ਹਸਪਤਾਲ ਵਿੱਚ ਅੱਗ ਲੱਗੀ; 20 ਨਵਜੰਮੇ ਬੱਚੇ ਸੁਰੱਖਿਅਤ ਕੱਢੇ
ਪੱਤਰ ਪ੍ਰੇਰਕ
ਨਵੀਂ ਦਿੱਲੀ, 9 ਜੂਨ
ਪੱਛਮੀ ਦਿੱਲੀ ਵਿੱਚ ਜਨਕਪੁਰੀ ਇਲਾਕੇ ਦੇ ਇੱਕ ਹਸਪਤਾਲ ਵਿੱਚ ਵੀਰਵਾਰ ਦੇਰ ਰਾਤ ਅੱਗ ਲੱਗ ਗਈ, ਜਿਸ ਤੋਂ ਬਾਅਦ 20 ਨਵਜੰਮੇ ਬੱਚਿਆਂ ਨੂੰ ਹੋਰ ਮੈਡੀਕਲ ਅਦਾਰਿਆਂ ਵਿੱਚ ਭੇਜਿਆ ਗਿਆ। ਦਿੱਲੀ ਫਾਇਰ ਸਰਵਿਸਿਜ਼ ਦੇ ਮੁਖੀ ਅਤੁਲ ਗਰਗ ਨੇ ਦੱਸਿਆ ਕਿ ਵੈਸ਼ਾਲੀ ਕਲੋਨੀ ਸਥਿਤ ਨਿਊ ਬੋਰਨ ਚਾਈਲਡ ਹਸਪਤਾਲ ਵਿੱਚ ਅੱਗ ਲੱਗਣ ਬਾਰੇ ਫਾਇਰ ਕੰਟਰੋਲ ਰੂਮ ਨੂੰ ਕਾਲ ਆਈ। ਇਸ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ 9 ਗੱਡੀਆਂ ਮੌਕੇ ‘ਤੇ ਪਹੁੰਚੀਆਂ। ਇਸ ਘਟਨਾ ਵਿੱਚ 20 ਨਵਜੰਮੇ ਬੱਚਿਆਂ ਨੂੰ ਬਚਾਇਆ ਗਿਆ ਅਤੇ ਨੇੜਲੇ ਹਸਪਤਾਲਾਂ ‘ਚ ਭੇਜ ਦਿੱਤਾ। ਗਰਗ ਨੇ ਕਿਹਾ ਕਿ 13 ਨਵਜੰਮੇ ਬੱਚਿਆਂ ਨੂੰ ਜਨਕਪੁਰੀ ਦੇ ਆਰੀਆ ਹਸਪਤਾਲ, ਦੋ ਨੂੰ ਦਵਾਰਕਾ ਮੋੜ ਨਿਊ ਬੋਰਨ ਚਾਈਲਡ ਹਸਪਤਾਲ, ਦੋ ਨੂੰ ਜਨਕਪੁਰੀ ਦੇ ਜੇਕੇ ਹਸਪਤਾਲ ਅਤੇ ਤਿੰਨ ਬੱਚਿਆਂ ਨੂੰ ਛੁੱਟੀ ਦੇ ਕੇ ਘਰ ਭੇਜਿਆ ਗਿਆ। ਗਰਗ ਨੇ ਅੱਗੇ ਦੱਸਿਆ ਕਿ ਅੱਗ ਇਮਾਰਤ ਦੀ ਬੇਸਮੈਂਟ ਵਿੱਚ ਲੱਗੀ ਸੀ। ਦਿੱਲੀ ਫਾਇਰ ਸਰਵਿਸ ਦੇ ਡਾਇਰੈਕਟਰ ਅਤੁੱਲ ਗਰਗ ਨੇ ਦੱਸਿਆ ਕਿ ਮਾਮਲਾ ਦਰਜ ਕਰ ਕੇ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।