ ਵੀ ਦਿੱਤੀ ਗਈ। ਬਲਤੇਜ ਸਿੰਘ ਦੀ ਸ਼ਿਕਾਇਤ ’ਤੇ ਥਾਣਾ ਸਾਈਬਰ ਕਰਾਈਮ ਮਾਲੇਰਕੋਟਲਾ ਦੀ ਇਕ ਸਪੈਸ਼ਲ ਟੀਮ (ਐੱਸਆਈਟੀ) ਨੇ ਅਪਰੇਸ਼ਨ ਚਲਾਇਆ ਤੇ ਦੋਵਾਂ ਮੁਲਜ਼ਮਾਂ ਨੂੰ ਉਸ ਵੇਲੇ ਕਾਬੂ ਕੀਤਾ ਜਦੋਂ ਉਹ ਬਲਤੇਜ ਸਿੰਘ ਕੋਲੋਂ ਫਿਰੌਤੀ ਦੀ ਰਕਮ ਪ੍ਰਾਪਤ ਕਰਨ ਲਈ ਮਿੱਥੇ ਟਿਕਾਣੇ ’ਤੇ ਪਹੁੰਚੇ ਸਨ। ਅਧਿਕਾਰੀਆਂ ਮੁਤਾਬਕ ਮੁਲਜ਼ਮਾਂ ਨੇ ਖੁਲਾਸਾ ਕੀਤਾ ਹੈ ਕਿ ਇਸ ਵਾਰਦਾਤ ਨੂੰ ਕੈਨੇਡਾ ਬੈਠੇ ਜਸਜੀਤ ਸਿੰਘ ਉਰਫ ਜੱਸੂ ਨੇ ਕਥਿਤ ਤੌਰ ’ਤੇ ਆਪਣੀ ਮਾਤਾ ਗੁਰਪ੍ਰੀਤ ਕੌਰ ਨਾਲ ਮਿਲ ਕੇ ਅੰਜਾਮ ਦਿੱਤਾ ਹੈ। ਜਸਜੀਤ ਸਿੰਘ ਅਤੇ ਗੁਰਪ੍ਰੀਤ ਕੌਰ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ ਪਰ ਗ੍ਰਿਫ਼ਤਾਰੀ ਬਾਕੀ ਹੈ। ਪ੍ਰਾਪਰਟੀ ਡੀਲਰ ਬਲਤੇਜ ਸਿੰਘ ਮੁਤਾਬਕ ਉਸ ਨੂੰ ਫੋਨ ਕਾਲਾਂ ਕਰਨ ਵਾਲੇ ਨੇ ਜਗੇੜੇ ਦੇ ਪੁਲ ਕੋਲ ਇੱਕ ਢਾਬੇ ’ਤੇ ਰਕਮ ਲੈ ਕੇ ਪਹੁੰਚਣ ਲਈ ਕਿਹਾ ਸੀ, ਜਿਥੇ ਡੀਐੱਸਪੀ ਸਤੀਸ਼ ਕੁਮਾਰ, ਇਸੰਪੈਕਟਰ ਹਰਜਿੰਦਰ ਸਿੰਘ ਸਣੇ ਪੁਲੀਸ ਮੁਲਾਜ਼ਮਾਂ ਨੇ ਦੋਵਾਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ।