ਚੰਡੀਗੜ੍ਹ ਵਿੱਚ ਕੌਮੀ ਲੋਕ ਅਦਾਲਤ 10 ਨੂੰ
ਚੰਡੀਗੜ੍ਹ: ਰਾਜ ਕਾਨੂੰਨੀ ਸੇਵਾ ਅਥਾਰਟੀ ਚੰਡੀਗੜ੍ਹ ਤੇ ਜ਼ਿਲ੍ਹਾ ਕਾਨੂੰਨੀ ਸੇਵਾ ਅਥਾਰਟੀ ਵੱਲੋਂ 10 ਮਈ ਨੂੰ ਚੰਡੀਗੜ੍ਹ ਦੇ ਸੈਕਟਰ-43 ਵਿਖੇ ਸਥਿਤ ਜ਼ਿਲ੍ਹਾ ਅਦਾਲਤ ਤੇ ਹੋਰਨਾਂ ਟ੍ਰਿਬਿਊਨਾਂ ਵਿਖੇ ਕੌਮੀ ਲੋਕ ਅਦਾਲਤ ਲਗਾਈ ਜਾਵੇਗੀ। ਕੌਮੀ ਲੋਕ ਅਦਾਲਤ ਵਿੱਚ ਵਿਆਹ ਸਬੰਧੀ ਵਿਵਾਦ, ਪਰਿਵਾਰਿਕ ਵਿਵਾਦ, ਖਪਤਕਾਰ ਸੁਰੱਖਿਆ ਮਾਮਲੇ, ਚੈੱਕ ਬਾਊਂਸ ਨਾਲ ਸਬੰਧਤ ਮਾਮਲੇ, ਸੜਕ ਹਾਦਸੇ ਦੇ ਦਾਅਵੇ ਦੇ ਮਾਮਲੇ, ਜਨਤਕ ਖਪਤਕਾਰ ਸੇਵਾਵਾਂ ਜਿਵੇਂ ਕਿ ਬਿਜਲੀ ਅਤੇ ਪਾਣੀ ਦੇ ਬਿੱਲਾਂ ਨਾਲ ਸਬੰਧਤ ਵਿਵਾਦ, ਕਿਰਾਏ ਦੇ ਮਾਮਲੇ ਅਤੇ ਹੋਰ ਸਿਵਲ ਕੇਸ ’ਤੇ ਸੁਣਵਾਈ ਕੀਤੀ ਜਾਵੇਗੀ। ਜ਼ਿਲ੍ਹਾ ਕਾਨੂੰਨੀ ਸੇਵਾ ਅਥਾਰਿਟੀ ਦੇ ਅਧਿਕਾਰੀਆਂ ਨੇ ਕਿਹਾ ਕਿ ਕੌਮੀ ਲੋਕ ਅਦਾਲਤ ਵਿੱਚ ਕੋਈ ਵੀ ਵਿਅਕਤੀ ਅਦਾਲਤੀ ਤੇ ਪ੍ਰੀ-ਲਿਟੀਗੇਟਿਵ ਪੜਾਅ ’ਤੇ ਆਏ ਰਾਜ਼ੀਨਾਮਾ ਹੋਣ ਯੋਗ ਕੇਸਾਂ ਦਾ ਆਪਸੀ ਸਹਿਮਤੀ ਨਾਲ ਨਿਪਟਾਰਾ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਨੂੰ ਕੌਮੀ ਲੋਕ ਅਦਾਲਤ ਵਿੱਚ ਕੇਸ ਲਗਾਉਣ ਵਿੱਚ ਦਿੱਕਤ ਆਉਂਦੀ ਹੈ ਤਾਂ ਉਹ ਜ਼ਿਲ੍ਹਾ ਕਾਨੂੰਨੀ ਸੇਵਾ ਅਥਾਰਟੀ ਦੇ ਦਫ਼ਤਰ ਵਿੱਚ ਸੰਪਰਕ ਕਰ ਸਕਦਾ ਹੈ। -ਟ੍ਰਿਬਿਊਨ ਨਿਊਜ਼ ਸਰਵਿਸ