ਪੰਜਾਬ ਨੂੰ ਮਾਰੂਥਲ ਨਹੀਂ ਬਣਨ ਦੇਵਾਂਗੇ: ਨੀਲ ਗਰਗ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 3 ਮਈ
ਆਮ ਆਦਮੀ ਪਾਰਟੀ ਨੇ ਕੇਂਦਰ ਅਤੇ ਹਰਿਆਣਾ ਦੀਆਂ ਭਾਜਪਾ ਦੀ ਅਗਵਾਈ ਵਾਲੀਆਂ ਸਰਕਾਰਾਂ ਦੀ ਪੰਜਾਬ ਨੂੰ ਉਸ ਦੇ ਪਾਣੀ ਦੇ ਸਹੀ ਹਿੱਸੇ ਤੋਂ ਵਾਂਝਾ ਕਰਨ ਦੀਆਂ ਵਾਰ-ਵਾਰ ਕੋਸ਼ਿਸ਼ਾਂ ਲਈ ਨਿੰਦਾ ਕੀਤੀ ਹੈ। ‘ਆਪ’ ਨੇਤਾ ਤੇ ਸੀਨੀਅਰ ਬੁਲਾਰੇ ਨੀਲ ਗਰਗ ਨੇ ਕਿਹਾ ਕਿ ਕਿਸੇ ਨੂੰ ਵੀ ਪੰਜਾਬ ਨੂੰ ਮਾਰੂਥਲ ਵਿੱਚ ਬਦਲਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨਾਇਬ ਸੈਣੀ ਨੇ ਝੂਠਾ ਦਾਅਵਾ ਕੀਤਾ ਕਿ ਹਰਿਆਣਾ ਸਿਰਫ਼ ਆਪਣੇ ਹਿੱਸੇ ਦਾ ਪਾਣੀ ਮੰਗ ਰਿਹਾ ਹੈ, ਪਰ ਅੰਕੜੇ ਬਹੁਤ ਵੱਖਰੀ ਕਹਾਣੀ ਦੱਸਦੇ ਹਨ। ਉਨ੍ਹਾਂ ਬੀਬੀਐੱਮਬੀ ਦੇ ਅੰਕੜੇ ਪੇਸ਼ ਕਰਦਿਆਂ ਕਿਹਾ ਕਿ ਰਾਜਸਥਾਨ ਨੂੰ 3.398 ਐੱਮਏਐੱਫ ਪਾਣੀ ਅਲਾਟ ਕੀਤਾ ਗਿਆ, ਜਦੋਂਕਿ 3.738 ਐੱਮਏਐੱਫ ਦੀ ਖਪਤ ਕੀਤੀ ਗਈ। ਇਹ 10 ਫ਼ੀਸਦ ਵੱਧ ਹੈ। ਹਰਿਆਣਾ ਨੂੰ 2.987 ਐੱਮਏਐੱਫ ਅਲਾਟ ਕੀਤਾ ਗਿਆ, ਜਦੋਂਕਿ 3.091 ਐੱਮਏਐੱਫ ਦੀ ਖਪਤ ਕੀਤੀ ਜਾ ਚੁੱਕੀ ਹੈ, ਜੋ 3 ਐੱਮਏਐੱਫ ਵੱਧ ਹੈ। ਪੰਜਾਬ ਨੂੰ 5.512 ਐੱਮਏਐੱਫ ਅਲਾਟ ਕੀਤਾ ਗਿਆ ਹੈ, ਜਿਸ ਨੇ ਸਿਰਫ 4.925 ਐੱਮਏਐੱਫ ਪਾਣੀ ਵਰਤਿਆ ਹੈ। ਇਹ ਆਪਣੇ ਹਿੱਸੇ ਦਾ ਸਿਰਫ 89 ਫ਼ੀਸਦ ਬਣਦਾ ਹੈ।
ਸ੍ਰੀ ਗਰਗ ਨੇ ਕਿਹਾ ਕਿ ਇਹ ਅੰਕੜੇ ਸਾਬਤ ਕਰਦੇ ਹਨ ਕਿ ਹਰਿਆਣਾ ਅਤੇ ਰਾਜਸਥਾਨ ਦੋਵੇਂ ਪਹਿਲਾਂ ਹੀ ਆਪਣੇ ਨਿਰਧਾਰਤ ਕੋਟੇ ਤੋਂ ਵੱਧ ਪਾਣੀ ਦੀ ਵਰਤੋਂ ਕਰ ਚੁੱਕੇ ਹਨ। ਫਿਰ ਵੀ, ਭਾਜਪਾ ਦੀ ਪੰਜਾਬ ਦੇ ਪਾਣੀ ਨੂੰ ਖੋਹਣ ਦੀ ਬੇਬੁਨਿਆਦ ਮੁਹਿੰਮ ਜਾਰੀ ਹੈ। ਸ੍ਰੀ ਗਰਗ ਨੇ ਕੇਂਦਰ ਅਤੇ ਹਰਿਆਣਾ ਵਿੱਚ ਭਾਜਪਾ ਸਰਕਾਰਾਂ ’ਤੇ ਰਾਜਨੀਤਿਕ ਲਾਭ ਲਈ ਪੰਜਾਬ ਦੇ ਸਰੋਤਾਂ ਦੀ ਦੁਰਵਰਤੋਂ ਕਰਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ।