ਪੱਕੇ ਹੋਏ ਅਧਿਆਪਕਾਂ ਵੱਲੋਂ ਵਿਧਾਇਕ ਨਾਲ ਮੁਲਾਕਾਤ
ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 1 ਅਗਸਤ
ਵਿਧਾਇਕ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਨਵੀਂ ਕ੍ਰਾਂਤੀ ਲਿਆਉਣ ਲਈ ਅਣਥੱਕ ਮਿਹਨਤ ਕੀਤੀ ਜਾ ਰਹੀ ਹੈ। ਹਾਲ ਹੀ ਵਿੱਚ ਸਰਕਾਰ ਵੱਲੋਂ ਸਿੱਖਿਆ ਵਿਭਾਗ ਵਿੱਚ ਕੰਮ ਕਰ ਰਹੇ 12 ਹਜ਼ਾਰ 710 ਠੇਕਾ ਆਧਾਰਿਤ ਅਧਿਆਪਕਾਂ ਨੂੰ ਪੱਕੇ ਨਿਯੁਕਤੀ ਪੱਤਰ ਸੌਂਪੇ ਗਏ ਹਨ। ਵਿਧਾਇਕ ਭਰਾਜ ਨੇ ਸੰਗਰੂਰ ਬਲਾਕ-1 ਤੇ ਬਲਾਕ-2 ਦੇ ਕੁਝ ਪੱਕੇ ਹੋਏ ਅਧਿਆਪਕਾਂ ਨੂੰ ਮੁਬਾਰਕਬਾਦ ਦਿੱਤਾ। ਇਸ ਮੌਕੇ ਵਿਧਾਇਕ ਨਾਲ ਮੁਲਾਕਾਤ ਲਈ ਪੁੱਜੇ ਅਧਿਆਪਕਾਂ ਨੂੰ ਉਨ੍ਹਾਂ ਨੇ ਹੋਰ ਵੀ ਤਨਦੇਹੀ ਨਾਲ ਸੇਵਾਵਾਂ ਨਿਭਾਉਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਸਿੱਖਿਆ ਦੇ ਖੇਤਰ ਵਿੱਚ ਮੋਹਰੀ ਬਣਾਉਣ ਲਈ ਅਧਿਆਪਕ ਵੱਡੀ ਭੂਮਿਕਾ ਨਿਭਾਅ ਸਕਦੇ ਹਨ। ਵਿਧਾਇਕ ਨੇ ਦੱਸਿਆ ਕਿ ਹਲਕਾ ਸੰਗਰੂਰ ਤੋਂ ਕਰੀਬ 120 ਅਧਿਆਪਕਾਂ ਨੂੰ ਸਰਕਾਰ ਵੱਲੋਂ ਪੱਕਾ ਕੀਤਾ ਗਿਆ ਹੈ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ਼ਵਿਰਾਜ ਕਪੂਰ, ਬੀਪੀਈਓ ਸੰਗਰੂਰ-1 ਗੁਰਮੀਤ ਸਿੰਘ, ਏਪੀਸੀ ਜਨਰਲ ਗੀਤਿਕਾ ਵੀ ਹਾਜ਼ਰ ਸਨ।