ਸੜਕ ਹਾਦਸੇ ’ਚ ਦੋ ਭਰਾਵਾਂ ਦੀ ਮੌਤ
ਗੁਰਬਖਸ਼ਪੁਰੀ
ਤਰਨ ਤਾਰਨ, 20 ਅਪਰੈਲ
ਇਥੇ ਤਰਨ ਤਾਰਨ-ਅੰਮ੍ਰਿਤਸਰ ਸੜਕ ’ਤੇ ਬੀਤੀ ਅੱਧੀ ਰਾਤ ਪਿੰਡ ਗੋਹਲਵੜ੍ਹ ਨੇੜੇ ਹਾਦਸੇ ਦੌਰਾਨ ਇਨੋਵਾ ਸਵਾਰ ਦੋ ਭਰਾਵਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਨਵਦੀਪ ਸਿੰਘ ਪੱਡਾ (27) ਅਤੇ ਉਸ ਦੀ ਭੂਆ ਦੇ ਲੜਕੇ ਯੁਗਰਾਜ ਸਿੰਘ (18) ਵਾਸੀ ਗਲੀ ਪੱਪੂ ਭਗਤ, ਮੁਹੱਲਾ ਗੁਰੂ ਕਾ ਖੂਹ, ਤਰਨ ਤਾਰਨ ਵਜੋਂ ਹੋਈ ਹੈ। ਉਹ ਵਿਦੇਸ਼ ਤੋਂ ਆ ਰਹੀ ਆਪਣੀ ਕਿਸੇ ਰਿਸ਼ਤੇਦਾਰ ਨੂੰ ਅੰਮ੍ਰਿਤਸਰ ਹਵਾਈ ਅੱਡੇ ਤੋਂ ਲੈਣ ਲਈ ਜਾ ਰਹੇ ਸਨ। ਪ੍ਰਾਪਤ ਜਾਣਕਾਰੀ ਮੁਤਾਬਕ ਸਾਹਮਣੇ ਤੋਂ ਆ ਰਹੇ ਟਰਾਲੇ ਦੇ ਡਰਾਈਵਰ ਵੱਲੋਂ ਬੇਧਿਆਨੀ ਨਾਲ ਮੋੜ ਕੱਟਣ ’ਤੇ ਇਨੋਵਾ ਉਸ ਦੇ ਪਿਛਲੇ ਜਾ ਟਕਰਾਈ ਤੇ ਗੱਡੀ ਟਰਾਲੇ ਦੇ ਹੇਠਾਂ ਫਸ ਗਈ। ਇਸ ਮੌਕੇ ਆਸ-ਪਾਸ ਦੇ ਲੋਕਾਂ ਨੇ ਦੋਵਾਂ ਨੌਜਵਾਨਾਂ ਨੂੰ ਤਰਨ ਤਾਰਨ ਦੇ ਸਿਵਲ ਹਸਪਤਾਲ ਲਿਆਂਦਾ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਥਾਣਾ ਸਿਟੀ ਤੋਂ ਏਐੱਸਆਈ ਬਲਦੇਵ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਮੌਕੇ ਦਾ ਜਾਇਜ਼ਾ ਲਿਆ। ਜਾਂਚ ਅਧਿਕਾਰੀ ਦਾ ਕਹਿਣਾ ਹੈ ਟਰਾਲੇ ਦੇ ਡਰਾਈਵਰ ਖ਼ਿਲਾਫ਼ ਕੇਸ ਦਰਜ ਕੀਤਾ ਹੈ, ਜੋ ਫ਼ਰਾਰ ਹੈ।