ਆਵਾਰਾ ਕੁੱਤੇ ਨੇ ਚਾਰ ਸਾਲਾ ਬੱਚੇ ਨੂੰ ਵੱਢਿਆ
ਹਰਜੀਤ ਸਿੰਘ
ਡੇਰਾਬੱਸੀ, 29 ਨਵੰਬਰ
ਇੱਥੇ ਵਿਧਾਇਕ ਦੇ ਦਫ਼ਤਰ ਨੇੜੇ ਸਥਿਤ ਐਸਬੀਪੀ ਹਾਊਸਿੰਗ ਪਾਰਕ ਸੁਸਾਇਟੀ ਵਿੱਚ ਆਵਾਰਾ ਕੁੱਤੇ ਲਗਾਤਾਰ ਬੱਚਿਆਂ ਨੂੰ ਵੱਢ ਰਹੇ ਹਨ। ਬੀਤੇ ਦਿਨ ਵੀ ਸੁਸਾਇਟੀ ਵਿੱਚ ਚਾਰ ਸਾਲ ਦੇ ਬੱਚੇ ਨੂੰ ਕੁੱਤੇ ਨੇ ਵੱਢ ਕੇ ਜ਼ਖ਼ਮੀ ਕਰ ਦਿੱਤਾ। ਸੁਸਾਇਟੀ ਵਿੱਚ ਘੁੰਮਦੇ ਦਰਜਨਾਂ ਕੁੱਤਿਆਂ ਕਾਰਨ ਲੋਕ ਸਹਿਮੇ ਰਹਿੰਦੇ ਹਨ। ਕੁੱਤਿਆਂ ਦੇ ਡਰ ਤੋਂ ਲੋਕ ਆਪਣੇ ਬੱਚਿਆਂ ਨੂੰ ਫਲੈਟਾਂ ਵਿੱਚੋਂ ਬਾਹਰ ਨਹੀਂ ਨਿਕਲਣ ਦੇ ਰਹੇ।
ਉਨ੍ਹਾਂ ਦੱਸਿਆ ਕਿ ਆਵਾਰਾ ਕੁੱਤੇ ਨੇ ਚਾਰ ਸਾਲਾ ਆਯੰਸ਼ ਦੇ ਮੂੰਹ ’ਤੇ ਵੱਢ ਕੇ ਜ਼ਖ਼ਮੀ ਕਰ ਦਿੱਤਾ, ਬੱਚੇ ਦਾ ਇਲਾਜ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਆਵਾਰਾ ਕੁੱਤੇ ਹੁਣ ਤੱਕ ਦਸ ਦੇ ਕਰੀਬ ਬੱਚਿਆਂ ਨੂੰ ਵੱਢ ਚੁੱਕੇ ਹਨ। ਸੁਸਾਇਟੀ ਵਾਸੀਆਂ ਨੇ ਰੋਸ ਪ੍ਰਗਟ ਕਰਦਿਆਂ ਦੱਸਿਆ ਕਿ ਇਸ ਮਾਮਲੇ ’ਤੇ ਉਹ ਡੀਸੀ ਮੁਹਾਲੀ, ਨਗਰ ਕੌਂਸਲ ਦਫ਼ਤਰ, ਐੱਸਡੀਐੱਮ ਅਤੇ ਪੁਲੀਸ ਨੂੰ ਵੀ ਸ਼ਿਕਾਇਤ ਦੇ ਚੁੱਕੇ ਹਨ ਪਰ ਕੋਈ ਸੁਣਵਾਈ ਨਹੀਂ ਹੋ ਰਹੀ। ਉਨ੍ਹਾਂ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਸੁਸਾਇਟੀ ਵਿੱਚ ਹੀ ਰਹਿੰਦਾ ਇੱਕ ਵਿਅਕਤੀ ਆਵਾਰਾ ਕੁੱਤਿਆਂ ਨੂੰ ਖਾਣ ਲਈ ਪਾਉਂਦਾ ਹੈ ਜਿਸ ਕਾਰਨ ਇੱਥੇ ਆਵਾਰਾ ਕੁੱਤੇ ਇਕੱਠੇ ਹੁੰਦੇ ਹਨ ਤੇ ਕਲੋਨੀ ਵਾਸੀਆਂ ਨੂੰ ਵੱਢਦੇ ਹਨ।
ਸੁਸਾਇਟੀ ਵਸਨੀਕਾਂ ਨੇ ਦੱਸਿਆ ਕਿ ਜਿਹੜਾ ਵਿਅਕਤੀ ਇਨ੍ਹਾਂ ਕੁੱਤਿਆ ਨੂੰ ਖਾਣਾ-ਪੀਣਾ ਦਿੰਦਾ ਹੈ, ਉਸ ਨੂੰ ਕਈ ਵਾਰ ਰੋਕ ਚੁੱਕੇ ਹਨ ਪਰ ਉਹ ਬਾਜ਼ ਨਹੀਂ ਆ ਰਿਹਾ। ਹੁਣ ਸੁਸਾਇਟੀ ਵਸਨੀਕਾਂ ਵੱਲੋਂ ਉਸ ਦੀ ਸ਼ਿਕਾਇਤ ਮੁੱਖ ਮੰਤਰੀ, ਡੀਸੀ ਅਤੇ ਏਐਸਪੀ ਨੂੰ ਕੀਤੀ ਹੈ। ਸੁਸਾਇਟੀ ਵਸਨੀਕਾਂ ਨੇ ਆਵਾਰਾ ਕੁੱਤਿਆਂ ਤੋਂ ਛੁਟਕਾਰਾ ਦਿਵਾਉਣ ਦੀ ਮੰਗ ਕੀਤੀ ਹੈ।