‘ਆਪ’ ਕਾਰਕੁਨਾਂ ਨੇ ਪ੍ਰਤਾਪ ਬਾਜਵਾ ਦਾ ਪੁਤਲਾ ਫੂਕਿਆ
ਗੁਰਦੇਵ ਸਿੰਘ ਗਹੂੰਣ
ਬਲਾਚੌਰ, 5 ਜੂਨ
ਸੀਨੀਅਰ ‘ਆਪ’ ਆਗੂ ਅਸ਼ੋਕ ਕਟਾਰੀਆ ਨੇ ਮੁੱਖ ਚੌਕ ਬਲਾਚੌਰ ਵਿੱਚ ਪ੍ਰਤਾਪ ਸਿੰਘ ਬਾਜਵਾ ਦਾ ਪੁਤਲਾ ਫੂਕਦਿਆਂ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਅਤੇ ਸੀਨੀਅਰ ਕਾਂਗਰਸੀ ਆਗੂ ਬਾਜਵਾ ਵੱਲੋਂ ਬਲਾਚੌਰ ਹਲਕੇ ਦੀ ਵਿਧਾਇਕਾ ਸੰਤੋਸ਼ ਕਟਾਰੀਆ ਖ਼ਿਲਾਫ਼ ਅਸੱਭਿਅਕ ਭਾਸ਼ਾ ਵਰਤਣਾ ਛੋਟੀ ਅਤੇ ਘਟੀਆ ਸੋਚ ਦਾ ਪ੍ਰਗਟਾਵਾ ਹੈ, ਜੋ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਵਿਰੋਧੀ ਪਾਰਟੀਆਂ ਦੇ ਆਗੂਆਂ ਦੇ ਗਲੇ ਵਿੱਚੋਂ ਇਹ ਗੱਲ ਹੇਠਾਂ ਨਹੀਂ ਉੱਤਰ ਰਹੀ ਕਿ ਪੰਜਾਬ ਦੇ ਲੋਕਾਂ ਨੇ ਆਮ ਘਰਾਂ ਦੇ ਨੌਜਵਾਨਾਂ ਨੂੰ ਵੋਟਾਂ ਵਿੱਚ ਜਿਤਾ ਕੇ ਪੰਜਾਬ ਵਿਧਾਨ ਸਭਾ ਵਿੱਚ ਕਿਉਂ ਭੇਜਿਆ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਕਿਉਂ ਬਣਾਈ। ‘ਆਪ’ ਦੇ ਜ਼ਿਲ੍ਹਾ ਪ੍ਰਧਾਨ ਅਤੇ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਸਤਨਾਮ ਸਿੰਘ ਚੇਚੀ ਅਤੇ ਸਾਬਕਾ ਜ਼ਿਲ੍ਹਾ ਪ੍ਰਧਾਨ ਸ਼ਿਵਕਰਨ ਚੇਚੀ ਨੇ ਕਿਹਾ ਕਿ ਭਦੌੜ ਹਲਕੇ ਤੋਂ ਸ੍ਰੀ ਉੱਗੋਕੇ ਨੇ ਸ੍ਰੀ ਚੰਨੀ ਨੂੰ ਭਾਰੀ ਵੋਟਾਂ ਦੇ ਫ਼ਰਕ ਨਾਲ ਹਰਾਇਆ ਸੀ, ਜਿਸ ਹਾਰ ਨੂੰ ਕਾਂਗਰਸੀ ਆਗੂ ਅਜੇ ਤੱਕ ਵੀ ਸਵੀਕਾਰ ਕਰਨ ਨੂੰ ਤਿਆਰ ਨਹੀਂ। ਇਸ ਕਾਰਨ ਉਹ ਬੌਖਲਾਹਟ ਵਿੱਚ ਹਨ। ਆਗੂਆਂ ਨੇ ਕਿਹਾ ਕਿ ਔਰਤਾਂ ਨੂੰ ਅਪਮਾਨਤ ਕਰਨਾ ਅਤੇ ਵਿਕਾਸ ਕੰਮਾਂ ਨੂੰ ਭੰਡਣਾ ਹੀ ਹਤਾਸ਼ ਹੋਏ ਇਨ੍ਹਾਂ ਆਗੂਆਂ ਦਾ ਕੰਮ ਰਹਿ ਗਿਆ ਹੈ।
ਇਸ ਮੌਕੇ ਰਾਜਿੰਦਰ ਸਿੰਘ ਲੋਹਟੀਆ, ਚੰਦਰ ਮੋਹਨ ਜੇਡੀ, ਹਨੀ ਡੱਬ, ਡਾ. ਸ਼ਾਂਤੀ ਬੱਸੀ, ਆਤਮਾ ਰਾਮ, ਬਿੱਟਾ ਰਾਣਾ, ਹਰਮਨ ਮਾਣੇਵਾਲ, ਜਸਵਿੰਦਰ ਸਿਆਣ ਅਤੇ ਸੇਠੀ ਉਧਨੋਵਾਲ ਆਦਿ ਪਤਵੰਤੇ ਵੀ ਮੌਜੂਦ ਸਨ।